
‘ਵੋਟ ਬਚਾਓ-ਦੇਸ਼ ਬਚਾਓ’ ਮੁਹਿੰਮ ਲਈ ਨਿਗਰਾਨਾਂ ਦੀ ਨਿਯੁਕਤੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ‘ਵੋਟ ਚੋਰੀ’ ਦੇ ਮੁੱਦੇ ’ਤੇ ਭਾਰਤੀ ਜਨਤਾ ਪਾਰਟੀ ਨੂੰ ਘੇਰੇਗੀ। ਕਾਂਗਰਸ ਪਾਰਟੀ ‘ਵੋਟ ਬਚਾਓ-ਦੇਸ਼ ਬਚਾਓ’ ਮੁਹਿੰਮ ਨੂੰ ਲੈ ਕੇ ਹਰ ਗਲੀ, ਮੁਹੱਲੇ ਅਤੇ ਪਿੰਡਾਂ ਵਿਚ ਜਾਵੇਗੀ। ਇਹੀ ਨਹੀਂ ਪਾਰਟੀ ਹੁਣ ਹਰ ਬੂਥ ’ਤੇ ਵੋਟ ਨਿਗਰਾਨਾਂ ਦੀ ਨਿਯੁਕਤੀ ਕਰੇਗੀ, ਜੋ ਕਿ ਵੋਟਰ ਸੂਚੀ ’ਤੇ ਨਜ਼ਰ ਰੱਖਣਗੇ ਅਤੇ ਵੋਟਰਾਂ ਦੀ ਪਹਿਚਾਣ ਕਰਨਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ 6 ਪ੍ਰਮੁੱਖ ਜ਼ੋਨਾਂ ਵਿਚ ਵੰਡ ਦਿੱਤਾ ਹੈ। ਹਰ ਜ਼ੋਨ ਵਿਚ ਕੇਂਦਰੀ ਅਤੇ ਸੂਬਾਈ ਨਿਗਰਾਨਾਂ ਦੀ ਨਿਯੁਕਤੀ ਕੀਤੀ ਜਾਵੇਗੀ। ਪਾਰਟੀ ਨੇ ਹਰਦੀਪ ਸਿੰਘ ਕਿੰਗਰਾ ਨੂੰ ਪੰਜਾਬ ਵਿਚ ਇਸ ਮੁਹਿੰਮ ਦਾ ਮੁੱਖ ਕੋਆਰਡੀਨੇਟਰ ਨਿਯੁਕਤ ਕੀਤਾ ਹੈ, ਜਿਨ੍ਹਾਂ ਨੂੰ ਇਸਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਰਗਟ ਸਿੰਘ ਨੇ ਸਾਰੀਆਂ ਜ਼ਿਲ੍ਹਾ ਕਮੇਟੀਆਂ, ਬਲਾਕ ਪ੍ਰਧਾਨਾਂ ਅਤੇ ਹੋਰ ਸੰਗਠਨਾਂ ਨੂੰ ਕੇਂਦਰੀ ਅਤੇ ਸੂਬਾ ਪੱਧਰੀ ਕੋਆਰਡੀਨੇਟਰਾਂ ਨਾਲ ਮਿਲ ਕੇ ਕੰਮ ਕਰਨ ਦਾ ਨਿਰਦੇਸ਼ ਦਿੱਤਾ ਹੈ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਚੋਣਾਂ ਹਨ ਅਤੇ ਇਸ ਮੁਹਿੰਮ ਨੂੰ ਜ਼ਮੀਨੀ ਪੱਧਰ ਤੱਕ ਲੈ ਕੇ ਜਾਣਾ ਜ਼ਰੂਰੀ ਹੈ।

