Breaking News
Home / ਫ਼ਿਲਮੀ ਦੁਨੀਆ / ਪੰਜਾਬੀ ਅਤੇ ਉਰਦੂ ਦੇ ਉਸਤਾਦ ਸ਼ਾਇਰ ਸਨ

ਪੰਜਾਬੀ ਅਤੇ ਉਰਦੂ ਦੇ ਉਸਤਾਦ ਸ਼ਾਇਰ ਸਨ

ਬਰਸੀ ‘ਤੇ ਵਿਸ਼ੇਸ਼
ਜਨਾਬ ਹਰਬੰਸ ਲਾਲ ਮੁਜਰਿਮ ਦਸੂਹੀ
ਡਾਕਟਰ ਵਿਸ਼ਾਲ ਦਰਸ਼ੀ
ਪੰਜਾਬੀ ਅਤੇ ਉਰਦੂ ਦੇ ਉਸਤਾਦ ਸ਼ਾਇਰ ਜਨਾਬ ਹਰਬੰਸ ਲਾਲ ਮੁਜਰਿਮ ਦਸੂਹੀ ਜੀ ਨੇ 1909 ਤੋਂ 1985 ਤੱਕ ਦੇ ਜੀਵਨ ਕਾਲ ਵਿਚ ਲੱਗਭੱਗ ਪੰਜ ਦਹਾਕਿਆਂ ਤੱਕ ਕਾਵਿ ਦੀ ਹਰੇਕ ਵਿਧਾ ਗ਼ਜ਼ਲ, ਕਵਿਤਾ, ਬੈਂਤ, ਲੋਕ ਗੀਤ ਅਤੇ ਭਜਨ ਦੇ ਨਾਲ ਜਿੱਥੇ ਮਹਾਂਪੁਰਸ਼ਾਂ ਦੇ ਜੀਵਨ ਦਰਸ਼ਨ, ਰਾਸ਼ਟਰੀ, ਈਸ਼ਵਰ ਭਗਤੀ ਅਤੇ ਸਮਾਜ ਸੁਧਾਰ ਦੀਆਂ ਰਚਨਾਵਾਂ ਨਾਲ ਉਸ ਸਮੇਂ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਜੀਵਨ ਦਾ ਚਿੱਤਰਣ ਕਰਕੇ ਅਜ਼ਾਦੀ ਪ੍ਰਾਪਤੀ ਦੇ ਅੰਦੋਲਨ ਨਾਲ ਜੁੜੇ ਅਜ਼ਾਦੀ ਯੋਧਿਆਂ ਨੂੰ ਪ੍ਰੇਰਿਤ ਹੀ ਨਹੀ ਕੀਤਾ ਸਗੋਂ ਅਜ਼ਾਦੀ ਤੋਂ ਬਾਅਦ ਦੇਸ਼ ਅਤੇ ਧਰਮ ਦੇ ਨਾਂ ‘ਤੇ ਹੋਏ ਦੰਗਾ ਫ਼ਸਾਦ ਦੇ ਜ਼ਿੰਮੇਵਾਰ ਮਜ਼੍ਹਬੀ ਜਾਨੂੰਨ ਦੇ ਸ਼ਿਕਾਰ ਰਾਜ ਨੇਤਾਵਾਂ ਨੂੰ ਖ਼ੁਦਾ ਦੇ ਕਹਿਰ ਤੋਂ ਬਚਣ ਦੀ ਹਦਾਇਤ ਵੀ ਕੀਤੀ ।ઠ
ਉਹ ਫ਼ਿਰਕੇਦਾਰੋ ਦੂਰ ਹਟੋ, ਕੁਛ ਦੇਸ਼ ਪੇ ਅਬ ਅਹਿਸਾਨ ਕਰੋ।
ਖ਼ੂੰ ਦੇਕਰ ਇਸਕੋ ਸੀਂਚਾਂ ਹੈ, ਯੇਹ ਗੁਲਸ਼ਨ ਨਾ ਵੀਰਾਨ ਕਰੋ।
ਉਸਤਾਦੀ ਅਤੇ ਸ਼ਗਿਰਦੀ ਦੇ ਪ੍ਰੰਪਰਾਗਤ ਕਵੀ ਮੁਜਰਿਮ ਜੀ ਨੇ ਦਾਗ ਸਕੂਲ ਆਫ਼ ਪੋਇਟਰੀ ਦੇ ਅਹਿਮ ਸਪਾਸਲਾਰ ਪਦਮਸ਼੍ਰੀ ਸ਼੍ਰੀ ਜ਼ੋਸ਼ ਮਲਸਿਆਨੀ ਜੀ ਅਤੇ ਪੰਜਾਬੀ ਵਿਚ ਦਸੂਹਾ ਦੇ ਹੀ ਉਸਤਾਦ ਖ਼ੁਦ ਮੁਖਤਿਆਰ ਜੀ ਦੀ ਸ਼ਗਿਰਦੀ ਕੀਤੀ ਅਤੇ ਜਦੋਂ ਉਸਤਾਦ ਮੁਜਰਿਮ ਜੀ ਦੇ ਸ਼ਗਿਰਦਾਂ ਵਿਚ ਦੀਪਕ ਜੈਤੋਈ ਵਰਗੇ ਖ਼ੁਦ ਹੋ ਨਿਬੜੇ ਉਸਤਾਦ ਤੇ ਉਨ੍ਹਾਂ ਨੇ ਪੂਰੇ ਅਧਿਕਾਰ ਨਾਲ ਆਪਣੀ ਇਕ ਗ਼ਜ਼ਲ ਦੇ ਮਕਤੇ ਵਿਚ ਕੁਝ ਇਸ ਤਰ੍ਹਾਂ ਕਿਹਾ:ઠ
ਹੋਰ ਹੋਵੇਗੀ ਭਲਾ ਉਸਤਾਦੀਆਂ ਦੀ ਕੀ ਸਨਦ,
ਹਜ਼ਰਤੇ ਮੁਜਰਿਮ ਦੇ ਸੱਭ ਸ਼ਾਗਿਰਦ ਨੇ ਉਸਤਾਦ ਹੁਣ।
ਰਾਜਨੀਤੀ ਤੋਂ ਦੂਰ ਸਨ ਮੁਜਰਿਮ ਸਾਹਿਬ ਪਰ ਦਿੱਲੀ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਸੱਦੇ ‘ਤੇ ਲਾਲ ਕਿਲ੍ਹੇ ਤੋਂ ਲੈ ਕੇ ਪ੍ਰਤਾਪ ਸਿੰਘ ਕੈਰੋਂ ਅਤੇ ਗਿਆਨੀ ਜ਼ੈਲ ਸਿੰਘ ਦੀਆਂ ਵਿਸ਼ਾਲ ਸਭਾਵਾਂ ਵਿਚ ਆਯੋਜਿਤ ਕਵੀ ਦਰਬਾਰਾਂ ਦੀ ਸ਼ੋਭਾ ਬਣੇ । ਉਨ੍ਹਾਂ ਦੀ ਕਵਿਤਾ ਇਨਸਾਨੀਅਤ ਦਾ ਲਾਹੌਰ ਰੇਡੀਓ ਸਟੇਸ਼ਨ ਤੋਂ ਤਿੰਨ ਵਾਰ ਪ੍ਰਸਾਰਣ ਹੋਇਆ । ਸਾਲਾਂ ਤੱਕ ਉਨ੍ਹਾਂ ਦੀਆਂ ਗ਼ਜ਼ਲਾਂ ਪੰਜਾਬੀ ਅਤੇ ਉਰਦੂ ਅਖ਼ਬਾਰਾਂ ਦੀ ਸ਼ਾਨ ਰਹੀਆਂ ਅਤੇ ਰੇਡੀਓ ਸਟੇਸ਼ਨ ਜਲੰਧਰ ਤੋਂ ਉਨ੍ਹਾਂ ਦੀਆਂ ਕਵਿਤਾਵਾਂ ਦਾ ਪ੍ਰਸਾਰਣ ਹੁੰਦਾ ਰਿਹਾ । ਫ਼ੱਕਰ ਸੁਭਾਅ ਦੇ ਮਾਲਿਕ ਜਨਾਬ ਮੁਜਰਿਮ ਸਾਹਿਬ ਕਈ ਵਾਰ ਰੇਡੀਓ ਸਟੇਸ਼ਨ ਜਲੰਧਰ ਤੋਂ ਦਿੱਤੇ ਜਾਣ ਵਾਲੇ ਸੱਦੇ ਨੂੰ ਹੀ ਠੁਕਰਾ ਦਿੰਦੇ ਸਨ : ઠઠ
ਅਰਜ਼ੀ ਮੇਰੀ ਤੇ ਮੇਰੀ ਕੋਈ ਅਰਜ਼ ਨਹੀਂ ਏ।
ਚਾਪਲੂਸੀ ਦੀ ਮੈਨੂੰ ਕੋਈ ਮਰਜ਼ ਨਹੀਂ ਏ।
ਮੇਰੇ ਸਿਰ ‘ਤੇ ਕਿਸੇ ਦਾ ਕਰਜ਼ ਨਹੀਂ ਏ।
ਮੈਨੂੰ ਕਿਸੇ ਵਜ਼ੀਰ ਨਾਲ ਗਰਜ਼ ਨਹੀਂ ਏ।
ਮੁਜਰਿਮ ਸਾਹਿਬ ਦੀਆਂ ਜ਼ਿਆਦਾਤਰ ਰਚਨਾਵਾਂ, ਪ੍ਰਥਾਵਾਂ, ਵਿਧਵਾ ਵਿਆਹ, ਬਾਲ ਵਿਆਹ ਅਤੇ ਸ਼ੁੱਧੀ ਅੰਦੋਲਨ ਆਦਿ ਵਿਸ਼ਿਆਂ ‘ਤੇ ਕੇਂਦਰਿਤ ਰਹੀਆਂ । ਆਰੀਆ ਸਮਾਜ ਦੇ ਵਰ੍ਹਿਆਂ ਤੱਕ ਪ੍ਰਧਾਨ ਰਹੇ ਅਤੇ ਅਜ਼ਾਦੀ ਅੰਦੋਲਨ ਵਿਚ ਪਹਿਲੇ ਆਸ਼ਿਕ ਰਿਸ਼ੀ ਦਇਆਨੰਦ ਦੇ ਵਿਚਾਰਾਂ ਤੋ ਪ੍ਰਭਾਵਿਤ ਸਨ : ઠ
ਸੁੱਖਾਂ ਭਰੇ ਵਿਦੇਸ਼ੀ ਦੇ ਰਾਜ ਕੋਲੋਂ,
ਦੁੱਖ ਭਰਿਆ ਏ ਹੁੰਦਾ ਸਵਰਾਜ ਚੰਗਾ।
ਮਜਰਿਮ ਜੀ ਇਕ ਹੀ ਪ੍ਰਮਾਤਮਾ ਨੂੰ ਮੰਨਣ ਵਾਲੇ ਅਤੇ ਮੂਰਤੀ ਪੂਜਾ, ਸ਼ਰਾਦ ਅਤੇ ਜਾਦੂ
ਟੂਣੇ ਦੇ ਕੱਟੜ ਵਿਰੋਧੀ ਸਨ। ਸੰਸਾਰ ਵਿਚ ਰਹਿ ਕੇ ਵੀ ਸੰਸਾਰ ਤੋਂ ਦੂਰ ਰਹਿ ਕੇ ਆਪਣੇ ਮਨ ਅਤੇ ਚਿੱਤ ਨੂੰ ਇਕਾਗਰ ਕਰਕੇ ਇਲਾਹੀ ਆਮਦ ਵੀ ਉਨ੍ਹਾਂ ਦੇ ਸ਼ੇਅਰਾਂ ‘ਚੋਂ ਮਿਲਦੀ ਹੈ । ઠਪੰਜਾਬੀ ਗ਼ਜ਼ਲ ਦੀ ਪ੍ਰੰਪਰਾ ਵਿਚ ਉਨ੍ਹਾਂ ਦੇ ਸਮਕਾਲੀਨ ਸ਼ਾਇਰਾਂ ‘ਚੋਂ ਨੰਦ ਲਾਲ ਨੂਰਪੁਰੀ, ਵਿਧਾਤਾ ਸਿੰਘ ਤੀਰ, ਹਜ਼ਾਰਾ ਸਿੰਘ, ਕਰਤਾਰ ਸਿੰਘ ਬਲੱਗਣ, ਦਰਸ਼ਨ ਸਿੰਘ ਅਵਾਰਾ, ਬਰਕਤ ਰਾਮ ਯੁਮਨ, ਸਾਧੂ ਸਿੰਘ ਹਮਦਰਦ ਉਨ੍ਹਾਂ ਨੂੰ ਉਸਤਾਦ ਜੀ ਕਹਿ ਕੇ ਬੁਲਾਇਆ ਕਰਦੇ ਸੀ । ਉਨ੍ਹਾਂ ਦੇ ਸ਼ਾਗਿਰਦਾਂ ਵਿਚ ਉਨ੍ਹਾਂ ਦੇ ਜਾਨਸ਼ੀਨ ਦੀਪਕ ਜੈਤੋਈ ਤੋਂ ਇਲਾਵਾ ਪ੍ਰੋ.ਦੀਦਾਰ ਸਿੰਘ ਦੀਦਾਰ, ਮਹਿੰਦਰ ਦਰਦ, ਕ੍ਰਿਸ਼ਨ ਲਾਲ ਅਨਪੜ੍ਹ, ਮਨਜ਼ੂਰ ਹੁਸ਼ਿਆਰਪੁਰੀ, ਮਦਨ ਲਾਲ ਦਿਲਕਸ਼, ਪ੍ਰੇਮ ਅਬੋਹਰਵੀ ਸ਼ਾਮਿਲ ਸਨ ।ઠ
ਉਨ੍ਹਾਂ ਦੀਆਂ ਚੁਣੀਆਂ ਹੋਈਆਂ ਗ਼ਜ਼ਲਾਂ ਨੂੰ ਸਮੇਟ ਕੇ ਉਨ੍ਹਾਂ ਦੇ ਪਰਿਵਾਰ ਵਲੋਂ ਪੰਜਾਬੀ ਗ਼ਜ਼ਲ ਸੰਗ੍ਰਿਹ ਦਰਪਨ ਦਾ ਵਿਮੋਚਨ 1986 ਵਿਚ ਭਾਸ਼ਾ ਵਿਭਾਗ ਪੰਜਾਬ ਦੇ ਉਸ ਸਮੇਂ ਦੇ ਡਾਇਰੈਕਟਰ ਸ਼੍ਰੀ ਗੋਇਲ ਵਲੋਂ ਮੁਜਰਿਮ ਸਾਹਿਬ ਦੀ ਯਾਦ ਵਿਚ ਕਰਵਾਏ ਗਏ ਰਾਜ ਪੱਧਰੀ ਕਵੀ ਦਰਬਾਰ ਵਿਚ ਕੀਤਾ ਗਿਆ ਸੀ। ਮੁਜਰਿਮ ਸਾਹਿਬ ਦੀ ਯਾਦ ਵਿਚ ਆਰੀਆ ਸਮਾਜ ਦਸੂਹਾ ਵਲੋਂ ਲਾਇਬ੍ਰਰੇਰੀ ਦਾ ਨਿਰਮਾਣ ਕਰਵਾਇਆ ਗਿਆ । ਉਨ੍ਹਾਂ ਦੇ ਵੱਡੇ ਸਪੁੱਤਰ ਆਦਰਸ਼ ਕੁਮਾਰ ਦਰਸ਼ੀ ਆਪਣੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ ਜੋ ਕਿ ਉੱਚ ਕੋਟੀ ਦੇ ਸ਼ਾਇਰ ਸਨ । 16 ਜਨਵਰੀ 1985 ਮੁਜਰਿਮ ਸਾਹਿਬ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਲੱਗਭੱਗ 10 ਸਾਲ ਬਾਅਦ 16 ਜਨਵਰੀ ਨੂੰ ਹੀ ਉਨ੍ਹਾਂ ਦੀ ਧਰਮਪਤਨੀ ਪ੍ਰੇਮ ਲਤਾ ਵੀ ਸਵਰਗ ਸਿਧਾਰ ਗਏ । ਮੁਜਰਿਮ ਸਾਹਿਬ ਦੀਆਂ ਰਚਨਾਵਾਂ ਅੱਜ ਵੀ ਪੜ੍ਹਨ ਤੇ ਉਸੇ ਤਰ੍ਹਾਂ ਹੀ ਤਾਜ਼ਾ ਮਹਿਸੂਸ ਹੁੰਦੀਆਂ ਹਨ । ਉਨ੍ਹਾਂ ਦੀ ਇੱਕ-ਇੱਕ ਰਚਨਾ ਤੇ ਸ਼ੋਧ ਗ੍ਰੰਥ ਲਿਖ ਕੇ ਪੀਐੱਚਡੀ ਕੀਤੀ ਜਾ ਸਕਦੀ ਹੈ ਇਹ ਕਹਿਣਾ ਹੈ ਡੀ ਏ ਵੀ ਕਾਲਜ ਚੰਡੀਗੜ੍ਹ ਦੇ ਰਿਟਾ. ਪ੍ਰਿੰਸੀਪਲ ਰਾਮੇਸ਼ ਜੀਵਨ ਜੀ ਦਾ । ਉਸਤਾਦ ਮੁਜਰਿਮ ਦਸੂਹੀ ਟਰੱਸਟ ਵਲੋਂ ਹਰ ਸਾਲ 16 ਜਨਵਰੀ ਨੂੰ ਉਨ੍ਹਾਂ ਦੀ ਸਲਾਨਾ ਬਰਸੀ ਮਨਾਈ ਜਾਂਦੀ ਹੈ । ਹਾਲਾਂਕਿ ਉਨ੍ਹਾਂ ਨੂੰ ਚਾਹੁਣ ਵਾਲਿਆਂ ਨੂੰ ਇਹ ਦੁੱਖ ਜ਼ਰੂਰ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਪਾਉਣ ਵਾਲੇ ਇਸ ਮਹਾਨ ਸ਼ਾਇਰ ਦੀ ਭਾਸ਼ਾ ਵਿਭਾਗ ਅਤੇ ਪੰਜਾਬ ਸਰਕਾਰ ਨੇ ਦਸੂਹਾ ਵਿਚ ਕੋਈ ਯਾਦਗਾਰ ਨਹੀ ਬਣਵਾਈ । ઠ
ਟੋਰਾਂਟੋ ਕੈਨੇਡਾઠ, 416 879 4490

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …