ਲੋਕ ਫੋਨ ਜਾਂ ਵਟਸਐਪ ‘ਤੇ ਵੀਡੀਓ ਅਤੇ ਦਸਤਾਵੇਜ਼ ਕਰ ਸਕਣਗੇ ਸਾਂਝੇ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪੰਜਾਬ ਦੇ ਲੋਕਾਂ ਤੋਂ ਸੂਬੇ ਦੇ ਵੱਖ-ਵੱਖ ਮੁੱਦਿਆਂ ਬਾਰੇ ਸੁਝਾਅ ਲੈਣ ਲਈ ਮੋਬਾਈਲ ਨੰਬਰ 99109-44444 ਜਾਰੀ ਕੀਤਾ ਹੈ।
ਇਸ ‘ਤੇ ਲੋਕ ਫੋਨ ਕਰਕੇ ਆਪਣੇ ਸੁਝਾਅ ਦੇ ਸਕਦੇ ਹਨ। ਰਾਘਵ ਚੱਢਾ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਸੁਝਾਵਾਂ ਨੂੰ ਸੰਸਦ ‘ਚ ਚੁੱਕਣਗੇ। ਚੱਢਾ ਨੇ ਕਿਹਾ ਕਿ ਉਹ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮਾਂ ਤੋਂ ਪ੍ਰੇਰਿਤ ਹਨ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਤਿੰਨ ਕਰੋੜ ਲੋਕ ਉਨ੍ਹਾਂ ਰਾਹੀਂ ਰਾਜ ਸਭਾ ਵਿੱਚ ਆਪਣੇ ਮੁੱਦੇ ਚੁੱਕ ਸਕਦੇ ਹਨ।
ਇਸ ਲਈ ਮੋਬਾਈਲ ਨੰਬਰ ‘ਤੇ ਵਟਸਐਪ ਰਾਹੀਂ ਵੀਡੀਓ ਜਾਂ ਦਸਤਾਵੇਜ਼ ਸਾਂਝੇ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਸ ਨੰਬਰ ਰਾਹੀਂ ਸੰਸਦ ਵਿੱਚ ਉਠਾਏ ਜਾਣ ਵਾਲੇ ਮੁੱਦਿਆਂ ਬਾਰੇ ਆਪਣੇ ਸੁਝਾਅ ਅਤੇ ਪ੍ਰਤੀਕਿਰਿਆ ਭੇਜ ਸਕਦੇ ਹਨ। ਦੱਸਣਯੋਗ ਹੈ ਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਦੇਸ਼ ਅੰਦਰ ਵਧ ਰਹੀਆਂ ਤੇਲ ਕੀਮਤਾਂ, ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ, ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਪੰਜਾਬ ਦੀ ਭਲਾਈ ਲਈ ਕਈ ਹੋਰ ਮੁੱਦਿਆਂ ਨੂੰ ਚੁੱਕਿਆ ਹੈ। ‘ਆਪ’ ਤੋਂ ਰਾਜ ਸਭਾ ਮੈਂਬਰ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਮੁੱਦੇ ਉਠਾਉਂਦੇ ਰਹਿਣਗੇ।
‘ਮਿਸ਼ਨ ਕੇਜਰੀਵਾਲ ਫਾਰ ਪੀਐੱਮ’ ਲਈ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਘਰ-ਘਰ ਪਹੁੰਚਾਵਾਂਗੇ : ਤੂਰ
ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਉਤਾਰੇ ਜਾਣ ਲਈ ‘ਮਿਸ਼ਨ ਕੇਜਰੀਵਾਲ ਫਾਰ ਪੀਐੱਮ’ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਤਹਿਤ ‘ਆਪ’ ਦੇ ਦਿੱਲੀ ਮਾਡਲ ਤੇ ਪੰਜਾਬ ਸਰਕਾਰ ਦੀ ਚਾਰ ਮਹੀਨਿਆਂ ਦੀ ਕਾਰਗੁਜ਼ਾਰੀ ਨੂੰ ਦੇਸ਼ ਭਰ ‘ਚ ਲਿਜਾਇਆ ਜਾਵੇਗਾ। ਇਹ ਪ੍ਰਗਟਾਵਾ ‘ਮਿਸ਼ਨ ਕੇਜਰੀਵਾਲ ਫਾਰ ਪੀਐੱਮ’ ਮੁਹਿੰਮ ਦੇ ਕੌਮੀ ਜਨਰਲ ਸਕੱਤਰ ਪਰਮਿੰਦਰ ਸਿੰਘ ਤੂਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਤੂਰ ਨੇ ਮੁਹਿੰਮ ਨੂੰ ਪੰਜਾਬ ਵਿੱਚ ਤੇਜ਼ ਕਰਨ ਲਈ ਕਮਲਜੀਤ ਸਿੰਘ ਨੂੰ ਸੂਬਾ ਮੀਤ ਪ੍ਰਧਾਨ ਤੇ ਪਰਾਂਜਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਸੁਖਬੀਰ ਸਿੰਘ ਨੂੰ ਚੰਡੀਗੜ੍ਹ ਦਾ ਪ੍ਰਧਾਨ ਐਲਾਨਿਆ ਗਿਆ ਹੈ।