ਕੇਂਦਰੀ ਏਜੰਸੀ ਵੱਲੋਂ ਕਲੀਨ ਚਿੱਟ ਮਿਲਣ ਦਾ ਦਾਅਵਾ; ਸੀਬੀਆਈ ਨੇ ਦੋ ਘੰਟੇ ਤੱਕ ਕੀਤੀ ਬੈਂਕ ਲੌਕਰ ਦੀ ਜਾਂਚ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਬੀਆਈ ਦੀ ਟੀਮ ਵੱਲੋਂ ਮੰਗਲਵਾਰ ਨੂੰ ਦੋ ਘੰਟੇ ਦੇ ਕਰੀਬ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਬੈਂਕ ਲੌਕਰ ਦੀ ਤਲਾਸ਼ੀ ਲਏ ਜਾਣ ਤੋਂ ਬਾਅਦ ਸਿਸੋਦੀਆ ਨੇ ਦਾਅਵਾ ਕੀਤਾ ਕਿ ਕੇਂਦਰੀ ਜਾਂਚ ਏਜੰਸੀ ਨੂੰ ਉਨ੍ਹਾਂ ਦੇ ਲੌਕਰ ‘ਚੋਂ ਕੁਝ ਵੀ ਨਹੀਂ ਮਿਲਿਆ ਹੈ। ਸੀਬੀਆਈ ਵੱਲੋਂ ਦਿੱਲੀ ਸਰਕਾਰ ਦੀ 2021-22 ਦੀ ਆਬਕਾਰੀ ਨੀਤੀ ‘ਚ ਕਥਿਤ ਬੇਨਿਯਮੀਆਂ ਦੇ ਮਾਮਲੇ ‘ਚ ਜਾਂਚ ਕੀਤੀ ਜਾ ਰਹੀ ਹੈ। ਸੀਬੀਆਈ ਦੀ ਕਾਰਵਾਈ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਦਿੱਲੀ ਵਿਧਾਨ ਸਭਾ ‘ਚ ਸੰਬੋਧਨ ਕਰਦਿਆਂ ਸਵਾਲ ਕੀਤਾ ਕਿ ਸੀਬੀਆਈ ‘ਆਪਰੇਸ਼ਨ ਲੋਟਸ’ ਲਈ ਆਈ ਰਕਮ ਦੇ ਸਰੋਤਾਂ ਦੀ ਜਾਂਚ ਕਦੋਂ ਕਰੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸੀਬੀਆਈ ਦੀ ਚਾਰ ਮੈਂਬਰੀ ਟੀਮ ਗਾਜ਼ੀਆਬਾਦ ਦੇ ਵਸੁੰਧਰਾ ਵਿਚਲੀ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ‘ਚ ਮਨੀਸ਼ ਸਿਸੋਦੀਆ ਦੇ ਲੌਕਰ ਦੀ ਜਾਂਚ ਕਰਨ ਲਈ ਪਹੁੰਚੀ। ਜਾਂਚ ਏਜੰਸੀ ਦੀ ਕਾਰਵਾਈ ਦੌਰਾਨ ਮਨੀਸ਼ ਸਿਸੋਦੀਆ ਤੇ ਉਨ੍ਹਾਂ ਦੀ ਪਤਨੀ ਵੀ ਮੌਕੇ ‘ਤੇ ਹਾਜ਼ਰ ਰਹੇ। ‘ਆਪ’ ਆਗੂ ਸਿਸੋਦੀਆ ਉਨ੍ਹਾਂ 15 ਜਣਿਆਂ ਤੇ ਸੰਸਥਾਵਾਂ ‘ਚ ਸ਼ਾਮਲ ਹਨ ਜਿਨ੍ਹਾਂ ਨੂੰ ਕੇਂਦਰੀ ਏਜੰਸੀ ਵੱਲੋਂ ਦਰਜ ਕੀਤੇ ਗਏ ਕੇਸ ‘ਚ ਸ਼ਾਮਲ ਕੀਤਾ ਗਿਆ ਹੈ। ਜਾਂਚ ਟੀਮ ਦੀ ਕਾਰਵਾਈ ਪੂਰੀ ਹੋਣ ਮਗਰੋਂ ਸਿਸੋਦੀਆ ਨੇ ਮੀਡੀਆ ਨੂੰ ਕਿਹਾ ਕਿ ਸੀਬੀਆਈ ਦਬਾਅ ਹੇਠ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ, ‘ਮੈਂ ਖੁਸ਼ ਹਾਂ ਕਿ ਜਾਂਚ ਮਗਰੋਂ ਮੈਨੂੰ ਸੀਬੀਆਈ ਤੋਂ ਕਲੀਨ ਚਿੱਟ ਮਿਲ ਗਈ ਹੈ। ਉਨ੍ਹਾਂ ਨੂੰ ਮੇਰੇ ਲੌਕਰ ਤੇ ਮੇਰੀ ਰਿਹਾਇਸ਼ ਦੀ ਲਈ ਗਈ ਤਲਾਸ਼ੀ ਦੌਰਾਨ ਕੁਝ ਵੀ (ਇਤਰਾਜ਼ਯੋਗ) ਨਹੀਂ ਮਿਲਿਆ।’ ਦੂਜੇ ਪਾਸੇ ਸੀਬੀਆਈ ਦੇ ਅਧਿਕਾਰੀਆਂ ਨੇ ਕਿਹਾ ਕਿ ਆਬਕਾਰੀ ਨੀਤੀ ਦੇ ਮਾਮਲੇ ‘ਚ ਜਾਂਚ ਅਜੇ ਵੀ ਜਾਰੀ ਹੈ ਤੇ ਇਸ ਮਾਮਲੇ ‘ਚ ਸ਼ਾਮਲ ਲੋਕਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਸੀਬੀਆਈ ਵੱਲੋਂ ਬੈਂਕ ਲੌਕਰ ਦੀ ਤਲਾਸ਼ੀ ਦੀ ਕਾਰਵਾਈ ਪੂਰੀ ਕੀਤੇ ਜਾਣ ਮਗਰੋਂ ਦਿੱਲੀ ਵਿਧਾਨ ਸਭਾ ‘ਚ ਸੰਬੋਧਨ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਭਾਜਪਾ ਵੱਲੋਂ ਆਬਕਾਰੀ ਨੀਤੀ ਤੇ ਕੇਂਦਰੀ ਚੌਕਸੀ ਕਮਿਸ਼ਨ (ਸੀਵੀਸੀ) ਦੀ ਰਿਪੋਰਟ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਦਿੱਤਾ ਹੈ। ‘ਆਪ’ ਆਗੂ ਨੇ ਇਸ ਦੇ ਨਾਲ ਹੀ ਭਾਜਪਾ ਪ੍ਰਧਾਨ ਜੇਪੀ ਨੱਢਾ ਨੂੰ ਸਵਾਲ ਕੀਤਾ ਕਿ ਸੀਬੀਆਈ ਦਿੱਲੀ ‘ਚ ‘ਆਪਰੇਸ਼ਨ ਲੋਟਸ ਲਈ ਪੈਸਿਆਂ ਦੇ ਸਰੋਤ’ ਦੀ ਜਾਂਚ ਕਦੋਂ ਕਰੇਗੀ। ਉਨ੍ਹਾਂ ਇੱਕ ਬੱਚੇ ਨੂੰ ਕਥਿਤ ਤੌਰ ‘ਤੇ ਅਗਵਾ ਕਰਨ ਦੇ ਮਾਮਲੇ ‘ਚ ਭਾਜਪਾ ਕੌਂਸਲਰ ਦੀ ਗ੍ਰਿਫ਼ਤਾਰੀ ਦਾ ਜ਼ਿਕਰ ਕਰਦਿਆਂ ਭਾਜਪਾ ਨੂੰ ‘ਬੱਚਾ ਚੋਰ’ ਪਾਰਟੀ ਕਰਾਰ ਦਿੱਤਾ। ਉਨ੍ਹਾਂ ਭਾਜਪਾ ਪ੍ਰਧਾਨ ਨੱਢਾ ਨੂੰ ਸਵਾਲ ਕੀਤਾ ਕਿ ਸੀਬੀਆਈ ਕਦੋਂ ਦਿੱਲੀ ਦੇ ਉੱਪ ਰਾਜਪਾਲ ਵਿਨੈ ਕੁਮਾਰ ਸਕਸੈਨਾ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦਹੀਂ, ਦੁੱਧ, ਲੱਸੀ ਤੇ ਸ਼ਹਿਦ ਵਰਗੀਆਂ ਖੁਰਾਕੀ ਵਸਤਾਂ ‘ਤੇ ਜੀਐੱਸਟੀ ਤੋਂ ਹੋਣ ਵਾਲੀ ਕਮਾਈ ਦੀ ਵਰਤੋਂ ਆਪਣੇ ਅਰਬਪਤੀ ਦੋਸਤਾਂ ਦਾ ਕਰਜ਼ਾ ਮੁਆਫ਼ ਕਰਨ ‘ਚ ਕਰ ਰਹੀ ਹੈ।
ਉਨ੍ਹਾਂ ਕਿਹਾ, ‘ਅਸੀਂ ਵਿਰੋਧੀ ਧਿਰ ਦੇ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੈ। ਅਸੀਂ ਉਨ੍ਹਾਂ ਦੇ ਝੂਠ ਦਾ ਜਵਾਬ ਨਹੀਂ ਦੇ ਸਕਦੇ। ਮੈਂ ਚਾਹੁੰਦਾ ਹਾਂ ਕਿ ਜੇਪੀ ਨੱਢਾ ਮੇਰੇ ਤਿੰਨ ਸਵਾਨਾਂ ਦਾ ਜਵਾਬ ਦੇਣ। ਸੀਬੀਆਈ ਦਹੀਂ, ਲੱਸੀ ਸਮੇਤ ਖੁਰਾਕੀ ਵਸਤਾਂ ‘ਤੇ ਜੀਐੱਸਟੀ ਦੀ, ਆਪਰੇਸ਼ਨ ਲੋਟਸ ਲਈ ਪੈਸੇ ਦੇ ਸਰੋਤਾਂ ਤੇ ਉਪ ਰਾਜਪਾਲ ਵੱਲੋਂ 1400 ਕਰੋੜ ਰੁਪਏ ਦੇ ਕੀਤੇ ਘੁਟਾਲੇ ਦੀ ਜਾਂਚ ਕਦੋਂ ਕਰੇਗੀ?’
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …