ਨੈਸ਼ਨਲ ਪ੍ਰੇਅਰ ਬ੍ਰੇਕਫਾਸਟ ਵਿੱਚ ਪੀਅਰ ਪੋਇਲੀਏਵਰ ਸਮੇਤ ਕਈ ਸੰਸਦ ਮੈਂਬਰ ਹੋਏ ਸ਼ਾਮਲ
ਓਟਵਾ/ਬਿਊਰੋ ਨਿਊਜ਼ : ਓਟਵਾ ਵਿੱਚ ਹੋਏ ਸਾਲਾਨਾ ਨੈਸ਼ਨਲ ਪ੍ਰੇਅਰ ਬ੍ਰੇਕਫਾਸਟ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਰਾਜਨੀਤਿਕ ਨੇਤਾਵਾਂ ਨੂੰ ਨਿਮਰਤਾ, ਦਾਨਸ਼ੀਲਤਾ ਅਤੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਲੰਬੇ ਸਮੇਂ ਦੀ ਸੋਚ ਅਪਣਾਉਣ ਦੀ ਅਪੀਲ ਕੀਤੀ।
ਇਸ ਸਮਾਗਮ ਵਿੱਚ ਕੰਸਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਇਲੀਏਵਰ ਸਮੇਤ ਕਈ ਸੰਸਦ ਮੈਂਬਰ ਅਤੇ ਧਾਰਮਿਕ ਆਗੂ ਸ਼ਾਮਿਲ ਹੋਏ।
ਮਾਰਕ ਕਾਰਨੀ, ਜੋ ਖੁਦ ਕੈਥੋਲਿਕ ਧਰਮ ਨਾਲ ਸੰਬੰਧਿਤ ਹਨ, ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਬਾਈਬਲ ਦੇ ਗਾਸਪਲ ਆਫ ਮੈਥਿਊ ਦੇ ਹਵਾਲੇ ਨਾਲ ਕੀਤੀ ਅਤੇ ਦਾਨਸ਼ੀਲਤਾ ਅਤੇ ਨਿਮਰਤਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਨਤਕ ਅਹੁਦਿਆਂ ‘ਤੇ ਬੈਠੇ ਲੋਕ ਮੌਕੇ, ਮਿਹਨਤ ਅਤੇ ਸਮਝ ਦੇ ਕਾਰਨ ਇਸ ਥਾਂ ‘ਤੇ ਪਹੁੰਚਦੇ ਹਨ, ਇਸ ਲਈ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਦਿਆਂ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਫਰੈਂਚ ਵਿੱਚ ਕਿਹਾ ਕਿ ਸੰਸਦ ਮੈਂਬਰਾਂ ਨੂੰ ਲੋਕਾਂ ਦੀ ਉਦਾਰਤਾ ਨੂੰ ਦਰਸਾਉਂਦੇ ਹੋਏ ਦੇਸ਼ ਦੀ ਆਰਥਿਕਤਾ, ਆਜ਼ਾਦੀ ਅਤੇ ਸਰਕਾਰੀ ਖਰਚਿਆਂ ਵਿੱਚ ਸੰਤੁਲਣ ਬਣਾਈ ਰੱਖਣਾ ਪੈਂਦਾ ਹੈ।
ਇਸ ਸਮੇਂ ਕੈਨੇਡਾ ਵਿੱਚ ਧਾਰਮਿਕ ਆਜ਼ਾਦੀ ਦਾ ਮਾਮਲਾ ਵੀ ਚਰਚਾ ਵਿੱਚ ਹੈ, ਕਿਉਂਕਿ ਸੰਸਦ ਵਿੱਚ ਨਫ਼ਰਤੀ ਅਪਰਾਧਾਂ ਸਬੰਧੀ ਨਵੇਂ ਕਾਨੂੰਨ ‘ਤੇ ਵਿਚਾਰ ਹੋ ਰਿਹਾ ਹੈ।
ਦੂਜੇ ਪਾਸੇ, ਸੁਪਰੀਮ ਕੋਰਟ ਕਿਊਬੈਕ ਦੇ ਬਿਲ 21 ਮਾਮਲੇ ਦੀ ਸਮੀਖਿਆ ਕਰ ਰਹੀ ਹੈ, ਜਿਸ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਧਾਰਮਿਕ ਨਿਸ਼ਾਨ ਪਹਿਨਣ ‘ਤੇ ਪਾਬੰਦੀ ਹੈ। ਸਮਾਗਮ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਵਿੱਚ ਹੋਈ ਹਾਲੀਆ ਗੋਲੀਬਾਰੀ ਦੇ ਪੀੜਤਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ।
ਆਪਣੇ ਭਾਸ਼ਣ ਦੇ ਅੰਤ ਵਿੱਚ ਮਾਰਕ ਕਾਰਨੀ ਨੇ ਕਿਹਾ ਕਿ ਇਨਸਾਨ ਦਾ ਨਾਮ ਸਮੇਂ ਨਾਲ ਭੁੱਲਿਆ ਜਾ ਸਕਦਾ ਹੈ, ਪਰ ਉਸਦੇ ਚੰਗੇ ਕੰਮ ਅਤੇ ਦਾਨਸ਼ੀਲਤਾ ਹਮੇਸ਼ਾਂ ਯਾਦ ਰਹਿੰਦੇ ਹਨ। ਉਨ੍ਹਾਂ ਨੇ ਨੇਤਾਵਾਂ ਨੂੰ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ।

