ਸਰਕਾਰ ਏਅਰਲਾਈਨਜ਼ ਦੀ ਜਗ੍ਹਾ ਲੋਕਾਂ ਦੀ ਸਿਹਤ ਦੀ ਚਿੰਤਾ ਕਰੇ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਦੇਸ਼ਾਂ ਤੋਂ ਭਾਰਤੀਆਂ ਨੂੰ ਲਿਆਉਣ ‘ਚ ਲੱਗੀ ਏਅਰ ਇੰਡੀਆ ਦੀਆਂ ਉਡਾਣਾਂ ‘ਚ ਵਿਚਕਾਰਲੀ ਸੀਟ ਖਾਲੀ ਰੱਖਣ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕੀਤੀ। ਅਦਾਲਤ ਨੇ ਇਸ ਮਾਮਲੇ ‘ਚ ਸਰਕਾਰ ਨੂੰ ਫਟਕਾਰ ਲਗਾਈ। ਅਦਾਲਤ ਨੇ ਕਿਹਾ ਕਿ ਦੋ ਤਰ੍ਹਾਂ ਨਿਯਮ ਨਹੀਂ ਚੱਲ ਸਕਦੇ। ਫਲਾਇਟ ਦੇ ਬਾਹਰ ਤਾਂ ਤੁਸੀਂ 6 ਫੁੱਟ ਦੀ ਦੂਰੀ ਰੱਖਣ ਦੀ ਗੱਲ ਕਰਦੇ ਹੋ ਪ੍ਰੰਤੂ ਫਲਾਇਟ ਦੇ ਅੰਦਰ ਮੋਢੇ ਨਾਲ ਮੋਢਾ ਜੋੜ ਕੇ ਬੈਠਣ ਦੀ ਆਗਿਆ ਦੇ ਰਹੇ ਹਨ। ਸਰਕਾਰ ਨੂੰ ਏਅਰਲਾਈਨਜ਼ ਦੀ ਬਜਾਏ ਲੋਕਾਂ ਦੀ ਸਿਹਤ ਦੀ ਚਿੰਤਾ ਕਰਨੀ ਚਾਹੀਦੀ ਹੈ। ਬੰਬੇ ਹਾਈ ਕੋਰਟ ਨੇ ਸਰਕਾਰੀ ਏਅਰਲਾਈਨਜ਼ ਏਅਰ ਇੰਡੀਆ ਨੂੰ ਪਿਛਲੇ ਹਫ਼ਤੇ ਹੁਕਮ ਦਿੱਤਾ ਸੀ ਕਿ ‘ਵੰਦੇ ਭਾਰਤ ਮਿਸ਼ਨ’ ਦੇ ਤਹਿਤ ਵਿਦੇਸ਼ਾਂ ਤੋਂ ਆ ਰਹੀਆਂ ਉਡਾਣਾਂ ‘ਚ ਵਿਚਕਾਰਲੀ ਸੀਟ ਖਾਲੀ ਰੱਖੀ ਜਾਵੇ। ਏਅਰ ਇੰਡੀਆ ਅਤੇ ਸਰਕਾਰ ਨੇ ਹਾਈ ਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਏਅਰ ਇੰਡੀਆ ਨੂੰ 6 ਜੂਨ ਤੱਕ ਵਿਚਕਾਰਲੀ ਸੀਟ ਭਰਨ ਦੀ ਆਗਿਆ ਦੇ ਦਿੱਤੀ ਸੀ। ਮਾਮਲੇ ਦੀ ਅਗਲੀ ਸੁਣਵਾਈ ਹੁਣ 2 ਜੂਨ ਨੂੰ ਹੋਵੇਗੀ।