ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਭਾਰਤੀ ਮੂਲ ਦੇ ਅਮਰੀਕੀ ਹਰਦੇਵ ਪਨੇਸਰ (70) ਨੇ ਬਹੁਕਰੋੜੀ ਇਮੀਗ੍ਰੇਸ਼ਨ ਘੁਟਾਲੇ ਵਿਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਹ ਆਪਣੇ ਆਪ ਨੂੰ ਅਮਰੀਕੀ ਹੋਮਲੈਂਡ ਸਕਿਓਰਿਟੀ ਏਜੰਟ ਦੱਸਦਾ ਸੀ। ਉਸ ਨੇ 100 ਤੋਂ ਵੱਧ ਲੋਕਾਂ ਨਾਲ ਠੱਗੀ ਮਾਰੀ। ਸੈਨਡੀਗੋ ਦੀ ਸੰਘੀ ਅਦਾਲਤ ਵਿਚ ਉਸ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਮੰਨਿਆ ਕਿ ਉਹ 25 ਲੱਖ ਡਾਲਰ ਪੀੜਤਾਂ ਨੂੰ ਵਾਪਸ ਕਰ ਦੇਵੇਗਾ। ਅਮਰੀਕੀ ਅਧਿਕਾਰੀਆਂ ਅਨੁਸਾਰ ਸੈਨਡੀਗੋ ਵਾਸੀ ਪਨੇਸਰ 5 ਭਾਸ਼ਾਵਾਂ ਬੋਲ ਸਕਦਾ ਹੈ ਤੇ ਝੂਠ ਬੋਲਣਾ ਉਸ ਦੀ ਪੁਰਾਣੀ ਆਦਤ ਹੈ। ਉਸ ਦੀ ਪਤਨੀ ਲੇਟੀਸੀਆ ਪਨੇਸਰ ਵੀ ਇਸ ਘਟਾਲੇ ਵਿਚ ਸ਼ਾਮਿਲ ਹੈ। ਅਮਰੀਕਾ ਦੇ ਨਿਆਂ ਵਿਭਾਗ ਅਨੁਸਾਰ ਪਨੇਸਰ ਲੋਕਾਂ ਨੂੰ ਕਹਿੰਦਾ ਸੀ ਕਿ ਉਹ ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ ਵਿਚ ਅਧਿਕਾਰੀ ਵਜੋਂ ਤਾਇਨਾਤ ਹੈ। ਉਹ ਜਾਅਲੀ ਅਧਿਕਾਰੀ ਬਣ ਕੇ 5 ਸਾਲ ਤੋਂ ਵੱਧ ਸਮਾਂ ਲੋਕਾਂ ਨਾਲ ਠੱਗੀ ਮਾਰਦਾ ਰਿਹਾ। ਅਦਾਲਤੀ ਰਿਕਾਰਡ ਅਨੁਸਾਰ ਜਦੋਂ ਲੋਕਾਂ ਨੂੰ ਪਨੇਸਰ ਦੀਆਂ ਗਤੀਵਿਧੀਆਂ ਉਪਰ ਸ਼ੱਕ ਪਿਆ ਤੇ ਉਨ੍ਹਾਂ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਐਫ ਬੀ ਆਈ ਵੱਲੋਂ ਇਕ ਸਾਲ ਦੀ ਜਾਂਚ ਉਪਰੰਤ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਸਮੇਂ ਵੀ ਉਸ ਨੇ ਆਪੇ ਆਪ ਨੂੰ ਨੈਸ਼ਨਲ ਸਕਿਓਰਿਟੀ ਏਜੰਟ ਦੱਸਿਆ। ਪਨੇਸਰ ਵੱਲੋਂ ਗੁਨਾਹ ਕਬੂਲ ਕਰ ਲੈਣ ਉਪਰੰਤ ਮੁਕੱਦਮੇ ਦਾ ਛੇਤੀ ਨਿਬੇੜਾ ਹੋ ਸਕਦਾ ਹੈ ਤੇ ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ਹੋ ਸਕਦੀ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …