ਚੰਡੀਗੜ੍ਹ/ਪ੍ਰਿੰਸ ਗਰਗ : ਪੰਜਾਬ ਦੇ ਵਾਸੀ ਜਦੋ ਆਪਣਾ ਮੁਲਕ ਛੱਡ ਪਰਵਾਸੀ ਬਣਦੇ ਹਨ ਤੇ ਕਿਸ ਤਰ੍ਹਾਂ ਉਹ ਆਪਣਾ ਪਿਛੋਕੜ ਸੰਭਾਲ ਕੇ ਰੱਖਦੇ ਨੇ, ਹਰ ਵਕਤ ਕਿਸ ਤਰ੍ਹਾਂ ਉਹ ਉਸ ਮਿੱਟੀ ਨਾਲ ਜੁੜੇ ਰਹਿੰਦੇ ਹਨ ਅਤੇ ਹਰ ਵੇਲੇ ਉਸ ਵਿਰਾਸਤ ਦੇ ਵਿੱਚ ਖੁੱਭੇ ਰਹਿੰਦੇ ਹਨ ਜਿਹੜੀ ਉਨ੍ਹਾਂ ਦਾ ਅਸਲ ਵਜੂਦ ਹੈ, ਪਰ ਜਦੋਂ ਨਵੀ ਪੀੜ੍ਹੀ ਜਿਹਨਾਂ ਦਾ ਜਨਮ ਹੀ ਵਿਦੇਸ਼ਾਂ ਵਿੱਚ ਹੁੰਦਾ ਹੈ ਜਾਂ ਇੰਝ ਕਹਿ ਲਵੋ ਨਿਆਣੀ ਉਮਰੇ ਉਹ ਬੱਚੇ ਆਪਣੇ ਮਾਤਾ-ਪਿਤਾ ਨਾਲ ਵਿਦੇਸ਼ ਚਲੇ ਜਾਂਦੇ ਹਨ ਅਤੇ ਉਸ ਵਿਰਾਸਤ ਤੋਂ ਵਾਂਝੇ ਰਹਿ ਜਾਂਦੇ ਹਨ ਜਿਹੜੀ ਅਜੇ ਉਨ੍ਹਾਂ ਦੇ ਅੰਦਰ ਘਰ ਕਰਨੀ ਸੀ, ਇਸੇ ਦੇ ਨਾਲ ਜਦੋਂ ਇਹ ਨਿਆਣੀ ਪੀੜ੍ਹੀ ਵੱਡੀ ਹੁੰਦੀ ਹੈ ਅਤੇ ਆਪਣੀ ਮਿੱਟੀ ਦੀ ਖੁਸ਼ਬੋ ਤੋਂ ਅਣਜਾਣ ਹੋ ਜਾਂਦੀ ਹੈ ਤਾਂ ਉਹ ਹਰ ਵੇਲੇ ਵਿਦੇਸ਼ਾਂ ਦੀ ਹੀ ਬਣ ਕੇ ਰਹਿ ਜਾਂਦੀ ਹੈ ਅਤੇ ਆਪਣੇ ਮਾਪਿਆਂ ਨੂੰ ਵੀ ਉਸ ਮਿੱਟੀ ਨੂੰ ਭੁਲਾਉਣ ਲਈ ਮਜਬੂਰ ਕਰਦੀ ਹੈ ਜਿਥੇ ਉਨ੍ਹਾਂ ਨੇ ਸਾਹ ਲੈਣਾ ਸਿੱਖਿਆ ਸੀ ਅਤੇ ਬਾਅਦ ਵਿੱਚ ਓਹੀ ਮਾਪਿਆਂ ਦਾ ਵਿਦੇਸ਼ਾਂ ਵਿੱਚ ਸਾਹ ਲੈਣਾ ਔਖਾ ਹੋ ਜਾਂਦਾ ਹੈ, ਪਰ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਪਰਿਵਾਰਾਂ ਦੇ ਆਪਸੀ ਪਿਆਰ ਦੀ ਤਰਜ਼ ‘ਤੇ ਬਣੀ ਫਿਲਮ ‘ਪਿੰਡ ਅਮਰੀਕਾ’ ਇਸ ਵਾਰ ਵਿਦੇਸ਼ਾਂ ਵਿੱਚ ਬੈਠੇ ਪਰਵਾਸੀਆਂ ਨੂੰ ਆਪਣੀ ਮਿੱਟੀ ਨਾਲ ਮੁੜ ਤੋਂ ਜੁੜਣ ਅਤੇ ਉਸ ਵਿਰਾਸਤ ਨੂੰ ਹਰ ਪਲ ਆਪਣੇ ਸਾਹਾਂ ਵਿੱਚ ਵਸਾਉਣ ਲਈ ਪ੍ਰੇਰਿਤ ਕਰੇਗੀ, ਜਿਵੇਂ ਰਗਾਂ ਵਿੱਚ ਦੌੜਦਾ ਐ ਖੂਨ ਕਦੇ ਰਗਾਂ ਨਾਲੋਂ ਵੱਖ ਨਹੀਂ ਹੋ ਸਕਦਾ , ਓਵੇਂ ਹੀ ਪੰਜਾਬ ਤੋਂ ਗਏ ਪਰਵਾਸੀ ਆਪਣੇ ਵਜੂਦ ਤੋਂ ਬਿਨਾ ਨਹੀਂ ਰਹਿ ਸਕਦੇ।
ਲਾਇਨਜ਼ ਫ਼ਿਲਮਜ਼ ਪ੍ਰੋਡਕਸ਼ਨ ਹਾਊਸ ਅਤੇ ਸਿਮਰਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਲੇਖਕ ਅਤੇ ਨਿਰਦੇਸ਼ਕ ਸਿਮਰਨ ਸਿੰਘ ਦੀ ਇਸ ਫ਼ਿਲਮ ‘ਪਿੰਡ ਅਮਰੀਕਾ’ ਨੂੰ ਡਾ. ਹਰਚੰਦ ਸਿੰਘ ਯੂ. ਐਸ. ਏ. ਨੇ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ਵਿੱਚ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਭਿੰਦਾ ਔਜਲਾ ਤੇ ਪ੍ਰੀਤੋ ਸਾਹਨੀ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਵਿੱਚ ਅਮਰ ਨੂਰੀ, ਬੀ. ਕੇ ਸਿੰਘ ਰੱਖੜਾ, ਭਿੰਦਾ ਔਜਲਾ, ਪ੍ਰੀਤੋ ਸਾਹਨੀ, ਮਾਸਟਰ ਸੁਹੇਲ ਸਿੱਧੂ, ਕਮਲਜੀਤ ਨੀਰੂ, ਅਸ਼ੋਕ ਟਾਗਰੀ, ਮਲਕੀਤ ਮੀਤ, ਜਸਵੀਰ ਨਿੱਝਰ ਸਿੱਧੂ, ਡਾ. ਹਰਚੰਦ ਸਿੰਘ, ਪ੍ਰੀਤੀ ਰਾਏ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਫ਼ਿਲਮ ਦੇ ਗੀਤ ਫਿਰੋਜ਼ ਖਾਨ, ਅਮਰ ਨੂਰੀ, ਅਲਾਪ ਸਿਕੰਦਰ, ਸ਼ਾਰੰਗ ਸਿਕੰਦਰ ਤੇ ਰਵੀ ਥਿੰਦ ਨੇ ਗਾਏ ਹਨ। ਇਨ੍ਹਾਂ ਗੀਤਾਂ ਨੂੰ ਬਾਬਾ ਨਜ਼ਮੀ, ਪ੍ਰੀਤ ਸੋਹਲ, ਮਲਕੀਤ ਮੀਤ ਅਤੇ ਜੀਤਾ ਉਪਲ ਨੇ ਲਿਖਿਆ ਹੈ। ਸੰਗੀਤ ਅਹਿਮਦ ਅਲੀ ਅਤੇ ਸ਼ਾਰੰਗ ਸਿਕੰਦਰ ਨੇ ਦਿੱਤਾ ਹੈ।
ਇਸਦੇ ਨਿਰਦੇਸ਼ਕ ਸਿਮਰਨ ਸਿੰਘ ਨੇ ਦੱਸਿਆ ਕਿ ਇਸ ਫ਼ਿਲਮ ਨੂੰ ਬਣਾਉਣ ਦਾ ਖਿਆਲ ਉਹਨਾਂ ਨੂੰ ਅਮਰੀਕਾ ਵਿੱਚ ਰਹਿੰਦੇ ਇੱਕ ਬੁਜ਼ਰਗ ਜੋੜੇ ਤੋਂ ਆਇਆ। ਜਿਥੇ ਇਕ ਬੁਜ਼ਰਗ ਜੋੜੇ ਦੇ ਘਰ ਉਹਨਾਂ ਨੇ ਪੁਰਾਤਨ ਵਿਰਸੇ ਦੀ ਨਿਸ਼ਾਨੀ ਪਿੱਤਲ, ਕਾਂਸੀ ਦੇ ਬਰਤਨਾਂ ਸਮੇਤ ਪੰਜਾਬ ਦੇ ਰਵਾਇਤੀ ਭਾਂਡੇ ਛੱਜ, ਮਧਾਣੀਆਂ ਆਦਿ ਨੂੰ ਇੱਕ ਵਿਰਾਸਤੀ ਅਜਾਇਬ ਘਰ ਵਜੋਂ ਵੇਖਿਆ।
ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਆਪਸੀ ਪਿਆਰ ਦੀ ਕਹਾਣੀ ਨੂੰ ਉਜਾਗਰ ਕਰੇਗੀ ਫਿਲਮ ‘ਪਿੰਡ ਅਮਰੀਕਾ’
RELATED ARTICLES

