Breaking News
Home / ਦੁਨੀਆ / ਬੱਸੀ ਪਠਾਣਾਂ ਦੇ ਰਾਜਪ੍ਰੀਤ ਦੀ ਭੋਪਾਲ ਵਿਚ ਹੋਈ 63ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ 6 ਤਮਗ਼ਿਆਂ ਨਾਲ ਰਿਕਾਰਡ-ਜਿੱਤ

ਬੱਸੀ ਪਠਾਣਾਂ ਦੇ ਰਾਜਪ੍ਰੀਤ ਦੀ ਭੋਪਾਲ ਵਿਚ ਹੋਈ 63ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ 6 ਤਮਗ਼ਿਆਂ ਨਾਲ ਰਿਕਾਰਡ-ਜਿੱਤ

ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਵੱਸਦੇ ਹਰਜੀਤ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੇ ਭਤੀਜੇ ਰਾਜਪ੍ਰੀਤ ਸਿੰਘ ਨੇ ਲੰਘੇ ਦਿਨੀਂ ਭੋਪਾਲ ਵਿਚ ਹੋਈ 63ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ 10 ਐੱਮ ਸਮਾਲ-ਬੋਰ ਏਅਰ-ਰਾਈਫ਼ਲ ਅਤੇ ਪਿਸਟਲ ਨਾਲ ਨਿਸ਼ਾਨੇ ਲਗਾ ਕੇ 631 ਦਾ ਸ਼ਾਨਦਾਰ ਸਕੋਰ ਪ੍ਰਾਪਤ ਕੇ 6 ਤਮਗੇ ਜਿੱਤੇ ਹਨ। ਜਿਨ੍ਹਾਂ ਵਿਚ 5 ਸੋਨੇ ਦੇ ਤਮਗ਼ੇ ਅਤੇ ਇਕ ਕਾਂਸੇ ਦਾ ਤਮਗ਼ਾ ਸ਼ਾਮਲ ਹੈ। ਇਸ ਕੌਮੀ ਸ਼ੂਟਿੰਗ-ਚੈਂਪੀਅਨਸ਼ਿਪ ਵਿਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਹੋਇਆਂ ਰਾਜਪ੍ਰੀਤ ਸਿੰਘ ਨੇ ਆਪਣੀ ਰਿਕਾਰਡ-ਜਿੱਤ ਦਰਜ ਕਰਵਾਈ। ਉਸ ਦੇ ਵੱਲੋਂ ਜਿੱਤੇ ਗਏ ਛੇ ਮੈਡਲਾਂ ਵਿਚ ‘ਸਿਵਿਲੀਅਨ ਮੈੱਨ ਗੋਲਡ’, ‘ਸਿਵਿਲੀਅਨ ਜੂਨੀਅਰ ਗੋਲਡ’, ‘ਸਿਵਿਲੀਅਨ ਮੈੱਨ ਟੀਮ ਗੋਲਡ’, ‘ਸਿਵਿਲੀਅਨ ਜੂਨੀਅਰ ਮੈੱਨ ਗੋਲਡ’, ‘ਜੂਨੀਅਰ ਆਈ.ਐੱਸ.ਐੱਸ.ਐੱਫ਼.ਟੀਮ ਗੋਲਡ’ ਅਤੇ ‘ਯੂਥ ਆਈ.ਐੱਸ.ਐੱਸ.ਐੱਫ਼.ਟੀਮ ਬਰੋਂਜ਼’ ਮੈਡਲ ਸ਼ਾਮਲ ਹਨ। ਇਨ੍ਹਾਂ ਛੇ ਮੈਡਲਾਂ ਦੀ ਸ਼ਾਨਦਾਰ ਪ੍ਰਾਪਤੀ ਦੇ ਨਾਲ਼ ਨਾਲ਼ ਇਸ ਚੈਂਪੀਅਨਸ਼ਿਪ ਵਿਚ ਰਾਜਪ੍ਰੀਤ ਨੇ ਕਈ ਨਵੇਂ ਰਿਕਾਰਡ ਕਾਇਮ ਕੀਤੇ ਹਨ ਅਤੇ ਨਤੀਜੇ ਵਜੋਂ ਅਗਲੇ ਸਾਲ 2020 ਦੌਰਾਨ 24 ਜੁਲਾਈ ਤੋਂ 9 ਅਗਸਤ ਤੱਕ ਜਾਪਾਨ ਦੇ ਸ਼ਹਿਰ ਟੋਕੀਓ ਵਿਚ ਹੋਣ ਵਾਲੀਆਂ ਓਲਿੰਪਕਸ ਖੇਡਾਂ ਲਈ ਭਾਰਤ ਵੱਲੋਂ ਜਾਣ ਵਾਲੀ ਖਿਡਾਰੀਆਂ ਦੀ ਵੱਡੀ ਟੀਮ ਵਿਚ ਵਿਚ ਉਸ ਦੇ ਸ਼ਾਮਲ ਹੋਣ ਦੀ ਪੂਰੀ ਉਮੀਦ ਹੈ ਜਿਸ ਦੇ ਲਈ ਟਰਾਇਲ ਅਗਲੇ ਸਾਲ ਦੇ ਆਰੰਭਿਕ ਮਹੀਨਿਆਂ ਵਿਚ ਹੀ ਸ਼ੁਰੂ ਹੋ ਜਾਣਗੇ। ਇਹ ਨਾ ਕੇਵਲ ਰਾਜਪ੍ਰੀਤ ਸਿੰਘ, ਹਰਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਹੀ ਖੁਸ਼ੀ ਦੀ ਗੱਲ ਹੈ, ਬਲਕਿ ਇਹ ਤਾਂ ਸਾਰੇ ਪੰਜਾਬੀਆਂ ਲਈ ਬੜੇ ਮਾਣ ਦਾ ਸਬੱਬ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭੋਪਾਲ ਵਿਚ ਹੋਈ ਇਸ 63ਵੀਂ ਨੈਸ਼ਨਲ ਚੈਂਪੀਅਨਸ਼ਿਪ ਵਿਚ ਭਾਗ ਲੈਣ ਗਈ ਪੰਜਾਬ ਦੀ ਨਿਸ਼ਾਨੇਬਾਜ਼-ਟੀਮ ਦੇ ਖਿਡਾਰੀਆਂ ਨੇ ਸਾਰਾ ਖ਼ਰਚਾ ਆਪਣੇ ਪੱਲਿਉਂ ਹੀ ਕੀਤਾ ਅਤੇ ਇੱਥੋਂ ਤੱਕ ਕਿ ਇਸ ਦੇ ਲਈ ਰਜਿਸਟ੍ਰੇਸ਼ਨ-ਫ਼ੀਸ ਵੀ ਉਨ੍ਹਾਂ ਨੂੰ ਆਪਣੇ ਪੱਲਿਉਂ ਹੀ ਭਰਨੀ ਪਈ, ਜਦ ਕਿ ਗਵਾਂਢੀ ਸੂਬੇ ਹਰਿਆਣਾ ਅਤੇ ਕਈ ਹੋਰ ਸੂਬਿਆਂ ਤੋਂ ਸ਼ਾਮਲ ਹੋਈਆਂ ਟੀਮਾਂ ਦਾ ਸਾਰਾ ਖ਼ਰਚਾ ਉਨ੍ਹਾਂ ਦੀਆਂ ਸਰਕਾਰਾਂ ਵੱਲੋਂ ਕੀਤਾ ਗਿਆ। ਪੰਜਾਬ ਸਰਕਾਰ ਨੂੰ ਵੀ ਹੋਰ ਸੂਬਿਆਂ ਵਾਂਗ ਆਪਣੇ ਖਿਡਾਰੀਆਂ ਦੀ ਯੋਗ ਹੌਸਲਾ-ਅਫ਼ਜ਼ਾਈ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਖੇਡਾਂ ਦੀ ਤਿਆਰੀ ਅਤੇ ਕੌਮੀ-ਪੱਧਰ ਦੇ ਟੂਰਨਾਮੈਂਟਾਂ/ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਲੋੜੀਦਾ ਖ਼ਰਚਾ ਕਰਨਾ ਚਾਹੀਦਾ ਹੈ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …