ਅਮਿਤ ਸ਼ਾਹ, ਨਿਰਮਲਾ ਸੀਤਾਰਾਮਨ, ਐਸ ਜੈਸ਼ੰਕਰ ਤੇ ਰਾਜਨਾਥ ਸਿੰਘ ਦੇ ਵਿਭਾਗ ਬਰਕਰਾਰ
ਲੁਧਿਆਣਾ ਤੋਂ ਚੋਣ ਹਾਰਨ ਵਾਲੇ ਰਵਨੀਤ ਬਿੱਟੂ ਨੂੰ ਰਾਜ ਮੰਤਰੀ ਬਣਾਇਆ, ਭਾਈਵਾਲ ਪਾਰਟੀਆਂ ਨੂੰ ਵੀ ਸੌਂਪੇ ਅਹਿਮ ਮੰਤਰਾਲੇ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਐੱਨਡੀਏ ਸਰਕਾਰ ਵਿਚ ਭਾਜਪਾ ਨੇ ਗ੍ਰਹਿ, ਰੱਖਿਆ, ਵਿੱਤ, ਵਿਦੇਸ਼ ਮੰਤਰਾਲੇ ਤੇ ਰੇਲਵੇ ਸਣੇ ਕਈ ਅਹਿਮ ਮੰਤਰਾਲੇ ਆਪਣੇ ਕੋਲ ਰੱਖੇ ਹਨ। ਪਾਰਟੀ ਨੇ ਆਪਣੇ ਸਿਖਰਲੇ ਚਾਰ ਆਗੂਆਂ- ਅਮਿਤ ਸ਼ਾਹ, ਰਾਜਨਾਥ ਸਿੰਘ, ਨਿਰਮਲਾ ਸੀਤਾਰਮਨ ਤੇ ਐੱਸ.ਜੈਸ਼ੰਕਰ ਨੂੰ ਨਵੀਂ ਕੈਬਨਿਟ ਵਿਚ ਕ੍ਰਮਵਾਰ ਪੁਰਾਣੇ ਮੰਤਰਾਲਿਆਂ- ਗ੍ਰਹਿ, ਰੱਖਿਆ, ਵਿੱਤ, ਵਿਦੇਸ਼ ਮਾਮਲੇ ਨਾਲ ਨਿਵਾਜਿਆ ਹੈ। ਅਸ਼ਵਨੀ ਵੈਸ਼ਨਵ ਰੇਲ ਮੰਤਰੀ ਅਤੇ ਮਨਸੁਖ ਮਾਂਡਵੀਆ ਕਿਰਤ ਤੇ ਰੁਜ਼ਗਾਰ ਦੇ ਨਾਲ ਖੇਡ ਮੰਤਰੀ ਹੋਣਗੇ। ਕੇਂਦਰੀ ਕੈਬਨਿਟ ਵਿਚ ਨਵੇਂ ਚਿਹਰਿਆਂ ਵਜੋਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਭਾਜਪਾ ਪ੍ਰਧਾਨ ਜੇਪੀ ਨੱਢਾ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸ਼ਾਮਲ ਕੀਤਾ ਗਿਆ ਹੈ। ਚੌਹਾਨ ਨੂੰ ਖੇਤੀ ਤੇ ਪੇਂਡੂ ਵਿਕਾਸ, ਨੱਢਾ ਨੂੰ ਸਿਹਤ ਜਦੋਂਕਿ ਖੱਟਰ ਨੂੰ ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਅਤੇ ਬਿਜਲੀ ਮੰਤਰਾਲੇ ਮਿਲੇ ਹਨ। ਨੱਢਾ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਸਿਹਤ ਮੰਤਰੀ ਰਹਿ ਚੁੱਕੇ ਹਨ।
ਲੁਧਿਆਣਾ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਵਜੋਂ ਫੂਡ ਪ੍ਰੋਸੈਸਿੰਗ ਤੇ ਰੇਲ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ। ਨਵੀਂ ਕੈਬਨਿਟ ਵਿਚ ਨਿਤਿਨ ਗਡਕਰੀ ਪਹਿਲਾਂ ਵਾਂਗ ਸੜਕੀ ਆਵਾਜਾਈ ਮੰਤਰੀ ਤੇ ਧਰਮੇਂਦਰ ਪ੍ਰਧਾਨ ਸਿੱਖਿਆ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਉਣਗੇ। ਕਿਰਨ ਰਿਜਿਜੂ ਨੂੰ ਧਰਤ ਵਿਗਿਆਨ ਮੰਤਰਾਲੇ ਤੋਂ ਸੰਸਦੀ ਮਾਮਲੇ ਮੰਤਰਾਲੇ ‘ਚ ਭੇਜ ਦਿੱਤਾ ਹੈ ਜਦੋਂਕਿ ਅਰਜੁਨ ਰਾਮ ਮੇਘਵਾਲ ਕਾਨੂੰਨ ਮੰਤਰੀ ਬਣੇ ਰਹਿਣਗੇ। ਸਰਬਾਨੰਦ ਸੋਨੋਵਾਲ ਜਹਾਜ਼ਰਾਨੀ ਮੰਤਰਾਲਾ ਆਪਣੇ ਕੋਲ ਰੱਖਣਗੇ। ਅਸ਼ਵਨੀ ਵੈਸ਼ਨਵ ਨੂੰ ਇਕ ਵਾਰ ਫਿਰ ਰੇਲਵੇ ਅਤੇ ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲਿਆਂ ਦਾ ਭਾਰ ਸੰਭਾਲਿਆ ਗਿਆ ਹੈ। ਇਨ੍ਹਾਂ ਦੋ ਮਹਿਕਮਿਆਂ ਤੋਂ ਇਲਾਵਾ ਉਨ੍ਹਾਂ ਨੂੰ ਸੂਚਨਾ ਤੇ ਪ੍ਰਸਾਰਨ ਜਿਹਾ ਅਹਿਮ ਮੰਤਰਾਲਾ ਵੀ ਦਿੱਤਾ ਗਿਆ ਹੈ। ਪਿਊਸ਼ ਗੋਇਲ ਦੀ ਝੋਲੀ ਮੁੜ ਵਣਜ ਤੇ ਸਨਅਤ ਮੰਤਰਾਲਾ ਪਿਆ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਹਰਦੀਪ ਸਿੰਘ ਪੁਰੀ ਕੋਲ ਹੀ ਰਹੇਗਾ।
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨਰਿੰਦਰ ਮੋਦੀ ਦੀ ਸਿਫਾਰਸ਼ ‘ਤੇ ਪ੍ਰਧਾਨ ਮੰਤਰੀ ਸਣੇ ਕੇਂਦਰੀ ਕੈਬਨਿਟ ਦੇ 72 ਮੈਂਬਰਾਂ ਨੂੰ ਮੰਤਰਾਲਿਆਂ ਦੀ ਵੰਡ ਕੀਤੇ ਜਾਣ ਦੀ ਹਦਾਇਤ ਕੀਤੀ ਹੈ। ਕੇਂਦਰੀ ਕੈਬਨਿਟ ਵਿਚ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਦੇ ਪੰਜ ਮੈਂਬਰਾਂ ਜਨਤਾ ਦਲ (ਸੈਕੁਲਰ) ਦੇ ਐੱਚਡੀ ਕੁਮਾਰਸਵਾਮੀ ਨੂੰ ਭਾਰੀ ਸਨਅਤਾਂ ਤੇ ਸਟੀਲ ਮੰਤਰਾਲਾ, ਜੀਤਨ ਰਾਮ ਮਾਂਝੀ (ਐੱਚਏਐੱਮ-ਸੈਕੁਲਰ) ਨੂੰ ਮਾਈਕਰੋ, ਸਮਾਲ ਤੇ ਮੀਡੀਅਮ ਐਂਟਰਪ੍ਰਾਈਜ਼ਿਜ਼ ਮੰਤਰਾਲਾ, ਜੇਡੀਯੂ ਦੇ ਲੱਲਨ ਸਿੰਘ ਨੂੰ ਪੰਚਾਇਤੀ ਰਾਜ, ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲਾ, ਟੀਡੀਪੀ ਦੇ ਕੇ.ਰਾਮਮੋਹਨ ਨਾਇਡੂ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਆਗੂ ਚਿਰਾਗ ਪਾਸਵਾਨ ਨੂੰ ਫੂਡ ਪ੍ਰੋਸੈਸਿੰਗ ਮੰਤਰਾਲਾ ਦਿੱਤਾ ਗਿਆ ਹੈ। ਭਾਜਪਾ ਆਗੂ ਸੀਆਰ ਪਾਟਿਲ ਨੂੰ ਜਲ ਸ਼ਕਤੀ ਤੇ ਗਜੇਂਦਰ ਸਿੰਘ ਸ਼ੇਖਾਵਤ ਨੂੰ ਸਭਿਆਚਾਰ ਤੇ ਸੈਰ-ਸਪਾਟਾ ਮੰਤਰਾਲਾ ਮਿਲਿਆ ਹੈ। ਅਮਿਤ ਸ਼ਾਹ ਕੋਲ ਗ੍ਰਹਿ ਤੋਂ ਇਲਾਵਾ ਸਹਿਕਾਰਤਾ ਮੰਤਰਾਲਾ ਵੀ ਰਹੇਗਾ ਜਦੋਂਕਿ ਸੀਤਾਰਮਨ ਕਾਰਪੋਰੇਟ ਮੰਤਰਾਲੇ ਦਾ ਕੰਮਕਾਜ ਵੀ ਦੇਖਣਗੇ। ਵੀਰੇਂਦਰ ਕੁਮਾਰ ਕੋਲ ਪਹਿਲਾ ਦੀ ਤਰ੍ਹਾਂ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਰਹੇਗਾ ਜਦੋਂਕਿ ਜੁਆਲ ਓਰਮ ਨਵੇਂ ਆਦਿਵਾਸੀ ਮਾਮਲਿਆਂ ਬਾਰੇ ਮੰਤਰੀ ਹੋਣਗੇ। ਪ੍ਰਹਿਲਾਦ ਜੋਸ਼ੀ, ਜਿਨ੍ਹਾਂ ਕੋਲ ਪਹਿਲਾਂ ਕੋਲਾ ਤੇ ਖਾਣਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਸਨ, ਨੂੰ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਦਿੱਤੇ ਗਏ ਹਨ। ਗਿਰੀਰਾਜ ਸਿੰਘ ਨੂੰ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰਾਲੇ ਤੋਂ ਬਦਲ ਕੇ ਟੈਕਸਟਾਈਲ ਵਿਚ ਤਬਦੀਲ ਕੀਤਾ ਹੈ। ਸਾਬਕਾ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਹੁਣ ਕਮਿਊਨੀਕੇਸ਼ਨਜ਼ ਤੇ ਉੱਤਰ ਪੂਰਬੀ ਖਿੱਤੇ ਦੇ ਵਿਕਾਸ ਮੰਤਰਾਲਿਆਂ ਦੇ ਇੰਚਾਰਜ ਹੋਣਗੇ। ਅੰਨਾਪੂਰਨਾ ਦੇਵੀ ਨਵੇਂ ਮਹਿਲਾ ਤੇ ਬਾਲ ਵਿਕਾਸ ਮੰਤਰੀ ਹਨ। ਰਾਜ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਆਗੂਆਂ ਵਿਚੋਂ ਭਾਜਪਾ ਦੇ ਭਾਈਵਾਲ ਤੇ ਆਰਐੱਲਡੀ ਆਗੂ ਜੈਯੰਤ ਚੌਧਰੀ ਨੂੰ ਹੁਨਰ ਵਿਕਾਸ ਤੇ ਉੱਦਮੀਆਂ ਬਾਰੇ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ ਜਦੋਂਕਿ ਸ਼ਿਵ ਸੈਨਾ ਆਗੂ ਜਾਧਵ ਪ੍ਰਤਾਪ ਰਾਓ ਗਣਪਤਰਾਓ ਆਯੂਸ਼ ਮੰਤਰਾਲੇ ਦਾ ਕਾਰਜਭਾਰ ਦੇਖਣਗੇ।
Check Also
ਡੋਨਾਲਡ ਟਰੰਪ ਨੇ ਦਵਾਈਆਂ ’ਤੇ ਟੈਰਿਫ ਲਗਾਉਣ ਦਾ ਕੀਤਾ ਐਲਾਨ
ਟਰੰਪ ਦੇ ਫੈਸਲੇ ਨਾਲ ਭਾਰਤੀ ਕੰਪਨੀਆਂ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਵਾਸ਼ਿੰਗਟਨ/ਬਿਊਰੋ ਨਿਊਜ਼ : …