ਮਨਜਿੰਦਰ ਸਿਰਸਾ ਬੋਲੇ-ਕਾਂਗਰਸ ਪਾਰਟੀ ’ਚ ਸਿਰਫ਼ ਮਾਂ, ਧੀ ਅਤੇ ਪੁੱਤਰ ਹੀ ਰਹਿ ਜਾਣਗੇ
ਲਖਨਊ/ਬਿਊਰੋ ਨਿਊਜ਼
ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਅੱਜ ਕਾਂਗਰਸ ਪਾਰਟੀ ਦੇ ਹੱਥ ਦਾ ਛੱਡ ਕੇ ਸਮਾਜਵਾਦੀ ਪਾਰਟੀ ਦੇ ਸਾਈਕਲ ’ਤੇ ਸਵਾਰ ਹੋ ਗਏ। ਸਿੱਬਲ ਨੇ ਉਸ ਸਮੇਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਸਮਾਜਵਾਦੀ ਪਾਰਟੀ ਦੇ ਸਮਰਥਨ ਨਾਲ ਅਜ਼ਾਦ ਉਮੀਦਵਾਰ ਵਜੋਂ ਰਾਜ ਸਭਾ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ। ਇਸ ਸਬੰਧੀ ਜਾਣਕਾਰੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਦਿੱਤੀ। ਇਸ ਸਮੇਂ ਉਨ੍ਹਾਂ ਦੇ ਨਾਲ ਪਾਰਟੀ ਦੇ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਅਤੇ ਸਮਾਜਵਾਦੀ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਬਾਅਦ ਕਪਿਲ ਸਿੱਬਲ ਨੇ ਦੱਸਿਆ ਕਿ ਉਨ੍ਹਾਂ 16 ਮਈ ਨੂੰ ਹੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕਪਿਲ ਸਿੱਬਲ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹੇ ਜਾਣ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਪਾਰਟੀ ’ਤੇ ਤੰਜ ਕਸਿਆ ਹੈ। ਉਨ੍ਹਾਂ ਤੰਜ ਕਸਦਿਆਂ ਕਿਹਾ ਕਿ ਹੌਲੀ-ਹੌਲੀ ਸਾਰੇ ਵੱਡੇ ਆਗੂ ਕਾਂਗਰਸ ਪਾਰਟੀ ਨੂੰ ਛੱਡ ਰਹੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਕਾਂਗਰਸ ਪਾਰਟੀ ਅੰਦਰ ਸਿਰਫ਼ ਮਾਂ, ਧੀ ਅਤੇ ਪੁੱਤਰ ਹੀ ਰਹਿ ਜਾਣਗੇ ਅਤੇ ਭਾਰਤ ਕਾਂਗਰਸ ਮੁਕਤ ਹੋ ਜਾਵੇਗਾ।