-12.3 C
Toronto
Sunday, February 1, 2026
spot_img
Homeਭਾਰਤਕਾਂਗਰਸ ਪਾਰਟੀ ਨੇ 2024 ਲਈ ਕੀਤੀ ਤਿਆਰੀ

ਕਾਂਗਰਸ ਪਾਰਟੀ ਨੇ 2024 ਲਈ ਕੀਤੀ ਤਿਆਰੀ

‘ਇਕ ਵਿਅਕਤੀ-ਇਕ ਅਹੁਦਾ’ ਅਤੇ ‘ਇਕ ਪਰਿਵਾਰ-ਇਕ ਟਿਕਟ’ ਦਾ ਫਾਰਮੂਲਾ ਲਾਗੂ
ਨੌਜਵਾਨਾਂ ਨੂੰ ਟਿਕਟਾਂ ‘ਚ ਮਿਲੇਗੀ 50 ਫੀਸਦੀ ਹਿੱਸੇਦਾਰੀ
ਉਦੈਪੁਰ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਨੇ ਹੁਣ ਤੋਂ ਹੀ 2024 ਦੀਆਂ ਚੋਣਾਂ ਦੀ ਤਿਆਰੀ ਕਰ ਲਈ ਹੈ। ਇਸ ਦੇ ਚੱਲਦਿਆਂ ਕਾਂਗਰਸ ਨੇ ਐਤਵਾਰ ਨੂੰ ਜਥੇਬੰਦਕ ਢਾਂਚੇ ‘ਚ ਵੱਡੇ ਸੁਧਾਰਾਂ ਦਾ ਐਲਾਨ ਕਰਦਿਆਂ ‘ਇਕ ਵਿਅਕਤੀ-ਇਕ ਅਹੁਦਾ’ ਅਤੇ ਇਕ ਪਰਿਵਾਰ-ਇਕ ਟਿਕਟ’ ਦਾ ਫਾਰਮੂਲਾ ਲਾਗੂ ਕਰ ਦਿੱਤਾ ਹੈ। ਇਸ ਦੇ ਨਾਲ ਇਹ ਸ਼ਰਤ ਵੀ ਜੁੜੀ ਹੋਵੇਗੀ ਕਿ ਪਰਿਵਾਰ ਦੇ ਕਿਸੇ ਦੂਜੇ ਮੈਂਬਰ ਨੂੰ ਟਿਕਟ ਤਾਂ ਹੀ ਮਿਲੇਗਾ ਜਦੋਂ ਉਸ ਨੇ ਜਥੇਬੰਦੀ ਲਈ ਘੱਟ ਤੋਂ ਘੱਟ ਪੰਜ ਸਾਲ ਕੰਮ ਕੀਤਾ ਹੋਵੇ। ਪਾਰਟੀ ਦੇ ਉਦੈਪੁਰ ਐਲਾਨਨਾਮੇ ‘ਚ 50 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਜਥੇਬੰਦੀ ਅਤੇ ਟਿਕਟਾਂ ‘ਚ 50 ਫ਼ੀਸਦੀ ਹਿੱਸੇਦਾਰੀ ਦੇਣਾ ਵੀ ਸ਼ਾਮਲ ਹੈ। ਕਾਂਗਰਸ ਨੇ ਰਾਜਸਥਾਨ ਦੇ ਉਦੈਪੁਰ ਵਿਚ ਲਗਾਏ ਗਏ ਤਿੰਨ ਦਿਨਾਂ ਚਿੰਤਨ ਕੈਂਪ ‘ਚ ਆਉਂਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਪਾਰਟੀ ਨੂੰ ਤਿਆਰ ਕਰਨ ਵਾਸਤੇ ਕਮਰ ਕੱਸੇ ਕਰ ਲਏ ਹਨ। ਪਾਰਟੀ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ ਕੋਈ ਵੀ ਆਗੂ ਪੰਜ ਸਾਲ ਤੋਂ ਜ਼ਿਆਦਾ ਸਮੇਂ ਤੱਕ ਇਕ ਅਹੁਦੇ ‘ਤੇ ਤਾਇਨਾਤ ਨਹੀਂ ਰਹੇਗਾ ਤਾਂ ਜੋ ਨਵੇਂ ਲੋਕਾਂ ਨੂੰ ਮੌਕਾ ਦਿੱਤਾ ਜਾ ਸਕੇ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਸਿਆਸੀ ਚੁਣੌਤੀਆਂ ਦੇ ਟਾਕਰੇ ਲਈ ਕਾਂਗਰਸ ਵਰਕਿੰਗ ਕਮੇਟੀ ‘ਚ ਸਲਾਹਕਾਰ ਗਰੁੱਪ ਬਣਾਇਆ ਜਾਵੇਗਾ। ਆਪਣੇ ਸਮਾਪਤੀ ਭਾਸ਼ਣ ‘ਚ ਸੋਨੀਆ ਨੇ ਐਲਾਨ ਕੀਤਾ ਕਿ ਜਥੇਬੰਦਕ ਸੁਧਾਰ ਸ਼ੁਰੂ ਕਰਨ ਲਈ ਟਾਸਕ ਫੋਰਸ ਬਣਾਈ ਜਾਵੇਗੀ। ਇਸ ਤੋਂ ਪਹਿਲਾਂ ਨਾਰਾਜ਼ ਧੜੇ ਦੇ 23 ਆਗੂਆਂ ਨੇ ਜਥੇਬੰਦਕ ਸੁਧਾਰਾਂ ਦੀ ਮੰਗ ਕੀਤੀ ਸੀ। ਸੋਨੀਆ ਨੇ ਕਿਹਾ ਕਿ ਕਾਂਗਰਸ ਵੱਲੋਂ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ 2 ਅਕਤੂਬਰ ਨੂੰ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕੀਤੀ ਜਾਵੇਗੀ।
ਲੋਕਾਂ ਨਾਲ ਸੰਪਰਕ ਬਹਾਲ ਕਰੋ: ਰਾਹੁਲ ਗਾਂਧੀ
ਉਦੈਪੁਰ: ਕਾਂਗਰਸ ਦੇ ਚਿੰਤਨ ਕੈਂਪ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੰਨਿਆ ਕਿ ਕਾਂਗਰਸ ਦਾ ਲੋਕਾਂ ਨਾਲ ਰਾਬਤਾ ਟੁੱਟ ਗਿਆ ਹੈ। ਇਸ ਕਰਕੇ ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸ ਵੱਲੋਂ ਅਕਤੂਬਰ ਵਿਚ ਯਾਤਰਾ ਸ਼ੁਰੂ ਕੀਤੀ ਜਾਵੇਗੀ ਤਾਂ ਕਿ ਪਾਰਟੀ ਲੋਕਾਂ ਵਿਚ ਮੁੜ ਸਥਾਪਿਤ ਹੋ ਸਕੇ ਤੇ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇ। ਉਨ੍ਹਾਂ ਕਿਹਾ ਕਿ ਇਸ ਲਈ ਕੋਈ ਸ਼ਾਰਟਕੱਟ ਨਹੀਂ ਹੈ ਬਲਕਿ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਲੋਕਾਂ ਨਾਲ ਰਾਬਤਾ ਬਣਾਉਣਾ ਪੈਣਾ ਹੈ। ਰਾਹੁਲ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਲੜਾਈ ਵਿਚਾਰਧਾਰਾ ਲਈ ਹੈ।

 

RELATED ARTICLES
POPULAR POSTS