Breaking News
Home / ਭਾਰਤ / ਰਾਸ਼ਟਰਪਤੀ ਵੱਲੋਂ 47 ਸ਼ਖ਼ਸੀਅਤਾਂ ਦਾ

ਰਾਸ਼ਟਰਪਤੀ ਵੱਲੋਂ 47 ਸ਼ਖ਼ਸੀਅਤਾਂ ਦਾ

ਪਦਮ ਪੁਰਸਕਾਰਾਂ ਨਾਲ ਸਨਮਾਨ
ਸੁਖਦੇਵ ਢੀਂਡਸਾ ਨੂੰ ਪਦਮ ਭੂਸ਼ਨ ਤੇ ਜੈਸ਼ੰਕਰ ਨੂੰ ਪਦਮਸ੍ਰੀ ਪੁਰਸਕਾਰ, ਮਰਹੂਮ ਪੱਤਰਕਾਰ ਨਈਅਰ ਦਾ ਐਵਾਰਡ ਉਨ੍ਹਾਂ ਦੀ ਪਤਨੀ ਨੇ ਲਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੋਮਵਾਰ ਨੂੰ ਵੱਖ-ਵੱਖ ਖੇਤਰਾਂ ਨਾਲ ਸਬੰਧਤ 47 ਉੱਘੀਆਂ ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਤ ਕੀਤਾ। ਰਾਸ਼ਟਰਪਤੀ ਭਵਨ ਵਿੱਚ ਰੱਖੇ ਵਿਸ਼ੇਸ਼ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਕਈ ਉੱਘੀਆਂ ਹਸਤੀਆਂ ਮੌਜੂਦ ਸਨ। ਜਿਨ੍ਹਾਂ ਵਿਅਕਤੀਆਂ ਨੂੰ ਪਦਮ ਪੁਰਸਕਾਰਾਂ ਦੇ ਐਜਾਜ਼ ਨਾਲ ਨਿਵਾਜਿਆ ਗਿਆ, ਉਨ੍ਹਾਂ ਵਿੱਚ ਮਲਿਆਲਮ ਫ਼ਿਲਮਾਂ ਦੇ ਅਦਾਕਾਰ ਮੋਹਨਲਾਲ, ਸਾਬਕਾ ਵਿਦੇਸ਼ ਸਕੱਤਰ ਐਸ.ਜੈਸ਼ੰਕਰ, ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਉੱਘੇ ਪੱਤਰਕਾਰ ਕੁਲਦੀਪ ਨਈਅਰ (ਮਰਨ-ਉਪਰੰਤ) ਸ਼ਾਮਲ ਹਨ। ਬਿਹਾਰ ਦੇ ਆਗੂ ਹੁਕਮਦੇਵ ਨਰਾਇਣ ਯਾਦਵ ਤੇ ਬਹੁਕੌਮੀ ਟੈਕਨੋ ਜਾਇੰਟ ਸਿਸਕੋ ਸਿਸਟਮਜ਼ ਦੇ ਸਾਬਕਾ ਸੀਈਓ ਜੌਹਨ ਚੈਂਬਰਜ਼ ਨੂੰ ਜਿੱਥੇ ਪਦਮ ਭੂਸ਼ਨ ਨਾਲ ਸਨਮਾਨਤ ਕੀਤਾ ਗਿਆ, ਉਥੇ ਉੱਘੇ ਡਾਂਸਰ ਤੇ ਫ਼ਿਲਮਸਾਜ਼ ਪ੍ਰਭੂ ਦੇਵਾ ਨੂੰ ਪਦਮਸ੍ਰੀ ਐਵਾਰਡ ਦਿੱਤਾ ਗਿਆ। ਵਿਸ਼ਵਨਾਥਨ ਮੋਹਨਲਾਲ, ਢੀਂਡਸਾ ਤੇ ਨਈਅਰ (ਮਰਨ-ਉਪਰੰਤ) ਨੂੰ ਪਦਮ ਭੂਸ਼ਨ ਤੇ ਜੈਸ਼ੰਕਰ ਨੂੰ ਪਦਮਸ੍ਰੀ ਦੇ ਐਜਾਜ਼ ਦਿੱਤੇ ਗਏ। ਨਈਅਰ ਦਾ ਐਵਾਰਡ ਉਨ੍ਹਾਂ ਦੀ ਪਤਨੀ ਨੇ ਲਿਆ। ਪਦਮ ਪੁਰਸਕਾਰ ਮੁਲਕ ਦੇ ਸਿਖਰਲੇ ਨਾਗਰਿਕ ਐਵਾਰਡਾਂ ਵਿਚੋਂ ਇਕ ਹੈ। ਇਹ ਤਿੰਨ ਵਰਗਾਂ (ਪਦਮ ਵਿਭੂਸ਼ਨ, ਪਦਮ ਭੂਸ਼ਨ ਤੇ ਪਦਮਸ੍ਰੀ) ਵਿੱਚ ਦਿੱਤੇ ਜਾਂਦੇ ਹਨ। ਪਦਮ ਪੁਰਸਕਾਰ ਐਤਕੀਂ 112 ਸ਼ਖ਼ਸੀਅਤਾਂ ਨੂੰ ਦਿੱਤੇ ਗਏ ਹਨ, ਜਿਨ੍ਹਾਂ ਦੇ ਨਾਂ ਇਸ ਸਾਲ ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ‘ਤੇ ਐਲਾਨੇ ਗਏ ਸਨ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਬਾਕੀ ਰਹਿੰਦੇ ਐਵਾਰਡੀਆਂ ਨੂੰ 16 ਮਾਰਚ ਨੂੰ ਇਕ ਵੱਖਰੇ ਸਮਾਗਮ ਦੌਰਾਨ ਸਨਮਾਨਤ ਕੀਤਾ ਜਾਵੇਗਾ। ਐਵਾਰਡ ਹਾਸਲ ਕਰਨ ਵਾਲੀਆਂ ਹੋਰਨਾਂ ਸ਼ਖ਼ਸੀਅਤਾਂ ਵਿੱਚ ਉੱਘੇ ਗਾਇਕ ਸ਼ੰਕਰ ਮਹਾਦੇਵਨ ਨਰਾਇਣ(ਪਦਮਸ੍ਰੀ), ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਕਰੀਆ ਮੁੰਡਾ (ਪਦਮ ਭੂਸ਼ਨ), ਫ਼ਿਜ਼ੀਸ਼ੀਅਨ ਸੰਦੀਪ ਗੁਲੇਰੀਆ ਤੇ ਇਲਿਆਸ ਅਲੀ (ਦੋਵੇਂ ਪਦਮਸ੍ਰੀ) ਤੇ ਪਹਿਲਵਾਨ ਬਜਰੰਗ ਪੂਨੀਆ (ਪਦਮਸ੍ਰੀ) ਸ਼ਾਮਲ ਹਨ। ਪਦਮ ਪੁਰਸਕਾਰਾਂ ਲਈ ਐਤਕੀਂ ਰਿਕਾਰਡ 50 ਹਜ਼ਾਰ ਨਾਮਜ਼ਦਗੀਆਂ ਮਿਲੀਆਂ ਸਨ, ਜੋ ਕਿ ਸਾਲ 2014 ਤੋਂ 20 ਗੁਣਾ ਵਧ ਸਨ।

Check Also

ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ‘ਤੇ ਭਾਜਪਾ ਦੀਆਂ ਹਦਾਇਤਾਂ ‘ਤੇ ਕੰਮ ਦੇ ਲਗਾਏ ਆਰੋਪ

ਸੂਬੇ ‘ਚ ਦੰਗੇ ਹੋਣ ‘ਤੇ ਕਮਿਸ਼ਨ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰਨ ਦੀ ਦਿੱਤੀ ਚਿਤਾਵਨੀ …