ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਰਾਨ ਨੂੰ ਧਮਕੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਆਗੂਆਂ ਨੂੰ ਧਮਕੀ ਦਿੱਤੀ ਹੈ ਕਿ ਉਹ ਜਲਦੀ ਹੀ ਗੰਭੀਰਤਾ ਨਾਲ ਸੋਚਣ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਟਰੰਪ ਨੇ ਕਿਹਾ ਕਿ ਇਰਾਨ ਦੇ ਅਧਿਕਾਰੀ ਬਹੁਤ ਹੀ ਅਜੀਬ ਤਰੀਕੇ ਨਾਲ ਪੇਸ਼ ਆ ਰਹੇ ਹਨ। ਉਹ ਨਿੱਜੀ ਤੌਰ ‘ਤੇ ਤਾਂ ਸਮਝੌਤੇ ਲਈ ਤਰਲੇ ਪਾ ਰਹੇ ਹਨ ਪਰ ਦੁਨੀਆ ਦੇ ਸਾਹਮਣੇ ਅਮਰੀਕੀ ਪ੍ਰਸਤਾਵਾਂ ਨੂੰ ਮਾਮੂਲੀ ਦਿਖਾ ਰਹੇ ਹਨ। ਟਰੰਪ ਮੁਤਾਬਕ ਇਰਾਨ ਫੌਜੀ ਸ਼ਕਤੀ ਵਜੋਂ ਕਰੀਬ ਖ਼ਤਮ ਹੋ ਚੁੱਕਾ ਹੈ ਅਤੇ ਉਸ ਕੋਲ ਵਾਪਸੀ ਦਾ ਕੋਈ ਮੌਕਾ ਨਹੀਂ ਬਚਿਆ। ਉਨ੍ਹਾਂ ਸਪਸ਼ਟ ਕਿਹਾ ਕਿ ਜੇਕਰ ਜਲਦੀ ਸਹੀ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਵਿਚ ਬਹੁਤ ਭਿਆਨਕ ਹੋਵੇਗਾ ਤੇ ਸਖਤ ਨਤੀਜੇ ਭੁਗਤਣੇ ਪੈਣਗੇ। ਜ਼ਿਕਰਯੋਗ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਨੂੰ ਵੀਰਵਾਰ ਨੂੰ 27 ਦਿਨ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਹਿਰਾਨ ਨੂੰ ਸਿਰਫ ਫੌਜੀ ਤੌਰ ‘ਤੇ ਹੀ ਨਹੀਂ, ਸਗੋਂ ਮਨੋਵਿਗਿਆਨਕ ਤੌਰ ‘ਤੇ ਵੀ ਘੇਰਨਾ ਸ਼ੁਰੂ ਕਰ ਦਿੱਤਾ ਹੈ। ਆਪਣੀ ਤਾਜ਼ਾ ਚਿਤਾਵਨੀ ਵਿੱਚ ਟਰੰਪ ਨੇ ਇਸ਼ਾਰਾ ਕੀਤਾ ਹੈ ਕਿ ਇਰਾਨ ਦੇ ਵਾਰਤਾਕਾਰ ਅੰਦਰੂਨੀ ਤੌਰ ‘ਤੇ ਬਹੁਤ ਦਬਾਅ ਵਿੱਚ ਹਨ ਕਿਉਂਕਿ ਉਨ੍ਹਾਂ ਦੀ ਆਰਥਿਕਤਾ ਅਤੇ ਫੌਜੀ ਤਾਕਤ ਲਗਾਤਾਰ ਖ਼ਤਮ ਹੋ ਰਹੀ ਹੈ। ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਕੋਲ ਹੁਣ ਗੱਲਬਾਤ ਦੀ ਮੇਜ਼ ‘ਤੇ ਰੱਖਣ ਲਈ ਕੁਝ ਵੀ ਨਹੀਂ ਬਚਿਆ। ਵਾਸ਼ਿੰਗਟਨ ਦੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਦਾ ਇਹ ਬਿਆਨ ਇਰਾਨ ਦੇ ਅੰਦਰੂਨੀ ਪ੍ਰਸ਼ਾਸਨ ਵਿੱਚ ਫੁੱਟ ਪਾਉਣ ਦੀ ਇੱਕ ਕੋਸ਼ਿਸ਼ ਵੀ ਹੋ ਸਕਦੀ ਹੈ, ਤਾਂ ਜੋ ਉੱਥੋਂ ਦੀ ਸਰਕਾਰ ਜਲਦੀ ਤੋਂ ਜਲਦੀ ਅਮਰੀਕੀ ਸ਼ਰਤਾਂ ‘ਤੇ ਸਮਝੌਤਾ ਕਰਨ ਲਈ ਮਜਬੂਰ ਹੋ ਜਾਵੇ।
ਇਰਾਨ ਨੇ ਭਾਰਤ ਨੂੰ ਹੋਰਮੁਜ਼ ਜਲਡਮਰੂ ‘ਚੋਂ ਲੰਘਣ ਦੀ ਦਿੱਤੀ ਇਜਾਜ਼ਤ
ਨਵੀਂ ਦਿੱਲੀ : ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦਾ ਵੀਰਵਾਰ ਨੂੰ 27ਵਾਂ ਦਿਨ ਸੀ। ਇਸਦੇ ਚੱਲਦਿਆਂ ਇਰਾਨ ਨੇ ਭਾਰਤ, ਚੀਨ, ਰੂਸ, ਇਰਾਕ ਅਤੇ ਪਾਕਿਸਤਾਨ ਸਮੇਤ ਦੋਸਤਾਨਾ ਦੇਸ਼ਾਂ ਨੂੰ ਹੋਰਮੁਜ਼ ਜਲਡਮਰੂ ਵਿਚੋਂ ਲੰਘਣ ਦੀ ਇਜਾਜ਼ਤ ਦੇ ਦਿੱਤੀ ਹੈ। ਮੁੰਬਈ ਵਿਚ ਇਰਾਨੀ ਕੌਂਸਲੇਟ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ। ਕੌਂਸਲੇਟ ਨੇ ਕਿਹਾ ਕਿ ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਹੈ ਕਿ ‘ਦੋਸਤ ਦੇਸ਼ਾਂ’ ਨੂੰ ਹੋਰਮੁਜ਼ ਵਿਚੋਂ ਲੰਘਣ ਦੀ ਇਜਾਜ਼ਤ ਹੈ। ਜ਼ਿਕਰਯੋਗ ਹੈ ਕਿ ਇਰਾਨ ਨੇ ਪਹਿਲਾਂ ਕਿਹਾ ਸੀ ਕਿ ਹੋਰਮੁਜ਼ ਜਲਡਮਰੂ ਪੂਰੀ ਤਰ੍ਹਾਂ ਬੰਦ ਨਹੀਂ ਹੈ ਅਤੇ ਇਹ ਰਸਤਾ ਸਿਰਫ ਉਨ੍ਹਾਂ ਦੇਸ਼ਾਂ ਲਈ ਬੰਦ ਹੈ, ਜੋ ਇਰਾਨ ਦੇ ਵਿਰੁੱਧ ਹਨ ਅਤੇ ਹੋਰ ਦੇਸ਼ਾਂ ਨੂੰ ਕੁਝ ਸ਼ਰਤਾਂ ਤਹਿਤ ਲੰਘਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਧਿਆਨ ਰਹੇ ਕਿ ਇਹ ਰਸਤਾ ਖੁੱਲ੍ਹਣ ਨਾਲ ਭਾਰਤ ਨੂੰ ਵੱਡਾ ਫਾਇਦਾ ਹੋਵੇਗਾ।
ਟਰੰਪ ਦੀਆਂ ਸ਼ਰਤਾਂ ਉਤੇ ਜੰਗ ਖਤਮ ਨਹੀਂ ਹੋਵੇਗੀ : ਇਰਾਨ
ਇਰਾਨ ਨੇ ਅਮਰੀਕਾ ਦੇ ਜੰਗਬੰਦੀ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ। ਇਰਾਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸ਼ਰਤਾਂ ‘ਤੇ ਜੰਗ ਖਤਮ ਨਹੀਂ ਹੋਵੇਗੀ। ਇਰਾਨੀ ਅਧਿਕਾਰੀਆਂ ਦੇ ਮੁਤਾਬਕ, ਅਮਰੀਕਾ ਨੇ ਜੋ ਪ੍ਰਸਤਾਵ ਭੇਜਿਆ ਹੈ, ਉਹ ਧੋਖਾ ਹੈ ਅਤੇ ਜ਼ਮੀਨੀ ਹਕੀਕਤ ਤੋਂ ਦੂਰ ਹੈ ਅਤੇ ਇਸਦਾ ਮਕਸਦ ਸਿਰਫ ਦਬਾਅ ਬਣਾਉਣਾ ਹੈ।
ਇਰਾਨ ਨੇ ਕਿਹਾ ਕਿ ਯੁੱਧ ਦਾ ਅੰਤ ਉਦੋਂ ਹੋਵੇਗਾ, ਜਦੋਂ ਉਸਦੀਆਂ ਸ਼ਰਤਾਂ ਪੂਰੀਆਂ ਹੋਣਗੀਆਂ। ਇਸਦੇ ਲਈ ਇਰਾਨ ਨੇ ਪੰਜ ਸ਼ਰਤਾਂ ਰੱਖੀਆਂ ਹਨ। ਇਰਾਨ ਨੇ ਕਿਹਾ ਕਿ ਜਦੋਂ ਤੱਕ ਉਸਦੀਆਂ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਜਵਾਬੀ ਕਾਰਵਾਈ ਜਾਰੀ ਰੱਖੇਗਾ। ਇਰਾਨ ਨੇ ਕਿਹਾ ਕਿ ਅਮਰੀਕਾ ਵਾਰ-ਵਾਰ ਆਪਣੀਆਂ ਸ਼ਰਤਾਂ ਬਦਲਦਾ ਹੈ, ਜਦੋਂ ਕਿ ਤਹਿਰਾਨ ਆਪਣੇ ਰੁਖ ‘ਤੇ ਕਾਇਮ ਹੈ।

