ਯਾਦਵ ਨੇ ਯੋਗੀ ਅਦਿੱਤਿਆਨਾਥ ‘ਤੇ ਲਈ ਚੁਟਕੀ
ਲਖਨਊ/ਬਿਊਰੋ ਨਿਊਜ਼ : ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਆਪਣੇ ਪਰਿਵਾਰ ਨਹੀਂ ਹੁੰਦੇ, ਉਹ ਲੋਕਾਂ ਦੀ ਫਿਕਰ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੂੰ ਗ੍ਰਹਿਸਥ ਜੀਵਨ ਦੇ ਦੁੱਖਾਂ ਦੀ ਕੋਈ ਸਮਝ ਨਹੀਂ ਹੁੰਦੀ। ਅਖਿਲੇਸ਼ ਨੇ ਸਵਾਲ ਕੀਤਾ ਕਿ ਕੀ ਲੋਕ ‘ਯੋਗੀ ਸਰਕਾਰ’ ਚਾਹੁੰਦੇ ਹਨ ਜਾਂ ਫਿਰ ‘ਯੋਗ ਸਰਕਾਰ’।
‘ਸਮਾਜਵਾਦੀ ਵਿਜੈ ਰੱਥ ਯਾਤਰਾ’ ਲਈ ਮਾਹੋਬਾ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਯਾਦਵ ਨੇ ਕਿਹਾ ਕਿ ਸਾਡੇ ਆਪਣੇ ਪਰਿਵਾਰ ਹਨ, ਜਿਸ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਕਿਸੇ ਕਿਰਤੀ ਜਾਂ ਕਿਸਾਨ ਦੀ ਮੌਤ ਹੁੰਦੀ ਹੈ ਤਾਂ ਸਬੰਧਤ ਪਰਿਵਾਰ ਕਿਸ ਪੀੜ ‘ਚੋਂ ਲੰਘਦਾ ਹੈ। ਜਿਨ੍ਹਾਂ ਨੇ ਪਰਿਵਾਰ ਪਾਲੇ ਹੋਣ ਉਨ੍ਹਾਂ ਨੂੰ ਇਕ ਸਧਾਰਨ ਪਰਿਵਾਰ ਦੇ ਦੁੱਖ ਦੀ ਸਮਝ ਹੁੰਦੀ ਹੈ। ਜਿਨ੍ਹਾਂ ਦਾ ਘਰ-ਬਾਰ ਹੀ ਨਹੀਂ ਹੈ ਉਹ ਕਦੇ ਵੀ ਇਸ ਪੀੜ ਨੂੰ ਨਹੀਂ ਸਮਝਣਗੇ ਤੇ ਨਾ ਹੀ ਪ੍ਰਵਾਹ ਕਰਨਗੇ। ਯੂਪੀ ‘ਚ ਭਾਜਪਾ ਦੇ ਨਾਅਰੇ ‘ਦਮਦਾਰ ਸਰਕਾਰ’ ਉੱਤੇ ਤਨਜ਼ ਕਸਦਿਆਂ ਯਾਦਵ ਨੇ ਕਿਹਾ ਕਿ ਉਹ ਸਿਰਫ਼ ‘ਦਮਦਾਰ ਝੂਠ’ ਬੋਲ ਸਕਦੇ ਹਨ।
ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਟੈਬਲੈਟਸ ਤੇ ਸਮਾਰਟਫੋਨ ਦੇਣ ਦੀ ਗੱਲ ਕਰਦਿਆਂ ਸਪਾ ਮੁਖੀ ਨੇ ਕਿਹਾ ਕਿ ਕੀ ਕੋਈ ਬਾਬਾ ਮੁੱਖ ਮੰਤਰੀ ਲੈਪਟਾਪ ਚਲਾ ਸਕਦਾ ਹੈ? ਹੁਣ ਤਾਂ ਇਹ ਵੀ ਸੁਣਨ ‘ਚ ਆਇਆ ਹੈ ਕਿ ਉਸ ਨੂੰ ਤਾਂ ਸਮਾਰਟਫੋਨ ਵੀ ਚਲਾਉਣਾ ਨਹੀਂ ਆਉਂਦਾ। ਜੇ ਉਸ ਨੂੰ ਆਉਂਦਾ ਹੁੰਦਾ ਤਾਂ ਸਰਕਾਰ ਨੇ ਹੁਣ ਤੱਕ ਸਾਡੇ ਨੌਜਵਾਨਾਂ ਨੂੰ ਇਹ ਦੇ ਦਿੱਤੇ ਹੁੰਦੇ। ਯਾਦਵ ਨੇ ਕਿਹਾ ਕਿ ਯੋਗੀ ਸਰਕਾਰ ਨੇ ਮਿੱਥ ਕੇ ਟੈੱਟ ਦਾ ਪ੍ਰਸ਼ਨ ਪੱਤਰ ਲੀਕ ਕੀਤਾ ਸੀ ਕਿਉਂਕਿ ਸੂਬਾ ਸਰਕਾਰ ਸਫ਼ਲ ਉਮੀਦਵਾਰਾਂ ਨੂੰ ਨੌਕਰੀਆਂ ਦੇਣ ਦੀ ਸਥਿਤੀ ਵਿੱਚ ਨਹੀਂ ਹੈ।
Check Also
ਜੰਮੂ ਕਸ਼ਮੀਰ ਵਿਧਾਨ ਸਭਾ ’ਚ 370 ਦੀ ਬਹਾਲੀ ਦਾ ਮਤਾ ਪਾਸ – ਭਾਜਪਾ ਵਿਧਾਇਕਾਂ ਨੇ ਕੀਤਾ ਹੰਗਾਮਾ
ਜੰਮੂ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿਧਾਨ ਸਭਾ ਨੇ ਸੂਬੇ ਦੀ ਸਪੈਸ਼ਲ ਸਟੇਟਸ ਧਾਰਾ 370 ਨੂੰ ਫਿਰ …