Breaking News
Home / ਭਾਰਤ / ਸੁਪਰਟੈੱਕ ਟਵਿਨ ਟਾਵਰ ਢਹਿ-ਢੇਰੀ

ਸੁਪਰਟੈੱਕ ਟਵਿਨ ਟਾਵਰ ਢਹਿ-ਢੇਰੀ

ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਹੋਈ ਕਾਰਵਾਈ
ਨੋਇਡਾ/ਬਿਊਰੋ ਨਿਊਜ਼ : ਸੁਪਰਟੈੱਕ ਕੰਪਨੀ ਦੇ ਗੈਰਕਾਨੂੰਨੀ ਢੰਗ ਨਾਲ ਬਣੇ ਕੁਤਬ ਮੀਨਾਰ (73 ਮੀਟਰ) ਤੋਂ ਉੱਚੇ ਦੋ ਟਾਵਰਾਂ (100 ਮੀਟਰ) ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮਗਰੋਂ ਧਮਾਕੇ ਕਰਕੇ ਢਹਿ-ਢੇਰੀ ਕਰ ਦਿੱਤਾ ਗਿਆ। ਰੈਜ਼ੀਡੈਂਟਸ ਐਸੋਸੀਏਸ਼ਨ ਵੱਲੋਂ ਇਨ੍ਹਾਂ ਟਾਵਰਾਂ ਦੀ ਉਸਾਰੀ ਖਿਲਾਫ ਅਦਾਲਤ ‘ਚ ਜਾਣ ਦੇ ਨੌਂ ਸਾਲਾਂ ਮਗਰੋਂ ਐਤਵਾਰ ਨੂੰ ਇਹ 12 ਸਕਿੰਟਾਂ ‘ਚ ਹੀ ਤਾਸ਼ ਦੇ ਪੱਤਿਆਂ ਵਾਂਗ ਮਿੱਟੀ ‘ਚ ਮਿਲ ਗਏ। ਨੋਇਡਾ ਦੇ ਸੈਕਟਰ 93 ਏ ਦੇ ਦੋ ਟਾਵਰਾਂ ਅਪੈਕਸ (32 ਮੰਜ਼ਿਲਾਂ) ਅਤੇ ਸਿਯਾਨ (29 ਮੰਜ਼ਿਲਾਂ) ਨੂੰ ‘ਵਾਟਰਫਾਲ ਇੰਪਲੋਜ਼ਨ’ ਤਕਨੀਕ ਦੀ ਸਹਾਇਤਾ ਨਾਲ ਡੇਗਿਆ ਗਿਆ ਅਤੇ ਇਸ ‘ਚ 3700 ਕਿਲੋ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ। ਟਵਿਨ ਟਾਵਰ ਦੇਸ਼ ‘ਚ ਹੁਣ ਤੱਕ ਢਾਹੇ ਗਏ ਸਭ ਤੋਂ ਉੱਚੇ ਢਾਂਚੇ ਸਨ। ਜਿਵੇਂ ਹੀ ਇਮਾਰਤਾਂ ਮਲਬੇ ‘ਚ ਤਬਦੀਲ ਹੋਈਆਂ ਤਾਂ ਚਾਰੇ ਪਾਸੇ ਧੂੜ ਦਾ ਗੁਬਾਰ ਫੈਲ ਗਿਆ। ਇਨ੍ਹਾਂ ਟਾਵਰਾਂ ਨੇੜਲੀਆਂ ਐਮਰਾਲਡ ਕੋਰਟ ਅਤੇ ਏਟੀਐੱਸ ਵਿਲੇਜ ਸੁਸਾਇਟੀਆਂ ਦੇ ਕਰੀਬ 5 ਹਜ਼ਾਰ ਵਿਅਕਤੀਆਂ ਨੇ ਧਮਾਕੇ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਘਰ ਖਾਲੀ ਕਰ ਦਿੱਤੇ ਸਨ। ਕਰੀਬ ਤਿੰਨ ਹਜ਼ਾਰ ਵਾਹਨਾਂ ਅਤੇ 150 ਤੋਂ ਜ਼ਿਆਦਾ ਪਾਲਤੂ ਜਾਨਵਰਾਂ ਨੂੰ ਵੀ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਧੂੜ ‘ਤੇ ਪਾਣੀ ਦਾ ਛਿੜਕਾਅ ਕਰਨ ਲਈ ਐਂਟੀ ਸਮੌਗ ਗੰਨਾਂ (ਪਾਣੀ ਦਾ ਛਿੜਕਾਅ ਕਰਨ ਵਾਲੇ ਉਪਕਰਣ) ਦੀ ਵਰਤੋਂ ਕੀਤੀ ਗਈ। ਅਧਿਕਾਰੀਆਂ ਮੁਤਾਬਕ ਟਵਿਨ ਟਾਵਰ ਡੇਗਣ ਮਗਰੋਂ ਇਸ ਤੋਂ ਨਿਕਲਣ ਵਾਲੇ 55 ਤੋਂ 80 ਹਜ਼ਾਰ ਟਨ ਮਲਬੇ ਨੂੰ ਹਟਾਉਣ ‘ਚ ਕਰੀਬ ਤਿੰਨ ਮਹੀਨਿਆਂ ਦਾ ਸਮਾਂ ਲੱਗੇਗਾ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਨੂੰ ਬਹਾਲ ਰਖਦਿਆਂ 31 ਅਗਸਤ, 2021 ਨੂੰ ਇਹ ਟਾਵਰ ਢਾਹੁਣ ਦੇ ਹੁਕਮ ਦਿੱਤੇ ਸਨ। ਸਿਖਰਲੀ ਅਦਾਲਤ ਨੇ ਕਿਹਾ ਸੀ ਕਿ ਨੋਇਡਾ ਜ਼ਿਲ੍ਹੇ ਅਧਿਕਾਰੀਆਂ ਦੀ ਗੰਢ-ਤੁੱਪ ਨਾਲ ਭਵਨ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਗ਼ੈਰਕਾਨੂੰਨੀ ਉਸਾਰੀ ਨਾਲ ਸਖ਼ਤੀ ਨਾਲ ਸਿੱਝਣ ਦੀ ਲੋੜ ਹੈ ਤਾਂ ਜੋ ਕਾਨੂੰਨ ਦੇ ਨੇਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਨੋਇਡਾ ਅਥਾਰਿਟੀ, ਜਿਸ ਨੇ ਇਮਾਰਤ ਦੇ ਨਕਸ਼ਿਆਂ ਨੂੰ ਪ੍ਰਵਾਨਗੀ ਦਿੱਤੀ ਸੀ, ਨੇ ਟਾਵਰ ਢਾਹੁਣ ਦੇ ਅਮਲ ‘ਤੇ ਨਿਗਰਾਨੀ ਰੱਖੀ। ਇਨ੍ਹਾਂ ਟਾਵਰਾਂ ਦੀਆਂ 40 ਮੰਜ਼ਿਲਾਂ ਬਣਨੀਆਂ ਸਨ ਜਿਸ ‘ਚ 21 ਦੁਕਾਨਾਂ ਅਤੇ 915 ਅਪਾਰਟਮੈਂਟ ਹੋਣੇ ਸਨ। ਸਿਖਰਲੀ ਅਦਾਲਤ ਨੇ ਹੁਕਮ ਦਿੱਤੇ ਸਨ ਕਿ ਸੁਪਰਟੈੱਕ ਇਨ੍ਹਾਂ ਟਾਵਰਾਂ ਨੂੰ ਡੇਗਣ ‘ਚ ਆਉਣ ਵਾਲੇ ਕਰੀਬ 20 ਕਰੋੜ ਰੁਪਏ ਖ਼ਰਚੇ ਦੀ ਅਦਾਇਗੀ ਕਰੇਗੀ। ਟਵਿਨ ਟਾਵਰਾਂ ਨੂੰ ਢਾਹੁਣ ਵਾਲੀ ਕੰਪਨੀ ਐਡੀਫਿਸ ਇੰਜਨੀਅਰਿੰਗ ਨੇ ਦੱਖਣੀ ਅਫ਼ਰੀਕੀ ਕੰਪਨੀ ਜੈੱਟ ਡੈਮੋਲਿਸ਼ਨ ਨਾਲ ਮਿਲ ਕੇ ਪਹਿਲਾਂ 2020 ‘ਚ ਕੋਚੀ (ਕੇਰਲਾ) ਸਥਿਤ ਮਰਾਡੂ ਕੰਪਲੈਕਸ ਨੂੰ ਢਾਹਿਆ ਸੀ ਜਿਸ ‘ਚ 18 ਤੋਂ 20 ਮੰਜ਼ਿਲ ਵਾਲੇ ਚਾਰ ਰਿਹਾਇਸ਼ੀ ਭਵਨ ਸਨ। ਸਾਲ 2019 ‘ਚ ਜੈੱਟ ਡੈਮੋਲਿਸ਼ਨ ਨੇ ਜੋਹੈੱਨਸਬਰਗ (ਦੱਖਣੀ ਅਫ਼ਰੀਕਾ) ‘ਚ ਬੈਂਕ ਆਫ਼ ਲਿਸਬਨ ਦੀ 108 ਮੀਟਰ ਉੱਚੀ ਇਮਾਰਤ ਨੂੰ ਢਾਹਿਆ ਸੀ।

Check Also

ਚੰਡੀਗੜ੍ਹ ਦੇ ਨਵੇਂ ਡੀਸੀ ਲਈ ਹਰਿਆਣਾ ਸਰਕਾਰ ਤੋਂ ਮੰਗਿਆ ਪੈਨਲ

ਲੋਕ ਸਭਾ ਚੋਣਾਂ ਤੋਂ ਬਾਅਦ ਅਫ਼ਸਰਸ਼ਾਹੀ ’ਚ ਹੋਵੇਗਾ ਬਦਲਾਅ, ਕਈ ਅਧਿਕਾਰੀਆਂ ਦਾ ਕਾਰਜਕਾਲ ਹੋ ਰਿਹਾ …