Breaking News
Home / ਦੁਨੀਆ / ਇਮਰਾਨ ਖਾਨ ਨੇ ਮੰਨਿਆ

ਇਮਰਾਨ ਖਾਨ ਨੇ ਮੰਨਿਆ

ਮੁੰਬਈ ਅੱਤਵਾਦੀ ਹਮਲੇ ‘ਚ ਲਸ਼ਕਰ ਦਾ ਸੀ ਹੱਥ
ਨਵਾਜ਼ ਸ਼ਰੀਫ਼ ਤੇ ਮੁਸ਼ੱਰਫ਼ ਤੋਂ ਬਾਅਦ ਇਮਰਾਨ ਨੇ ਵੀ ਕਬੂਲ ਕੀਤੀ ਸੱਚਾਈ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਵੀਕਾਰ ਕੀਤਾ ਹੈ ਕਿ 26/11 ਦੇ ਮੁੰਬਈ ਅੱਤਵਾਦੀ ਹਮਲੇ ਵਿਚ ਲਸ਼ਕਰ-ਏ-ਤੋਇਬਾ ਦਾ ਹੱਥ ਸੀ। ਉਨ੍ਹਾਂ ਤੋਂ ਪਹਿਲਾਂ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਅਤੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਸਮੇਤ ਕਈ ਹੋਰ ਨਾਮੀ ਰਾਜਨੀਤਿਕ ਜਨਤਕ ਤੌਰ ‘ਤੇ ਇਹ ਸਵੀਕਾਰ ਕਰ ਚੁੱਕੇ ਹਨ ਕਿ ਮੁੰਬਈ ਹਮਲਿਆਂ ਵਿਚ ਸਿੱਧੇ ਤੌਰ ‘ਤੇ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ ਦਾ ਹੱਥ ਸੀ ਅਤੇ ਇਸ ਕਾਰਵਾਈ ਵਿਚ ਪਾਕਿਸਤਾਨੀ ਫ਼ੌਜ ਦੇ ਅਧਿਕਾਰੀਆਂ ਅਤੇ ਖ਼ੁਫ਼ੀਆ ਏਜੰਸੀ ਆਈ. ਐਸ.ਆਈ. ਵਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਸੀ। ਇਮਰਾਨ ਖ਼ਾਨ ਨੇ ਪਹਿਲੀ ਵਾਰ ਇਹ ਸਭ ਇੱਕ ਇੰਟਰਵਿਊ ਵਿਚ ਕਬੂਲ ਕੀਤਾ ਹੈ। ਉਨ੍ਹਾਂ ਨੇ ਇਹ ਗੱਲ ਮੁੰਬਈ ਹਮਲਿਆਂ ਵਿਚ ਭਾਰਤ ਨੂੰ ਲੋੜੀਂਦੇ ਅੱਤਵਾਦੀ ਅਤੇ ਲਸ਼ਕਰ-ਏ-ਤੋਇਬਾ ਦੇ ਮੁਖੀ ਜ਼ਕੀਉਰ ਰਹਿਮਾਨ ਲਖਵੀ ਨੂੰ ਜੇਲ੍ਹ ‘ਚੋਂ ਰਿਹਾਅ ਕੀਤੇ ਜਾਣ ਦੇ ਸੰਬੰਧ ਵਿਚ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਕਹੀ। ਉਨ੍ਹਾਂ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਮੁੰਬਈ ਹਮਲਿਆਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ, ਪਰ ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ‘ਤੇ ਲਗਾਏ ਜਾਣ ਵਾਲੇ ਉਸ ਦੋਸ਼ ਦਾ ਵੀ ਖੰਡਨ ਕੀਤਾ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਉਕਤ ਹਮਲੇ ‘ਚ ਸਿੱਧੇ ਤੌਰ ‘ਤੇ ਪਾਕਿਸਤਾਨ ਦਾ ਹੱਥ ਸੀ। ਪਾਕਿਸਤਾਨ ਦੇ ਤਾਲਿਬਾਨ ਨੇਤਾਵਾਂ ਦੀ ਪਨਾਹਗਾਹ ਹੋਣ ਬਾਰੇ ਪੁੱਛੇ ਸਵਾਲਾਂ ਨੂੰ ਵੀ ਇਮਰਾਨ ਖ਼ਾਨ ਨੇ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਸੱਤਾ ਵਿਚ ਆਉਣ ਤੋਂ ਬਾਅਦ ਫ਼ੌਜ ਦੇ ਅਧਿਕਾਰੀਆਂ ਨਾਲ ਕਈ ਬੈਠਕਾਂ ਕੀਤੀਆਂ ਹਨ ਅਤੇ ਇਸ ਦੋਸ਼ ਦੀ ਪੂਰੀ ਜਾਂਚ ਸਮੀਖਿਆ ਕਰਵਾਈ ਗਈ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜੇਕਰ ਕੋਈ ਉਨ੍ਹਾਂ ਨੂੰ ਤਾਲਿਬਾਨ ਨੇਤਾਵਾਂ ਦੇ ਸ਼ਰਨ ਲੈਣ ਵਾਲੇ ਸਥਾਨ ਬਾਰੇ ਦੱਸੇ ਤਾਂ ਉਹ ਉਸ ਦੇ ਨਾਲ ਉੱਥੇ ਜਾਣ ਲਈ ਤਿਆਰ ਹਨ। ਅਮਰੀਕਾ-ਪਾਕਿਸਤਾਨ ਦੇ ਵਿਗੜਦੇ ਰਿਸ਼ਤਿਆਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਦੇਸ਼ਾਂ ਦੇ ਨਾਲ ਕਦੇ ਵੀ ਰਿਸ਼ਤੇ ਨਹੀਂ ਰੱਖਣਾ ਚਾਹੁਣਗੇ, ਜੋ ਪਾਕਿਸਤਾਨ ਨੂੰ ਬੰਦੂਕ ਦੀ ਤਰ੍ਹਾਂ ਵਰਤਣ ਬਾਰੇ ਸੋਚਦੇ ਹੋਣ ਜਾਂ ਸਾਨੂੰ ਦੂਸਰਿਆਂ ਦੀ ਲੜਾਈ ਲੜਨ ਲਈ ਧਨ ਦਾ ਲਾਲਚ ਦੇਣ।
ਸਾਰੀ ਦੁਨੀਆ ਜਾਣਦੀ ਹੈ ਕਿ ਮੁੰਬਈ ਹਮਲੇ ਕਿਸ ਨੇ ਕੀਤੇ : ਰਾਵਤ
ਨਵੀਂ ਦਿੱਲੀ : ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਅੰਤਰਰਾਸ਼ਟਰੀ ਮੀਡੀਆ ਕੋਲ ਇਹ ਸਵੀਕਾਰ ਕਰਨ ਕਿ ਜ਼ਕੀ-ਉਰ-ਰਹਿਮਾਨ ਲਖਵੀ ਦੀ ਅਗਵਾਈ ਵਾਲੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਨੇ ਨਵੰਬਰ 2008 ਵਿਚ ਮੁੰਬਈ ਹਮਲੇ ਕੀਤੇ ਸੀ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਭਾਰਤ ਦੇ ਸੈਨਾ ਮੁਖੀ ਬਿਪਨ ਰਾਵਤ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਇਹ ਕਾਰਾ ਕਿਸ ਨੇ ਕੀਤਾ ਹੈ। ਉਹ ਇਹ ਨਹੀਂ ਸੋਚਦੇ ਕਿ ਸਾਨੂੰ ਕਿਸੇ ਹੋਰ ਵਿਅਕਤੀ ਤੋਂ ਇਸ ਬਾਰੇ ਬਿਆਨ ਦੀ ਲੋੜ ਹੈ। ਸੈਨਾ ਮੁਖੀ ਨੇ ਕਿਹਾ ਕਿ ਪੂਰੀ ਦੁਨੀਆ ਨੂੰ ਪਤਾ ਹੈ ਕਿ ਇਹ ਹਮਲੇ ਕਿਸ ਨੇ ਕੀਤੇ ਹਨ। ਇਮਰਾਨ ਖ਼ਾਨ ਵਲੋਂ ਇਹ ਸਵੀਕਾਰ ਕਰਨ ਕਿ 26/11 ਦੇ ਮੁੰਬਈ ਹਮਲੇ ਪਾਕਿ ਦੇ ਅੱਤਵਾਦੀ ਸੰਗਠਨ ਲਸ਼ਕਰੇ ਤਾਇਬਾ ਨੇ ਕੀਤੇ ਹਨ ਇਕ ਚੰਗੀ ਗੱਲ ਹੈ ਪਰ ਇਸ ਤੋਂ ਬਿਨਾਂ ਵੀ ਸਾਨੂੰ ਪਤਾ ਹੈ ਕਿ ਇਨ੍ਹਾਂ ਹਮਲਿਆਂ ਨੂੰ ਕਿਸ ਨੇ ਅੰਜ਼ਾਮ ਦਿੱਤਾ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …