
ਕੇਂਦਰੀ ਗ੍ਰਹਿ ਮੰਤਰੀ ਨੇ ਨਿਰਪੱਖ ਜਾਂਚ ਦਾ ਦਿੱਤਾ ਭਰੋਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੁਖਬੀਰ ਸਿੰਘ ਬਾਦਲ ਦੀ ਸਿਹਤ ਸਬੰਧੀ ਗੱਲਬਾਤ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੇ ਇਸ ਮਾਮਲੇ ਵਿਚ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ। ਹਰਸਿਮਰਤ ਨੇ ਕਿਹਾ ਕਿ ਮੈਂ ਮਹਾਰਾਸ਼ਟਰ ਵਿਚ ਇਕ ਗੁਰੂਘਰ ਦੇ ਕੰਪਲੈਕਸ ਵਿਚ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਦੀ ਸਿਹਤ ਬਾਰੇ ਪੁੱਛਗਿੱਛ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਮੈਂ ਇਸ ਮੁਸ਼ਕਲ ਸਮੇਂ ਵਿਚ ਤੁਹਾਡੀ ਨਿੱਜੀ ਚਿੰਤਾ ਅਤੇ ਸਹਿਯੋਗ ਲਈ ਧੰਨਵਾਦੀ ਹਾਂ। ਉਨ੍ਹਾਂ ਇਸ ਦਰਦਨਾਕ ਘਟਨਾ ਦੀ ਪ੍ਰਭਾਵਸ਼ਾਲੀ ਜਾਂਚ ਨੂੰ ਯਕੀਨੀ ਬਣਾਉਣ ਲਈ ਸ਼ਾਹ ਦੀ ਵਚਨਬੱਧਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਇਸ ਤੋਂ ਪਹਿਲਾਂ ਲੰਘੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਰਸਿਮਰਤ ਕੌਰ ਬਾਦਲ ਨੂੰ ਫੋਨ ਕਰਕੇ ਸੁਖਬੀਰ ਸਿੰਘ ਬਾਦਲ ਦੀ ਸਿਹਤ ਬਾਰੇ ਜਾਣਕਾਰੀ ਲਈ ਸੀ। ਦੱਸਣਯੋਗ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਇਲਾਕੇ ਵਿਚ ਗੁਰਦੁਆਰਾ ਸਾਹਿਬ, ਮਾਤਾ ਸਾਹਿਬ ਦੇਵਾਂ ਜੀ ਦੇ ਕੰਪਲੈਕਸ ਅੰਦਰ ਹਮਲਾ ਹੋ ਗਿਆ ਸੀ। ਇਸ ਹਮਲੇ ਦੌਰਾਨ ਸੁਖਬੀਰ ਬਾਦਲ ਦੇ ਹੱਥ ’ਤੇ ਸੱਟ ਲੱਗੀ ਹੈ।

