ਦੁਨੀਆ ‘ਚ ਬਦਨਾਮੀ ਤੋਂ ਬਚਣ ਲਈ 88 ਅੱਤਵਾਦੀਆਂ ‘ਤੇ ਲਗਾਈਆਂ ਪਾਬੰਦੀਆਂ
ਇਸਲਾਮਾਬਾਦ/ਬਿਊਰੋ ਨਿਊਜ਼ : ਦਾਊਦ ਇਬਰਾਹਿਮ 1993 ਵਿਚ ਮੁੰਬਈ ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਭਾਰਤ ਵਿਚੋਂ ਭੱਜ ਗਿਆ ਸੀ। ਉਦੋਂ ਤੋਂ ਦਾਊਦ ਦੇ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਣ ਦੀਆਂ ਖਬਰਾਂ ਆਉਂਦੀਆਂ ਰਹੀਆਂ। ਦਾਊਦ ਇਬਰਾਹਿਮ ਸਬੰਧੀ 27 ਸਾਲਾਂ ਤੋਂ ਜਾਰੀ ਨਾਂਹ-ਨੁੱਕਰ ਤੋਂ ਬਾਅਦ ਪਾਕਿਸਤਾਨ ਨੇ ਆਖਰਕਾਰ ਆਪਣੇ ਮੁਲਕ ਵਿਚ ਉਸਦੀ ਮੌਜੂਦਗੀ ਦੀ ਗੱਲ ਕਬੂਲ ਕਰ ਲਈ ਹੈ। ਪਾਕਿਸਤਾਨ ਨੇ 88 ਅੱਤਵਾਦੀਆਂ ਦੀ ਸੂਚੀ ਜਾਰੀ ਹੈ, ਜਿਸ ਵਿਚ ਮੁੰਬਈ ਬੰਬ ਧਮਾਕਿਆਂ ਦੇ ਮਾਸਟਰ ਮਾਈਂਡ ਦਾਊਦ ਇਬਰਾਹਿਮ ਦਾ ਨਾਮ ਵੀ ਸ਼ਾਮਲ ਹੈ। ਇਸ ਸੂਚੀ ਵਿਚ ਦਾਊਦ ਦੇ ਨਾਮ ਦੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਉਸ ਕੋਲ 14 ਪਾਸਪੋਰਟ ਹਨ ਤੇ ਉਸਦੇ ਕਰਾਚੀ ਵਿਚ 3 ਘਰ ਹਨ। ਧਿਆਨ ਰਹੇ ਕਿ ਦਾਊਦ 1993 ਦੇ ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਪਾਕਿਸਤਾਨ ਭੱਜ ਗਿਆ ਸੀ। ਇਨ੍ਹਾਂ ਧਮਾਕਿਆਂ ਵਿਚ 257 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 1400 ਤੋਂ ਜ਼ਿਆਦਾ ਜ਼ਖ਼ਮੀ ਵੀ ਹੋ ਗਏ ਸਨ।
‘ਐਫਏਟੀਐਫ’ (ਵਿੱਤੀ ਸਰਗਰਮੀ ਟਾਸਕ ਫੋਰਸ) ਦੀ ‘ਗ੍ਰੇਅ ਲਿਸਟ’ ਵਿਚੋਂ ਬਾਹਰ ਆਉਣ ਲਈ ਪਾਕਿਸਤਾਨ ਨੇ 88 ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਤੇ ਉਨ੍ਹਾਂ ਦੇ ਆਗੂਆਂ ‘ਤੇ ਸਖ਼ਤ ਆਰਥਿਕ ਪਾਬੰਦੀਆਂ ਲਾਈਆਂ ਹਨ। ਇਨ੍ਹਾਂ ਆਗੂਆਂ ਵਿਚ ਹਾਫ਼ਿਜ਼ ਸਈਦ, ਮਸੂਦ ਅਜ਼ਹਰ ਅਤੇ ਦਾਊਦ ਇਬਰਾਹਿਮ ਸ਼ਾਮਲ ਹਨ। ਸੰਗਠਨਾਂ ਤੇ ਆਗੂਆਂ ਦੀ ਸਾਰੀ ਸੰਪਤੀ ਅਤੇ ਬੈਂਕ ਖ਼ਾਤੇ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੈਰਿਸ ਅਧਾਰਿਤ ‘ਐਫਏਟੀਐਫ’ ਨੇ ਪਾਕਿਸਤਾਨ ਨੂੰ ਇਸ ਸੂਚੀ ਵਿਚ ਜੂਨ 2018 ਵਿਚ ਸ਼ਾਮਲ ਕੀਤਾ ਸੀ। ਪਾਕਿ ਨੂੰ 2019 ਦੇ ਅੰਤ ਤੱਕ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਮਹਾਮਾਰੀ ਫੈਲਣ ਕਾਰਨ ਕਾਰਵਾਈ ਦੀ ਮਿਆਦ ਵਧਾ ਦਿੱਤੀ ਗਈ ਸੀ। ਸਰਕਾਰ ਨੇ 18 ਅਗਸਤ ਨੂੰ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਹਨ। ਇਸ ਤਹਿਤ 26/11 ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਜਮਾਤ-ਉਦ-ਦਾਵਾ ਦੇ ਮੁਖੀ ਸਈਦ, ਜੈਸ਼-ਏ-ਮੁਹੰਮਦ ਮੁਖੀ ਅਜ਼ਹਰ ਅਤੇ ਅਪਰਾਧ ਜਗਤ ਦੇ ਸਰਗਣੇ ਇਬਰਾਹਿਮ ‘ਤੇ ਪਾਬੰਦੀਆਂ ਲਾਈਆਂ ਗਈਆਂ ਹਨ। ਨਵੀਆਂ ਪਾਬੰਦੀਆਂ ਅਧੀਨ ਆਏ ਸੰਗਠਨਾਂ ਵਿਚ ਤਾਲਿਬਾਨ, ਦਾਇਸ਼, ਹੱਕਾਨੀ ਗਰੁੱਪ ਤੇ ਅਲ-ਕਾਇਦਾ ਵੀ ਸ਼ਾਮਲ ਹਨ। ਇਨ੍ਹਾਂ ਅੱਤਵਾਦੀਆਂ ਉਤੇ ਵਿੱਤੀ ਸੰਸਥਾਵਾਂ ਰਾਹੀਂ ਪੈਸਾ ਟਰਾਂਸਫਰ ਕਰਨ, ਹਥਿਆਰ ਖ਼ਰੀਦਣ ਅਤੇ ਵਿਦੇਸ਼ ਜਾਣ ਦੀ ਵੀ ਪਾਬੰਦੀ ਹੈ।
ਪਾਕਿ ਸਰਕਾਰ ਵੱਲੋਂ ਨਵਾਜ਼ ਸ਼ਰੀਫ਼ ਭਗੌੜਾ ਕਰਾਰ
ਲਾਹੌਰ : ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ਤੇ ਉਸ ਦੀ ਹਵਾਲਗੀ ਲਈ ਬਰਤਾਨੀਆ ਸਰਕਾਰ ਤੱਕ ਪਹੁੰਚ ਕੀਤੀ ਹੈ। ਜ਼ਿਕਰਯੋਗ ਹੈ ਕਿ ਨਵਾਜ਼ ਸ਼ਰੀਫ਼ ਇਸ ਸਮੇਂ ਲੰਡਨ ਵਿਚ ਇਲਾਜ ਕਰਵਾ ਰਹੇ ਹਨ। ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਕਿਹਾ ਕਿ ਨਵਾਜ਼ ਸ਼ਰੀਫ਼ ਨੂੰ ਮੈਡੀਕਲ ਆਧਾਰ ‘ਤੇ ਦਿੱਤੀ ਚਾਰ ਹਫ਼ਤਿਆਂ ਦੀ ਜ਼ਮਾਨਤ ਪਿਛਲੇ ਸਾਲ ਦਸੰਬਰ ਵਿਚ ਖਤਮ ਹੋ ਗਈ ਹੈ। ਉਨ੍ਹਾਂ ਕਿਹਾ, ‘ਸਰਕਾਰ ਨੇ ਸ਼ਰੀਫ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ਤੇ ਉਨ੍ਹਾਂ ਦੀ ਹਵਾਲਗੀ ਲਈ ਬਰਤਾਨੀਆ ਸਰਕਾਰ ਨੂੰ ਅਰਜ਼ੀ ਭੇਜੀ ਜਾ ਚੁੱਕੀ ਹੈ।’
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …