
ਕਿਹਾ : ਸ੍ਰੀਲੰਕਾ ਅਤੇ ਬੰਗਲਾਦੇਸ਼ ਵਰਗੇ ਦੇਸ਼ ਵੀ ਸਾਡੇ ਤੋਂ ਅੱਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਸ਼ੋਸ਼ਲ ਕਾਰਕੁੰਨ ਸੋਨਮ ਵਾਂਗਚੁੱਕ ਨੇ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਜੇਕਰ ਮੌਜੂਦਾ ਸਥਿਤੀ ਜਾਰੀ ਰਹੀ ਤਾਂ 2047 ਤੱਕ ਭਾਰਤ ਵਿਕਸਿਤ ਦੇਸ਼ ਨਹੀਂ ਬਣ ਸਕੇਗਾ। ਵਾਂਗਚੁੱਕ ਦੇ ਮੁਤਾਬਕ ਸ੍ਰੀਲੰਕਾ ਅਤੇ ਬੰਗਲਾਦੇਸ਼ ਵਰਗੇ ਦੇਸ਼ ਵੀ ਭਾਰਤ ਤੋਂ ਅੱਗੇ ਨਿਕਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਸਹੀ ਅਗਵਾਈ ਦੀ ਚੋਣ ਲਈ ਇਕ ਸ਼ਾਂਤਮਈ ਇਨਕਲਾਬ ਦੀ ਲੋੜ ਹੈ। ਸੋਨਮ ਵਾਂਗਚੁੱਕ ਨੇ ਇਕ ਵੀਡੀਓ ਵੀ ਜਾਰੀ ਕੀਤਾ ਹੈ। ਇਸ ਵੀਡੀਓ ਵਿਚ ਵਾਂਗਚੁੱਕ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਅਤੇ ਉਸਦੇ ਭਵਿੱਖ ਨੂੰ ਲੈ ਕੇ ਕਾਫੀ ਸੋਚਿਆ। ਉਨ੍ਹਾਂ ਕਿਹਾ ਕਿ 50 ਸਾਲ ਪਹਿਲਾਂ ਭਾਰਤ ਤੋਂ ਪਿੱਛੇ ਅਤੇ ਬਰਾਬਰ ਰਹਿਣ ਵਾਲੇ ਕੁਝ ਗੁਆਂਢੀ ਦੇਸ਼ ਹੁਣ ਕਾਫੀ ਅੱਗੇ ਨਿਕਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਸ੍ਰੀਲੰਕਾ ਅਤੇ ਬੰਗਲਾਦੇਸ਼ ਇਸਦੀ ਉਦਾਹਰਨ ਹਨ। ਵਾਂਗਚੁੱਕ ਨੇ ਕਿਹਾ ਕਿ ਜੇਕਰ ਭਾਰਤ ਨੇ 2047 ਤੱਕ ਦੁਨੀਆ ਵਿਚ ਇਕ ਸਨਮਾਨਿਤ ਦੇਸ਼ ਬਣੇ ਰਹਿਣਾ ਹੈ ਤਾਂ ਵੱਡੇ ਬਦਲਾਅ ਦੀ ਜ਼ਰੂਰਤ ਹੈ।

