
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਹੁਣ ਤੱਕ ਵਟਸਐਪ ’ਤੇ ਕਿਸੇ ਨਵੇਂ ਵਿਅਕਤੀ ਨਾਲ ਗੱਲ ਕਰਨ ਦੇ ਲਈ ਮੋਬਾਇਲ ਨੰਬਰ ਦੇਣਾ ਜ਼ਰੂਰੀ ਹੁੰਦਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਮੇਟਾ ਦੀ ਮਲਕੀਅਤ ਵਾਲੇ ਵਟਸਐਪ ਨੇ ਯੂਜਰ ਨੇਮ ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਵਿਅਕਤੀ ਆਪਣਾ ਮੋਬਾਇਲ ਨੰਬਰ ਦੱਸੇ ਬਿਨਾ ਵੀ ਸਿਰਫ ਯੂਜਰ ਨੇਮ ਦੇ ਜ਼ਰੀਏ ਚੈਟ ਕਰ ਸਕਣਗੇ। ਕੰਪਨੀ ਨੇ ਲੰਘੇ ਕੱਲ੍ਹ 29 ਜੂਨ ਤੋਂ ਦੁਨੀਆ ਭਰ ਵਿਚ ਯੂੁਜਰ ਨੇਮ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਹ ਸਹੂਲਤ ਸਾਰੇ ਯੂਜਰਜ਼ ਨੂੰ ਇਕੋ ਸਮੇਂ ਨਹੀਂ ਮਿਲੇਗੀ ਅਤੇ ਆਉਣ ਵਾਲੇ ਮਹੀਨਿਆਂ ਵਿਚ ਹੌਲੀ-ਹੌਲੀ ਸਾਰੇ ਦੇਸ਼ਾਂ ਵਿਚ ਰੋਲ ਆਊਟ ਕੀਤਾ ਜਾਵੇਗਾ। ਦੱਸਿਆ ਗਿਆ ਕਿ ਜਦੋਂ ਇਹ ਫੀਚਰ ਯੂਜਰ ਦੇ ਇਲਾਕਿਆਂ ਵਿਚ ਉਪਲਬਧ ਹੋਵੇਗਾ, ਉਦੋਂ ਉਸਦੇ ਵਟਸਐਪ ਦੇ ਅੰਦਰ ਨੋਟੀਫਿਕੇਸ਼ਨ ਮਿਲੇਗਾ। ਮੀਡੀਆ ਰਿਪੋਰਟਾਂ ਮੁਤਾਬਕ ਦੁਨੀਆ ਭਰ ’ਚ ਕਰੋੜਾਂ ਯੂਜਰਜ਼ ਇਕੋ ਜਿਹੇ ਜਾਂ ਮਿਲਦੇ-ਜੁਲਦੇ ਯੂਜਰ ਨੇਮ ਚੁਣ ਸਕਦੇ ਹਨ। ਅਜਿਹੇ ਵਿਚ ਜੋ ਵਿਅਕਤੀ ਪਹਿਲਾਂ ਆਪਣਾ ਯੂਜਰ ਨੇਮ ਰਿਜ਼ਰਵ ਕਰਨਗੇ, ਉਨ੍ਹਾਂ ਨੇ ਆਪਣੀ ਪਸੰਦ ਦਾ ਯੂਜਰਨੇਮ ਮਿਲਣ ਦੀ ਸੰਭਾਵਨਾ ਜ਼ਿਆਦਾ ਹੋਵੇਗੀ।

