-12.7 C
Toronto
Sunday, February 1, 2026
spot_img
Homeਭਾਰਤਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦੀ...

ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦੀ ਗਾਰੰਟੀ

ਕੇਜਰੀਵਾਲ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ 15 ‘ਗਾਰੰਟੀਆਂ’ ਵਾਲਾ ਚੋਣ ਮਨੋਰਥ ਪੱਤਰ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 15 ‘ਗਾਰੰਟੀਆਂ’ ਵਾਲਾ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ, ਜਿਸ ਵਿੱਚ ਔਰਤਾਂ ਲਈ ਪ੍ਰਤੀ ਮਹੀਨਾ 2100 ਰੁਪਏ, 24 ਘੰਟੇ ਸਾਫ ਪੀਣ ਵਾਲਾ ਪਾਣੀ, ਬਜ਼ੁਰਗਾਂ ਲਈ ਮੁਫਤ ਸਿਹਤ ਸੰਭਾਲ ਅਤੇ ਵਿਦਿਆਰਥੀਆਂ ਲਈ ਮੈਟਰੋ ਦੇ ਕਿਰਾਏ ਵਿੱਚ 50 ਫੀਸਦ ਤੱਕ ਛੋਟ ਵਰਗੇ ਕਈ ਵਾਅਦੇ ਕੀਤੇ ਗਏ ਹਨ। ਕੇਜਰੀਵਾਲ ਨੇ ਕਿਹਾ ਕਿ ਜੇ ‘ਆਪ’ ਸਰਕਾਰ 5 ਫਰਵਰੀ ਦੀਆਂ ਚੋਣਾਂ ਵਿੱਚ ਸੱਤਾ ਵਿੱਚ ਵਾਪਸ ਆਉਂਦੀ ਹੈ ਤਾਂ ਮੁਫਤ ਸਿੱਖਿਆ, ਸਿਹਤ ਸੰਭਾਲ, ਮਹਿਲਾਵਾਂ ਲਈ ਮੁਫਤ ਬੱਸ ਯਾਤਰਾ, ਪਾਣੀ ਅਤੇ ਮੁਫਤ ਬਿਜਲੀ ਵਰਗੀਆਂ ਸਹੂਲਤਾਂ ਜਾਰੀ ਰਹਿਣਗੀਆਂ। ਉਨ੍ਹਾਂ ਆਰੋਪ ਲਾਇਆ ਕਿ ਭਾਜਪਾ ‘ਆਪ’ ਦੀਆਂ ਸਾਰੀਆਂ ਮੁਫਤ ਸਕੀਮਾਂ ਬੰਦ ਕਰ ਦੇਵੇਗੀ। ਇਸ ਨਾਲ ਦਿੱਲੀ ਦੇ ਲੋਕਾਂ ‘ਤੇ ਹਰ ਮਹੀਨੇ 25,000 ਰੁਪਏ ਦਾ ਬੋਝ ਵਧੇਗਾ।
ਪਾਰਟੀ ਦਾ ਮੈਨੀਫੈਸਟੋ ‘ਕੇਜਰੀਵਾਲ ਕੀ ਗਾਰੰਟੀ’ ਜਾਰੀ ਕਰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ‘ਗਾਰੰਟੀ ਕਾਰਡ’ ‘ਤੇ ਦਸਤਖਤ ਕੀਤੇ ਅਤੇ ਕੌਮੀ ਰਾਜਧਾਨੀ ਵਿੱਚ ਮੁੜ ਸੱਤਾ ‘ਚ ਆਉਣ ‘ਤੇ ਔਰਤਾਂ ਨੂੰ ਹਰ ਮਹੀਨੇ 2,100 ਰੁਪਏ ਦੇਣ ਦਾ ਵਾਅਦਾ ਕੀਤਾ। ਗਾਰੰਟੀ ਕਾਰਡ ਅਨੁਸਾਰ, ‘ਮੈਂ ਅਰਵਿੰਦ ਕੇਜਰੀਵਾਲ ਗਾਰੰਟੀ ਦਿੰਦਾ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਮੈਂ ਸਭ ਤੋਂ ਪਹਿਲਾਂ ਆਪਣੀਆਂ ਮਾਵਾਂ ਅਤੇ ਭੈਣਾਂ ਲਈ ‘ਮਹਿਲਾ ਸਨਮਾਨ ਰਾਸ਼ੀ ਯੋਜਨਾ’ ਸ਼ੁਰੂ ਕਰਾਂਗਾ।’
ਚੋਣ ਮਨੋਰਥ ਪੱਤਰ ਵਿੱਚ 15 ‘ਗਾਰੰਟੀਆਂ’ ਦਾ ਜ਼ਿਕਰ ਹੈ, ਜਿਸ ਵਿੱਚ ਕੇਜਰੀਵਾਲ ਨੇ ਆਪਣੀ ਪਹਿਲੀ ‘ਗਾਰੰਟੀ’ ਵਜੋਂ ਦਿੱਲੀ ਵਾਸੀਆਂ ਲਈ ਰੁਜ਼ਗਾਰ ਪੈਦਾ ਕਰਨ ਲਈ ਠੋਸ ਕਦਮਾਂ ਚੁੱਕਣ ਦਾ ਵਾਅਦਾ ਕੀਤਾ। ਦੂਜੀ ਗਾਰੰਟੀ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿੰਦੀ ਹੈ, ਜਦਕਿ ਤੀਜੀ ਗਾਰੰਟੀ ‘ਸੰਜੀਵਨੀ ਯੋਜਨਾ’ ਤਹਿਤ ਬਜ਼ੁਰਗਾਂ ਨੂੰ ਮੁਫ਼ਤ ਸਿਹਤ ਸੰਭਾਲ ਦੇਣ ਦੀ ਹੈ।
ਚੌਥੀ ਗਾਰੰਟੀ ਵਿੱਚ ਬਕਾਇਆ ‘ਵਧੇ ਹੋਏ’ ਪਾਣੀ ਦੇ ਬਿੱਲਾਂ ਦੀ ਮੁਆਫ਼ੀ ਦਾ ਵਾਅਦਾ ਕੀਤਾ ਗਿਆ ਹੈ, ਜਦਕਿ ਪੰਜਵੀਂ ਗਾਰੰਟੀ ਕੌਮੀ ਰਾਜਧਾਨੀ ਦੇ ਹਰ ਘਰ ਨੂੰ 24 ਘੰਟੇ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਹੈ।
‘ਭਾਜਪਾ ਨੇ ਸਾਡਾ ‘ਗਾਰੰਟੀ’ ਸ਼ਬਦ ਚੋਰੀ ਕੀਤਾ’ : ਕੇਜਰੀਵਾਲ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਦੇਸ਼ ਵਿੱਚ ਸਭ ਤੋਂ ਪਹਿਲਾਂ ‘ਗਾਰੰਟੀ’ ਸ਼ਬਦ ਅਸੀਂ ਲਿਆਂਦਾ। ਭਾਜਪਾ ਨੇ ਇਸ ਨੂੰ ਚੋਰੀ ਕਰ ਲਿਆ ਪਰ ਫਰਕ ਇਹ ਹੈ ਕਿ ਅਸੀਂ ਆਪਣੇ ਵਾਅਦੇ ਪੂਰੇ ਕਰਦੇ ਹਾਂ, ਜਦਕਿ ਉਹ ਨਹੀਂ ਕਰਦੇ।’ ਕੇਜਰੀਵਾਲ ਨੇ ਵੋਟਰਾਂ ਨੂੰ ਈਵੀਐੱਮ ‘ਤੇ ਭਾਜਪਾ ਦੇ ‘ਕਮਲ’ ਬਟਨ ਦੀ ਬਜਾਏ ਧਨ ਅਤੇ ਖੁਸ਼ਹਾਲੀ ਦੀ ਦੇਵੀ ਲਕਸ਼ਮੀ ਨਾਲ ਜੁੜੇ ‘ਆਪ’ ਦੇ ਚੋਣ ਨਿਸ਼ਾਨ ‘ਝਾੜੂ’ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ‘ਆਪ’ ਦੇ ਸੀਨੀਅਰ ਆਗੂ ਸੌਰਭ ਭਾਰਦਵਾਜ ਨੇ ਕਿਹਾ, ‘ਕਮਲ ਚਿੱਕੜ ਵਿੱਚ ਖਿੜਦਾ ਹੈ ਅਤੇ ਚਿੱਕੜ ਨੂੰ ‘ਝਾੜੂ’ ਨਾਲ ਸਾਫ ਕੀਤਾ ਜਾਂਦਾ ਹੈ। ਇਸ ਲਈ ਜੇ ਤੁਸੀਂ ਝਾੜੂ ਦਾ ਬਟਨ ਦਬਾਉਂਦੇ ਹੋ ਤਾਂ ਹਰ ਮਹੀਨੇ 25 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ।’

 

RELATED ARTICLES
POPULAR POSTS