Breaking News
Home / ਭਾਰਤ / ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ 17 ਅਕਤੂਬਰ ਨੂੰ

ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ 17 ਅਕਤੂਬਰ ਨੂੰ

ਪਾਰਟੀ ਪ੍ਰਧਾਨ ਲਈ ਨਾਮਜ਼ਦਗੀਆਂ ਦਾ ਦੌਰ 24 ਸਤੰਬਰ ਤੋਂ ਹੋਵੇਗਾ ਸ਼ੁਰੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਨੇ ਕਿਆਸਰਾਈਆਂ ਦਾ ਅੰਤ ਕਰਦਿਆਂ 17 ਅਕਤੂਬਰ ਨੂੰ ਪਾਰਟੀ ਪ੍ਰਧਾਨ ਦੀ ਚੋਣ ਕਰਾਉਣ ਦਾ ਐਲਾਨ ਕੀਤਾ ਹੈ। ਪ੍ਰਧਾਨ ਦੀ ਚੋਣ ਜਿੱਤਣ ਵਾਲੇ ਬਾਰੇ ਐਲਾਨ ਦੋ ਦਿਨ ਬਾਅਦ ਕੀਤਾ ਜਾਵੇਗਾ। ਕਾਂਗਰਸ ਨੇ ਨਾਲ ਹੀ ਕਿਹਾ ਕਿ ਉਹ ਮੁਲਕ ਵਿਚ ਅਜਿਹੀ ਇਕੱਲੀ ਪਾਰਟੀ ਹੈ ਜੋ ਇਸ ਤਰ੍ਹਾਂ ਦੀ ਲੋਕਤੰਤਰਿਕ ਪ੍ਰਕਿਰਿਆ ਦਾ ਪਾਲਣ ਕਰਦੀ ਹੈ।
ਪਾਰਟੀ ਨੇ ਆਖ਼ਰੀ ਵਾਰ ਪ੍ਰਧਾਨ ਦੇ ਅਹੁਦੇ ਲਈ ਚੋਣ ਨਵੰਬਰ, 2000 ਵਿਚ ਕਰਵਾਈ ਸੀ। ਜ਼ਿਕਰਯੋਗ ਹੈ ਕਿ ਭਾਜਪਾ ਵੰਸ਼ਵਾਦ ਦੀ ਰਾਜਨੀਤੀ ਦੇ ਮੁੱਦੇ ‘ਤੇ ਕਾਂਗਰਸ ਨੂੰ ਵਾਰ-ਵਾਰ ਘੇਰਦੀ ਰਹੀ ਹੈ। ਸੱਤਾਧਾਰੀ ਪਾਰਟੀ ਨੇ ਇਹ ਵੀ ਆਰੋਪ ਲਾਇਆ ਹੈ ਕਿ ਪਾਰਟੀ ਦੇ ਮਾਮਲਿਆਂ ‘ਚ ਗਾਂਧੀ ਪਰਿਵਾਰ ਦਾ ਦਖ਼ਲ ਹੈ। ਸੋਨੀਆ ਗਾਂਧੀ ਪਾਰਟੀ ਦੇ ਸਭ ਤੋਂ ਲੰਮਾ ਸਮਾਂ ਪ੍ਰਧਾਨ ਰਹੇ ਹਨ ਤੇ 2017-19 ਦੇ ਸਮੇਂ ਨੂੰ ਛੱਡ ਕੇ 1998 ਤੋਂ ਇਸ ਅਹੁਦੇ ਉਤੇ ਹਨ।
ਇਨ੍ਹਾਂ ਦੋ ਸਾਲਾਂ ਦੌਰਾਨ ਪਾਰਟੀ ਦੀ ਕਮਾਨ ਰਾਹੁਲ ਗਾਂਧੀ ਨੂੰ ਸੌਂਪੀ ਗਈ ਸੀ। ਚੋਣ ਤਰੀਕਾਂ ਬਾਰੇ ਫ਼ੈਸਲਾ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਲਿਆ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੀਨੀਅਰ ਪਾਰਟੀ ਆਗੂ ਗੁਲਾਮ ਨਬੀ ਆਜ਼ਾਦ ਵੱਲੋਂ ਦਿੱਤੇ ਅਸਤੀਫੇ ਕਾਰਨ ਪਾਰਟੀ ਅੰਦਰ ਹਲਚਲ ਵੀ ਹੈ ਕਿਉਂਕਿ ਉਨ੍ਹਾਂ ਆਪਣੇ ਅਸਤੀਫੇ ਵਿਚ ਰਾਹੁਲ ਗਾਂਧੀ ‘ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਆਜ਼ਾਦ ਉਨ੍ਹਾਂ 23 ਆਗੂਆਂ ਦਾ ਵੀ ਹਿੱਸਾ ਸਨ ਜਿਨ੍ਹਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ 2020 ਵਿਚ ਵਿਆਪਕ ਜਥੇਬੰਦਕ ਸੁਧਾਰਾਂ ਲਈ ਪੱਤਰ ਲਿਖਿਆ ਸੀ। ਉਨ੍ਹਾਂ ਉਸ ਵੇਲੇ ਚੋਣਾਂ ਕਰਾਉਣ ਲਈ ਵੀ ਕਿਹਾ ਸੀ। ਸੀਡਬਲਿਊਸੀ ਦੀ ਮੀਟਿੰਗ ਆਨਲਾਈਨ ਹੋਈ। ਇਸ ਦੀ ਅਗਵਾਈ ਸੋਨੀਆ ਗਾਂਧੀ ਨੇ ਕੀਤੀ ਜੋ ਕਿ ਮੈਡੀਕਲ ਜਾਂਚ ਲਈ ਵਿਦੇਸ਼ ‘ਚ ਹਨ। ਇਸ ਮੌਕੇ ਸੋਨੀਆ ਦੇ ਨਾਲ ਰਾਹੁਲ ਤੇ ਪ੍ਰਿਯੰਕਾ ਗਾਂਧੀ ਵੀ ਸਨ। ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਆਜ਼ਾਦ ਦੇ ਅਸਤੀਫ਼ੇ ਅਤੇ ਚੋਣ ਲਈ ਰਾਹੁਲ ਦੇ ਉਮੀਦਵਾਰ ਬਣਨ ਬਾਰੇ ਕੋਈ ਜ਼ਿਕਰ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਪਿਛਲੇ ਕੁਝ ਸਮੇਂ ਤੋਂ ਅਸ਼ੋਕ ਗਹਿਲੋਤ ਦਾ ਨਾਂ ਵੀ ਚਰਚਾ ਵਿਚ ਰਿਹਾ ਹੈ। ਪਾਰਟੀ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਚੋਣ ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ ਤੇ ਨਾਮਜ਼ਦਗੀਆਂ ਦਾ ਦੌਰ 24 ਸਤੰਬਰ ਨੂੰ ਸ਼ੁਰੂ ਹੋਵੇਗਾ।
ਨਾਮਜ਼ਦਗੀਆਂ 30 ਸਤੰਬਰ ਤੱਕ ਦਿੱਤੀਆਂ ਜਾ ਸਕਣਗੀਆਂ। ਨਾਮਜ਼ਦਗੀਆਂ ਦੀ ਪੜਤਾਲ ਪਹਿਲੀ ਅਕਤੂਬਰ ਨੂੰ ਹੋਵੇਗੀ। ਅੱਠ ਅਕਤੂਬਰ ਤੱਕ ਇਹ ਵਾਪਸ ਲਈਆਂ ਜਾ ਸਕਣਗੀਆਂ। ਇਕ ਤੋਂ ਵੱਧ ਉਮੀਦਵਾਰ ਹੋਣ ਦੀ ਸੂਰਤ ਵਿਚ ਚੋਣ 17 ਅਕਤੂਬਰ ਨੂੰ ਕਰਵਾਈ ਜਾਵੇਗੀ। ਜਦਕਿ ਜੇ ਲੋੜ ਪੈਂਦੀ ਹੈ ਤਾਂ ਵੋਟਾਂ ਦੀ ਗਿਣਤੀ ਤੇ ਨਤੀਜੇ ਦਾ ਐਲਾਨ 19 ਅਕਤੂਬਰ ਨੂੰ ਕੀਤੇ ਜਾਣਗੇ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘ਕਾਂਗਰਸ ਇਕੋ-ਇਕ ਪਾਰਟੀ ਹੈ ਜਿਸ ਵਿਚ ਵੱਖ-ਵੱਖ ਪੱਧਰਾਂ ਉਤੇ ਚੋਣਾਂ ਹੋਈਆਂ ਹਨ ਤੇ ਖਾਸ ਕਰਕੇ ਪ੍ਰਧਾਨ ਦੇ ਅਹੁਦੇ ਲਈ ਚੋਣ ਵੀ ਹੋਈ ਹੈ, ਇਹ ਹੁਣ ਵੀ ਹੋਵੇਗੀ ਤੇ ਅੱਗੇ ਵੀ ਹੁੰਦੀ ਰਹੇਗੀ।’

ਜੀ-23 ਦੇ ਆਗੂਆਂ ਵੱਲੋਂ ਆਜ਼ਾਦ ਨਾਲ ਮੁਲਾਕਾਤ
ਥਰੂਰ ਦੇ ਕਾਂਗਰਸ ਦੀ ਪ੍ਰਧਾਨਗੀ ਲਈ ਚੋਣ ਲੜਨ ਦੇ ਚਰਚੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਸ਼ਸ਼ੀ ਥਰੂਰ ਵੱਲੋਂ ਕਾਂਗਰਸ ਦੀ ਪ੍ਰਧਾਨਗੀ ਲਈ ਚੋਣ ਲੜਨ ਦੇ ਚਰਚਿਆਂ ਦਰਮਿਆਨ ਸੀਨੀਅਰ ਕਾਂਗਰਸ ਆਗੂਆਂ ਤੇ ਜੀ-23 ਸਮੂਹ ਦੇ ਮੈਂਬਰਾਂ ਭੁਪਿੰਦਰ ਸਿੰਘ ਹੁੱਡਾ, ਆਨੰਦ ਸ਼ਰਮਾ ਤੇ ਪ੍ਰਿਥਵੀਰਾਜ ਚਵਾਨ ਨੇ ਇਥੇ ਗੁਲਾਮ ਨਬੀ ਆਜ਼ਾਦ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਆਜ਼ਾਦ ਨੇ ਕਾਂਗਰਸ ਦੇ ਨਿਘਾਰ ਲਈ ਰਾਹੁਲ ਗਾਂਧੀ ਸਣੇ ਹੋਰ ਲੀਡਰਸ਼ਿਪ ਸਿਰ ਆਰੋਪ ਮੜ੍ਹਦਿਆਂ ਪਿਛਲੇ ਦਿਨੀਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਆਜ਼ਾਦ ਦੀ ਰਿਹਾਇਸ਼ ‘ਤੇ ਜੁੜੇ ਸ਼ਰਮਾ, ਹੁੱਡਾ ਤੇ ਚਵਾਨ ਨੇ ਜੀ-23 ਦੀ ਭਵਿੱਖੀ ਰਣਨੀਤੀ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਸੂਤਰਾਂ ਮੁਤਾਬਕ ਸ਼ਸ਼ੀ ਥਰੂਰ, ਜੋ ਜੀ-23 ਦੇ ਮੈਂਬਰ ਵੀ ਹਨ, ਵੱਲੋਂ ਪਾਰਟੀ ਪ੍ਰਧਾਨ ਦੀ ਚੋਣ ਲਈ ਮੈਦਾਨ ਵਿੱਚ ਨਿੱਤਰਨ ਸਬੰਧੀ ਰਿਪੋਰਟਾਂ ਦੇ ਹਵਾਲੇ ਨਾਲ, ਕਾਂਗਰਸੀ ਆਗੂਆਂ ਨੇ ਜਥੇਬੰਦਕ ਚੋਣਾਂ ਬਾਰੇ ਇਕ ਦੂਜੇ ਦੇ ਵਿਚਾਰ ਜਾਣੇ। ਚੇਤੇ ਰਹੇ ਕਿ ਜੀ-23 ਵਿੱਚ ਸ਼ਾਮਲ ਆਗੂਆਂ ਨੇ ਅਗਸਤ 2020 ਵਿੱਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮੁਕੰਮਲ ਰੂਪ ਵਿੱਚ ਬਦਲਣ ਤੇ ਪਾਰਟੀ ਵਿੱਚ ਸਾਰੇ ਪੱਧਰਾਂ ‘ਤੇ ਚੋਣ ਕਰਵਾਉਣ ਦੀ ਮੰਗ ਕੀਤੀ ਸੀ। ਜੀ-23 ਨੇ ਪਾਰਟੀ ਲੀਡਰਸ਼ਿਪ ਵੱਲੋਂ ਲਏ ਕੁਝ ਫੈਸਲਿਆਂ ਦੀ ਵੀ ਨੁਕਤਾਚੀਨੀ ਕੀਤੀ ਸੀ। ਆਜ਼ਾਦ ਦੀ ਰਿਹਾਇਸ਼ ‘ਤੇ ਇਹ ਮੀਟਿੰਗ ਅਜਿਹੇ ਮੌਕੇ ਹੋਈ ਹੈ ਜਦੋਂ ਉਨ੍ਹਾਂ ਇਹ ਐਲਾਨ ਕੀਤਾ ਹੈ ਕਿ ਅਗਾਮੀ ਚੋਣਾਂ ਤੋਂ ਪਹਿਲਾਂ ਉਹ ਜੰਮੂ ਕਸ਼ਮੀਰ ਵਿੱਚ ਆਪਣੀ ਖੁਦ ਦੀ ਪਾਰਟੀ ਬਣਾਉਣਗੇ।

Check Also

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਡਿੱਗੀ

ਮਾਮੂਲੀ ਸੱਟਾਂ ਤੋਂ ਬਾਅਦ ਬੈਨਰਜੀ ਚੋਣ ਪ੍ਰਚਾਰ ਲਈ ਹੋਈ ਰਵਾਨਾ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ …