
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਨੇ ਪਿਛਲੇ ਦਿਨ ਯੂਕਰੇਨ ਦੇ ਕ੍ਰਿਵੀ ਰਿਹ ਸ਼ਹਿਰ ਵਿਚ ਭਾਰਤੀ ਅਰਬਪਤੀ ਲਕਸ਼ਮੀ ਮਿੱਤਲ ਦੀ ਕੰਪਨੀ ‘ਆਰਸੇਲਰ-ਮਿੱਤਲ’ ਦੇ ਸਟੀਲ ਪਲਾਂਟ ’ਤੇ ਮਿਜ਼ਾਈਲ ਹਮਲਾ ਕੀਤਾ ਹੈ। ਇਸ ਹਮਲੇ ਵਿਚ ਦੋ ਵਿਅਕਤੀਆਂ ਦੀ ਜਾਨ ਚਲੇ ਗਈ ਅਤੇ 13 ਕਰਮਚਾਰੀ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਯੂਕਰੇਨ ਦਾ ਸਭ ਤੋਂ ਵੱਡਾ ਸਟੀਲ ਪਲਾਂਟ ਹੈ। ਇਸ ਹਮਲੇ ਤੋਂ ਬਾਅਦ ਪਲਾਂਟ ਵਿਚ ਉਤਪਾਦਨ ਕਾਰਜਾਂ ਨੂੰ ਰੋਕਣਾ ਪਿਆ ਸੀ। ਪਲਾਂਟ ਦੇ ਊਰਜਾ ਢਾਂਚੇ ਅਤੇ ਬਲਾਸਟ ਫਰਨੇਸ ਨਾਲ ਜੁੜੇ ਅਹਿਮ ਹਿੱਸਿਆਂ ਨੂੰ ਵੀ ਨੁਕਸਾਨ ਪਹੰੁਚਿਆ ਹੈ। ਇਸ ਹਮਲੇ ਨੂੰ ਦੇਖਦਿਆਂ ਅੱਗ ਬੁਝਾਊ ਕਰਮਚਾਰੀ, ਬਚਾਅ ਦਲ ਅਤੇ ਮੈਡੀਕਲ ਟੀਮਾਂ ਘਟਨਾ ਸਥਾਨ ’ਤੇ ਪਹੁੰਚ ਗਈਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ। ਮੀਡੀਆ ਰਿਪੋਰਟਾਂ ਮੁਤਾਬਕ ਆਰਸੇਲਰ-ਮਿੱਤਲ ਕ੍ਰਿਵੀ ਰਿਹ ਯੂਕਰੇਨ ਦੀ ਅਰਥ ਵਿਵਸਥਾ ਲਈ ਅਹਿਮ ਉਦਯੋਗਿਕ ਇਕਾਈ ਹੈ। ਇਸਦੇ ਚੇਅਰਮੈਨ ਅਤੇ ਪ੍ਰਮੁੱਖ ਸ਼ੇਅਰ ਧਾਰਕ ਭਾਰਤੀ ਉਦਯੋਗਪਤੀ ਲਕਸ਼ਮੀ ਨਿਵਾਸ ਮਿੱਤਲ ਹਨ। ਲਕਸ਼ਮੀ ਮਿੱਤਲ ਭਾਰਤੀ ਮੂਲ ਦੇ ਵੱਡੇ ਉਦਯੋਗਪਤੀਆਂ ਵਿਚ ਗਿਣੇ ਜਾਂਦੇ ਹਨ।

