Breaking News
Home / ਦੁਨੀਆ / ਕਮਲਾ ਹੈਰਿਸ ਅਮਰੀਕੀ ਇਤਿਹਾਸ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣੀ

ਕਮਲਾ ਹੈਰਿਸ ਅਮਰੀਕੀ ਇਤਿਹਾਸ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣੀ

ਬਿਡੇਨ ਰਾਸ਼ਟਰਪਤੀ, ਕਮਲਾ ਉਪ ਰਾਸ਼ਟਰਪਤੀ
77 ਸਾਲ ਦੇ ਬਿਡੇਨ ਅਮਰੀਕਾ ਦੇ ਸਭ ਤੋਂ ਵਡੇਰੀ ਦੇ ਰਾਸ਼ਟਰਪਤੀ
ਬਿਡੇਨ 32 ਸਾਲਾਂ ਵਿਚ ਤਿੰਨ ਵਾਰ ਕੋਸ਼ਿਸ਼ਾਂ ਤੋਂ ਬਾਅਦ ਰਾਸ਼ਟਰਪਤੀ ਬਣੇ
ਅਮਰੀਕੀ ਇਤਿਹਾਸ ‘ਚ ਬਿਡੇਨ ਨੂੰ ਉਸ ਤੋਂ ਜ਼ਿਆਦਾ 7.5 ਕਰੋੜ ਵੋਟਾਂ ਮਿਲੀਆਂ
ਕਮਲਾ ਪਾਰਟੀ ‘ਚ ਬਿਡੇਨ ਦੀ ਵਿਰੋਧੀ ਰਹੀ, ਹੁਣ ਇਕਜੁੱਟ
ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਹਾਰ ਗਏ ਹਨ ਤੇ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ। ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਿਡੇਨ ਨੇ ਰਾਸ਼ਟਰਪਤੀ ਚੋਣਾਂ ਵਿਚ ਬਾਜ਼ੀ ਮਾਰ ਲਈ। ਬਿਡੇਨ ਨੇ ਕਿਹਾ ਕਿ ਉਹ ਅਮਰੀਕੀਆਂ ਵਲੋਂ ਉਨ੍ਹਾਂ ਵਿੱਚ ਪ੍ਰਗਟਾਏ ਭਰੋਸੇ ਨਾਲ ਮਾਣ ਮਹਿਸੂਸ ਕਰਦੇ ਹਨ। ਬਿਡੇਨ ਨੇ ਟਵਿੱਟਰ ‘ਤੇ ਲਿਖਿਆ, ”ਅਮਰੀਕੀ ਲੋਕਾਂ ਵਲੋਂ ਪ੍ਰਗਟਾਏ ਭਰੋਸੇ ਨਾਲ ਮੈਂ ਅਤੇ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਖ਼ੁਦ ਨੂੰ ਸਨਮਾਨਿਤ ਮਹਿਸੂਸ ਕਰਦੇ ਹਨ। ਏਨੀਆਂ ਅਣਕਿਆਸੀਆਂ ਮੁਸ਼ਕਲਾਂ ਦੇ ਦੌਰ ਵਿੱਚ ਅਮਰੀਕੀਆਂ ਨੇ ਰਿਕਾਰਡ ਵੋਟਾਂ ਪਾਈਆਂ।” ਉਧਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਪ੍ਰਕਿਰਿਆ ਵਿਚ ਵੱਡੇ ਪੱਧਰ ‘ਤੇ ਧਾਂਦਲੀ ਹੋਣ ਦਾ ਦੋਸ਼ ਲਗਾਉਂਦੇ ਹੋਏ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਇਸੇ ਦੌਰਾਨ ਉਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੇ ਇਤਿਹਾਸ ਸਿਰਜ ਦਿੱਤਾ ਹੈ। ਅਮਰੀਕਾ ਦਾ ਦੂਜਾ ਸਭ ਤੋਂ ਉਚਾ ਰੁਤਬਾ ਹਾਸਲ ਕਰਨ ਵਾਲੀ ਉਹ ਪਹਿਲੀ ਸਿਆਹਫਾਮ ਮੂਲ ਅਤੇ ਏਸ਼ੀਅਨ-ਅਮਰੀਕਨ ਮਹਿਲਾ ਬਣ ਗਈ ਹੈ। 56 ਵਰ੍ਹਿਆਂ ਦੀ ਹੈਰਿਸ ਨੂੰ ਬਿਡੇਨ ਦੀ ਵਡੇਰੀ ਉਮਰ ਕਰਕੇ 2024 ਦੀ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ ਭਾਵੇਂ ਕਿ ਅਜਿਹੀਆਂ ਕਿਆਸਅਰਾਈਆਂ ਨੂੰ ਉਨ੍ਹਾਂ ਨੇ ਜਨਤਕ ਤੌਰ ‘ਤੇ ਉਭਰਨ ਨਹੀਂ ਦਿੱਤਾ। ਹੈਰਿਸ ਦੀ ਜਿੱਤ ਨਾਲ ਭਾਰਤ ਵਿੱਚ ਜ਼ਸ਼ਨ ਮਨਾਏ ਜਾ ਰਹੇ ਹਨ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਤੇ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੇਸ਼ ਨੂੰ ਸੰਬੋਧਨ ਕੀਤਾ। ਕਮਲਾ ਹੈਰਿਸ ਪਹਿਲੀ ਭਾਰਤੀ ਤੇ ਅਸ਼ਵੇਤ ਮਹਿਲਾ ਹੋਵੇਗੀ ਜੋ ਅਮਰੀਕਾ ਦੀ ਉਪ ਰਾਸ਼ਟਰਪਤੀ ਬਣ ਰਹੀ ਹੈ। ਇਸ ‘ਤੇ ਉਨ੍ਹਾਂ ਕਿਹਾ ਕਿ ਉਹ ਪਹਿਲੀ ਉਪ ਰਾਸ਼ਟਰਪਤੀ ਹੋਵੇਗੀ ਪਰ ਆਖਰੀ ਨਹੀਂ। ਜ਼ਿਕਰਯੋਗ ਹੈ ਕਿ ਬਿਡੇਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਪ੍ਰਸ਼ਾਸਨ ਸੰਭਾਲਣ ਜਾ ਰਹੇ ਹਨ।
ਕਮਲਾ ਹੈਰਿਸ ਦੀ ਜਿੱਤ ਦਾ ਨਾਨਕੇ ਪਿੰਡ ‘ਚ ਜਸ਼ਨ
ਤਿਰੂਵਰ (ਤਾਮਿਲਨਾਡੂ) : ਅਮਰੀਕਾ ਵਿੱਚ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਦੇ ਤਾਮਿਲਨਾਡੂ ਵਿੱਚ ਸਥਿਤ ਜੱਦੀ ਪਿੰਡ ਵਿਚ ਇਸ ਡੈਮੋਕਰੈਟ ਸੈਨੇਟਰ ਦੀ ਸਫ਼ਲਤਾ ‘ਤੇ ਖੁਸ਼ੀ ਦਾ ਮਾਹੌਲ ਸੀ ਅਤੇ ਪਿੰਡ ਵਾਸੀਆਂ ਨੇ ਆਪਣੇ ਪਿੰਡ ਦੀ ਧੀ ਦੀ ਜਿੱਤ ਦੀ ਖੁਸ਼ੀ ਵਿਚ ਦੀਵਾਲੀ ਤੋਂ ਪਹਿਲਾਂ ਹੀ ਪਟਾਕੇ ਚਲਾ ਕੇ ਅਤੇ ਮਠਿਆਈਆਂ ਵੰਡ ਕੇ ਮਨਾਈ।
ਬਿਡੇਨ ਜਦ 27 ਸਾਲ ਦੇ ਸਨ ਤਾਂ ਆਪਣੀ ਹੋਣ ਵਾਲੀ ਸੱਸ ਨੂੰ ਕਿਹਾ ਸੀ
ਇਕ ਦਿਨ ਰਾਸ਼ਟਰਪਤੀ ਬਣਾਂਗਾ
ਜੋ ਬਿਡੇਨ ਨੇ ਪਹਿਲੀ ਸ਼ਾਦੀ 1966 ਵਿਚ ਕੀਤੀ ਸੀ, ਉਦੋਂ ਉਹ 24 ਸਾਲ ਦੇ ਸਨ। ਲੜਕੀ ਦੀ ਮਾਂ ਨੇ ਪੁੱਛਿਆ ਕਿ ਕੀ ਕੰਮ ਕਰਦੇ ਹੋ? ਬਿਡੇਨ ਨੇ ਜਵਾਬ ਦਿੱਤਾ – ਇਕ ਦਿਨ ਅਮਰੀਕਾ ਦਾ ਰਾਸ਼ਟਰਪਤੀ ਬਣਾਂਗਾ। ਬਿਡੇਨ 32 ਸਾਲਾਂ ਵਿਚ ਤੀਜੀ ਕੋਸ਼ਿਸ਼ ਦੌਰਾਨ ਰਾਸ਼ਟਰਪਤੀ ਦੀ ਚੋਣ ਜਿੱਤੇ ਹਨ।
ਗਰੀਬਾਂ ਦੀ ਮਸੀਹਾ ਦੇ ਤੌਰ ‘ਤੇ ਜਾਣੀ ਜਾਂਦੀ ਹੈ ਕਮਲਾ
ਕਮਲਾ ਹੈਰਿਸ ਲਿੰਗਭੇਦ-ਨਸਲਭੇਦ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਤੋਂ ਬਾਅਦ ਇੱਥੋਂ ਤੱਕ ਪਹੁੰਚੀ ਹੈ। ਸਾਨ ਫਰਾਂਸਿਸਕੋ ਜ਼ਿਲ੍ਹੇ ਦੀ ਅਟਾਰਨੀ ਕੈਲੀਫੋਰਨੀਆ ਦੀ ਪਹਿਲੀ ਅਸ਼ਵੇਤ ਅਟਾਰਨੀ ਜਨਰਲ ਰਹੀ ਹੈ। ਕਮਲਾ ਡੈਮੋਕਰੇਟਿਕ ਪਾਰਟੀ ਵਿਚ ਬਿਡੇਨ ਦੀ ਕੱਟੜ ਵਿਰੋਧੀ ਰਹੀ ਹੈ। ਹਾਲਾਂਕਿ, ਹੁਣ ਉਨ੍ਹਾਂ ਦੀ ਸਹਿਯੋਗੀ ਹੈ। ਕਮਲਾ ਨੇ 2011 ਵਿਚ ਬੈਂਕਿੰਗ ਸੈਕਟਰ ਵਿਚ ਆਏ ਕਰੈਸ਼ ਦੇ ਕਾਰਨ ਬੇਘਰ ਹੋਏ ਲੋਕਾਂ ਨੂੰ ਮੁਆਵਜ਼ਾ ਦਿਵਾਉਣ ਲਈ ਮੁਹਿੰਮ ਚਲਾਈ ਸੀ। ਇਸ ਤੋਂ ਬਾਅਦ ਉਹ ਰਾਸ਼ਟਰੀ ਚਿਹਰਾ ਬਣ ਗਈ।
ਪੰਜ ਲੱਖ ਭਾਰਤੀਆਂ ਨੂੰ ਮਿਲ ਸਕਦੀ ਹੈ ਅਮਰੀਕੀ ਨਾਗਰਿਕਤਾ
ਬਿਡੇਨ ਦੀ ਟੀਮ ਨੇ ਦਿੱਤੀ ਜਾਣਕਾਰੀ
ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ 5 ਲੱਖ ਭਾਰਤੀਆਂ ਸਮੇਤ ਲਗਪਗ 1 ਕਰੋੜ 10 ਲੱਖ ਪਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਲਈ ਖਾਕਾ ਤਿਆਰ ਕਰਨਗੇ, ਜਿਨ੍ਹਾਂ ਦੇ ਕੋਲ ਦਸਤਾਵੇਜ਼ ਨਹੀਂ ਹਨ। ਇਸ ਤੋਂ ਇਲਾਵਾ ਉਹ ਸਾਲਾਨਾ ਘੱਟੋ-ਘੱਟ 95 ਹਜ਼ਾਰ ਸ਼ਰਨਾਰਥੀਆਂ ਨੂੰ ਅਮਰੀਕਾ ਵਿਚ ਪ੍ਰਵੇਸ਼ ਦਿਵਾਉਣ ਦੀ ਪ੍ਰਣਾਲੀ ਵੀ ਬਣਾਉਣਗੇ। ਬਿਡੇਨ ਦੀ ਟੀਮ ਵਲੋਂ ਜਾਰੀ ਇਕ ਨੀਤੀਗਤ ਦਸਤਾਵੇਜ਼ ਵਿਚ ਉਕਤ ਜਾਣਕਾਰੀ ਦਿੱਤੀ ਗਈ ਹੈ। ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਬਿਡੇਨ ਜਲਦੀ ਹੀ ਕਾਂਗਰਸ ਵਿਚ ਇਕ ਇਮੀਗ੍ਰੇਸ਼ਨ ਸੁਧਾਰ ਕਾਨੂੰਨ ਪਾਸ ਕਰਵਾਉਣ ‘ਤੇ ਕੰਮ ਸ਼ੁਰੂ ਕਰਨਗੇ, ਜਿਸ ਦੇ ਜ਼ਰੀਏ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਆਧੁਨਿਕ ਬਣਾਇਆ ਜਾਵੇਗਾ, ਜਿਸ ਦੇ ਤਹਿਤ 5 ਲੱਖ ਤੋਂ ਵੱਧ ਭਾਰਤੀਆਂ ਸਮੇਤ ਲਗਪਗ ਇਕ ਕਰੋੜ 10 ਲੱਖ ਅਜਿਹੇ ਪਰਵਾਸੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਮੁਹੱਈਆ ਕਰਵਾਉਣ ਲਈ ਖਾਕਾ ਤਿਆਰ ਕੀਤਾ ਜਾਵੇਗਾ, ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਹਨ। ਜਾਰੀ ਦਸਤਾਵੇਜ਼ ਅਨੁਸਾਰ ਅਮਰੀਕਾ ਵਿਚ ਸਾਲਾਨਾ 1 ਲੱਖ 25 ਹਜ਼ਾਰ ਸ਼ਰਨਾਰਥੀਆਂ ਨੂੰ ਪ੍ਰਵੇਸ਼ ਦਿਵਾਉਣ ਦਾ ਟੀਚਾ ਨਿਰਧਾਰਿਤ ਕੀਤਾ ਜਾਵੇਗਾ।
ਪਹਿਲ : ਮਹਾਮਾਰੀ ‘ਤੇ ਕੰਟਰੋਲ ਤੇ ਨੌਕਰੀਆਂ
ਬਿਡੇਨ ਨੇ ਕਿਹਾ ਕਿ ਅਸੀਂ ਅੰਤਰਿਮ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਾਂ। ਪਰ, ਕੰਮ ਸ਼ੁਰੂ ਕਰਨ ਲਈ ਇੰਤਜ਼ਾਰ ਨਹੀਂ ਕਰ ਰਹੇ। ਪਹਿਲੇ ਦਿਨ ਤੋਂ ਅਸੀਂ ਕਰੋਨਾ ‘ਤੇ ਕੰਟਰੋਲ ਕਰਨ ਲਈ ਇਕ ਯੋਜਨਾ ਲਾਗੂ ਕਰਨ ਵਾਲੇ ਹਾਂ। ਦੇਸ਼ ਵਿਚ ਦੋ ਕਰੋੜ ਬੇਰੁਜ਼ਗਾਰ ਹਨ। ਲੱਖਾਂ ਲੋਕ ਰੋਜ਼ੀ-ਰੋਟੀ ਲਈ ਪ੍ਰੇਸ਼ਾਨ ਹਨ। ਇਸ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਆਰਥਿਕ ਯੋਜਨਾ ਤਿਆਰ ਹੈ।
ਟੀਮ ਬਿਡੇਨ ਨੇ ਟਰੰਪ ਨੂੰ ਘੁਸਪੈਠੀਆ ਕਿਹਾ
ਡੋਨਲਡ ਟਰੰਪ ਅਜੇ ਵੀ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਇਸ ‘ਤੇ ਬਿਡੇਨ ਦਾ ਰੁਖ ਸਖਤ ਹੋ ਗਿਆ ਹੈ। ਬਿਡੇਨ ਦੀ ਪ੍ਰਚਾਰ ਟੀਮ ਦੇ ਬੁਲਾਰੇ ਐਂਡਰਿਊ ਬੇਟਸ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਵ੍ਹਾਈਟ ਹਾਊਸ ਵਿਚੋਂ ਘੁਸਪੈਠੀਆਂ ਨੂੰ ਬਾਹਰ ਕੱਢਣ ਵਿਚ ਸਮਰੱਥ ਹੈ। ਬਿਡੇਨ ਨੇ ਕਿਹਾ ਕਿ ਸਾਡੀ ਰਾਜਨੀਤੀ ਦਾ ਮਕਸਦ ਦੇਸ਼ ਲਈ ਕੰਮ ਕਰਨਾ ਹੈ। ਇਸ ਸੰਘਰਸ਼ ਦੀ ਅੱਗ ਨੂੰ ਹਵਾ ਨਹੀਂ ਦੇਣੀ ਚਾਹੀਦੀ।
ਭਾਰਤ ਲਈ ਬਿਡੇਨ ਦੀ ਜਿੱਤ ਦੇ ਮਾਅਨੇ
ੲ ਬਿਡੇਨ ਨੇ 2006 ਵਿਚ ਕਿਹਾ ਸੀ, ‘ਮੇਰਾ ਸੁਪਨਾ ਹੈ ਕਿ 2020 ਤੱਕ ਸਭ ਤੋਂ ਨਜ਼ਦੀਕੀ ਸਬੰਧ ਵਾਲੇ ਦੁਨੀਆ ਦੇ ਦੇਸ਼ਾਂ ਵਿਚ ਅਮਰੀਕਾ ਅਤੇ ਭਾਰਤ ਦਾ ਨਾਮ ਹੋਵੇ।
ੲ ਬਿਡੇਨ ਦੇ ਉਪ ਰਾਸ਼ਟਰਪਤੀ ਰਹਿੰਦੇ ਹੋਏ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਭਾਰਤ ਦੀ ਸਥਾਈ ਮੈਂਬਰਸ਼ਿਪਤਾ ਦੀ ਦਾਅਵੇਦਾਰੀ ਦਾ ਅਧਿਕਾਰਤ ਤੌਰ ‘ਤੇ ਸਮਰਥਨ ਕੀਤਾ ਸੀ।
ੲ ਹਾਲਾਂਕਿ, ਪਾਕਿਸਤਾਨ ਅਤੇ ਚੀਨ ਨੂੰ ਲੈ ਕੇ ਬਿਡੇਨ ਦਾ ਰੁਖ ਇਕਦਮ ਸਾਫ ਨਹੀਂ ਹੈ। ਉਸਦੇ ਪ੍ਰਚਾਰ ਦਸਤਾਵੇਜ਼ ਵਿਚ ਕਿਹਾ ਗਿਆ ਹੈ, ‘ਦੱਖਣੀ ਏਸ਼ੀਆ ਵਿਚ ਕਿਸੇ ਤਰ੍ਹਾਂ ਦਾ ਅੱਤਵਾਦ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਚਾਹੇ ਸਰਹੱਦ ‘ਤੇ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ।
ੲ ਕਮਲਾ ਕਸ਼ਮੀਰ ‘ਤੇ ਖੁੱਲ੍ਹ ਕੇ ਬੋਲਦੀ ਰਹੀ ਹੈ। ਇਸ ਲਈ ਸ਼ੱਕ ਹੈ ਕਿ ਜੰਮੂ ਕਸ਼ਮੀਰ ਵਿਚ ਧਾਰਾ 370 ਦੇ ਮੁੱਦੇ ‘ਤੇ ਊਨ੍ਹਾਂ ਦਾ ਰੁਖ ਭਾਰਤ ਦੇ ਨਜ਼ਰੀਏ ਨਾਲ ਸ਼ਾਇਦ ਮੇਲ ਨਾ ਖਾਵੇ।
ਅਮਰੀਕੀ ਸਿੱਖਾਂ ਵੱਲੋਂ ਬਿਡੇਨ ਅਤੇ ਕਮਲਾ ਹੈਰਿਸ ਦੀ ਜਿੱਤ ਦਾ ਸਵਾਗਤ
ਵਾਸ਼ਿੰਗਟਨ : ਅਮਰੀਕਾ ‘ਚ ਰਹਿੰਦੇ ਸਿੱਖ ਭਾਈਚਾਰੇ ਨੇ 3 ਨਵਬੰਰ ਨੂੰ ਹੋਈਆਂ ਚੋਣਾਂ ਵਿਚ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਤੇ ਉਪ-ਰਾਸ਼ਟਪਤੀ ਕਮਲਾ ਹੈਰਿਸ ਦੀ ਜਿੱਤ ਦਾ ਸਵਾਗਤ ਕੀਤਾ ਹੈ।

Check Also

ਪਾਕਿ ਨੇ ਭਾਰਤ ਨਾਲ ਰਿਸ਼ਤੇ ਸੁਧਾਰਨ ਦੀ ਕੀਤੀ ਵਕਾਲਤ

ਡਿਪਟੀ ਪੀਐਮ ਨੇ ਕਿਹਾ : ਅਸੀਂ ਦੁਸ਼ਮਣੀ ਵਿਚ ਵਿਸ਼ਵਾਸ ਨਹੀਂ ਰੱਖਦੇ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ …