ਟਵਿੱਟਰ ‘ਤੇ ਮਿਹਣੋ-ਮਿਹਣੀ ਹੋਏ ਭਾਜਪਾਈ ਅਤੇ ਕਾਂਗਰਸੀ ਆਗੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਦੇ ਵਿਰੋਧੀ ਰਹੇ ਤੇ ‘ਆਪ’ ਦੇ ਨਿਸ਼ਾਨੇ ਉਪਰ ਆਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਰਾਜ ਸਭਾ ਵਿੱਚ ਹਾਜ਼ਰੀ ਲਾਉਣ ਦੀ ਆਮ ਆਦਮੀ ਪਾਰਟੀ ਨੇ ਖੂਬ ਪ੍ਰਸ਼ੰਸਾ ਕੀਤੀ ਹੈ। ਜ਼ਿਕਰਯੋਗ ਹੈ ਕਿ ਡਾ. ਮਨਮੋਹਨ ਸਿੰਘ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਰਾਜ ਸਭਾ ਵਿੱਚ ਦਿੱਲੀ ਸੇਵਾਵਾਂ ਬਾਰੇ ਬਿੱਲ ਵਿੱਚ ਵੋਟ ਪਾਉਣ ਆਏ ਸਨ।
‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇੱਕ ਟਵੀਟ ਵਿੱਚ ਕਿਹਾ, ‘ਅੱਜ, ਰਾਜ ਸਭਾ ਵਿੱਚ, ਡਾ. ਮਨਮੋਹਨ ਸਿੰਘ ਇਮਾਨਦਾਰੀ ਦੇ ਪ੍ਰਤੀਕ ਵਜੋਂ ਖੜ੍ਹੇ ਹੋਏ ਅਤੇ ਕਾਲੇ ਆਰਡੀਨੈਂਸ ਖਿਲਾਫ ਵੋਟ ਪਾਉਣ ਲਈ ਵਿਸ਼ੇਸ਼ ਤੌਰ ‘ਤੇ ਆਏ। ਲੋਕਤੰਤਰ ਅਤੇ ਸੰਵਿਧਾਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਡੂੰਘੀ ਪ੍ਰੇਰਣਾ ਹੈ। ਉਨ੍ਹਾਂ ਦੇ ਅਣਮੁੱਲੇ ਸਹਿਯੋਗ ਲਈ ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।’
ਕਾਂਗਰਸ ਦੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਟਵੀਟ ਕਰਦਿਆਂ ਕਿਹਾ, ‘ਇਹ ਪ੍ਰਤੀਕਵਾਦ ਨਾਲ ਭਰਪੂਰ ਪਲ ਹੈ। ਵੱਡੀ ਉਮਰ ਦੀ ਇੱਕ ਸ਼ਖ਼ਸੀਅਤ ਜਿਸ ਨੇ ਹਮੇਸ਼ਾ ਰਾਸ਼ਟਰ ਨੂੰ ਪਹਿਲ ਦਿੱਤੀ ਹੈ, ਬਿਮਾਰ ਸਿਹਤ ਦੇ ਬਾਵਜੂਦ ਉਸ ਦੀ ਮੌਜੂਦਗੀ, ਉਸ ਦੀ ਵਚਨਬੱਧਤਾ, ਫਰਜ਼ ਪ੍ਰਤੀ ਸਮਰਪਣ ਦੀ ਯਾਦ ਦਿਵਾਉਂਦਾ ਹੈ। ਡਾ. ਮਨਮੋਹਨ ਸਿੰਘ ਨੂੰ ਪ੍ਰਣਾਮ।’
ਭਾਜਪਾ ਨੇ ਆਪਣੇ ਅਧਿਕਾਰਤ ਟਵਿੱਟਰ ‘ਤੇ ਮਨਮੋਹਨ ਸਿੰਘ ਦੀ ਰਾਜ ਸਭਾ ਵਿੱਚ ਮੌਜੂਦਗੀ ਨੂੰ ‘ਸ਼ਰਮਨਾਕ’ ਦੱਸਿਆ ਹੈ। ਭਾਜਪਾ ਨੇ ਆਪਣੇ ਗੱਠਜੋੜ ਨੂੰ ਕਾਇਮ ਰੱਖਣ ਲਈ ਲੰਬੇ ਸਮੇਂ ਤੱਕ ਬੈਠਣ ਲਈ ਕਾਂਗਰਸ ‘ਤੇ ਸਿਆਸੀ ਹਮਲਾ ਕੀਤਾ। ਉਨ੍ਹਾਂ ਟਵਿੱਟਰ ‘ਤੇ ਲਿਖਿਆ, ‘ਦੇਸ਼ ਯਾਦ ਰੱਖੇਗਾ ਕਾਂਗਰਸ ਦਾ ਇਹ ਜਨੂੰਨ! ਕਾਂਗਰਸ ਨੇ ਇੱਕ ਸਾਬਕਾ ਪ੍ਰਧਾਨ ਮੰਤਰੀ ਨੂੰ ਦੇਰ ਰਾਤ ਤੱਕ ਵ੍ਹੀਲਚੇਅਰ ‘ਤੇ ਅਜਿਹੀ ਸਿਹਤ ਦੀ ਹਾਲਤ ਵਿੱਚ ਵੀ ਬਿਠਾ ਕੇ ਸਦਨ ਵਿੱਚ ਰੱਖਿਆ ਅਤੇ ਉਹ ਵੀ ਸਿਰਫ਼ ਆਪਣੇ ਬੇਈਮਾਨ ਗੱਠਜੋੜ ਨੂੰ ਕਾਇਮ ਰੱਖਣ ਲਈ! ਬਹੁਤ ਸ਼ਰਮਨਾਕ!’ ਇਸੇ ਦੌਰਾਨ ਕਾਂਗਰਸ ਵੱਲੋਂ ਭਾਜਪਾ ‘ਤੇ ਜਵਾਬੀ ਹੱਲਾ ਬੋਲਿਆ ਗਿਆ ਤੇ ਅਟਲ ਬਿਹਾਰੀ ਵਾਜਪਾਈ ਦੀ ਵ੍ਹੀਲ ਚੇਅਰ ‘ਤੇ ਬੈਠਿਆਂ ਦੀ ਤਸਵੀਰ ਜਾਰੀ ਕੀਤੀ। ਕਾਂਗਰਸ ਦੇ ਆਗੂ ਪਵਨ ਖੇੜਾ ਨੇ ਇਹ ਤਸਵੀਰ ਟਵਿੱਟਰ ‘ਤੇ ਟੈਗ ਕੀਤੀ। ਉਨ੍ਹਾਂ ਲਿਖਿਆ, ‘ਇਹ ਤਸਵੀਰ 2007 ਦੀਆਂ ਰਾਸ਼ਟਰਪਤੀ ਚੋਣਾਂ ਦੀ ਹੈ। ਇਸ ਚੋਣ ਵਿੱਚ ਸ੍ਰੀਮਤੀ ਪ੍ਰਤਿਭਾ ਪਾਟਿਲ ਨੂੰ 638,116 ਅਤੇ ਭੈਰੋਂ ਸਿੰਘ ਸ਼ੇਖਾਵਤ ਨੂੰ 331,306 ਵੋਟਾਂ ਮਿਲੀਆਂ। ਵੋਟ ਪਾਉਣ ਸਮੇਂ ਅਟਲ ਜੀ ਨੂੰ ਆਪਣੀ ਵ੍ਹੀਲ ਚੇਅਰ ਛੱਡ ਕੇ ਬੜੀ ਮੁਸ਼ਕਲ ਨਾਲ ਅੰਦਰ ਜਾਣਾ ਪਿਆ। ਭਾਜਪਾ ਨੂੰ ਪਤਾ ਸੀ ਕਿ ਭੈਰੋਂ ਸਿੰਘ ਬੁਰੀ ਤਰ੍ਹਾਂ ਚੋਣ ਹਾਰ ਜਾਣਗੇ ਪਰ ਫਿਰ ਵੀ ਅਟਲ ਜੀ ਨੂੰ ਲਿਆਂਦਾ ਗਿਆ।’
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …