Breaking News
Home / ਭਾਰਤ / ਆਰੀਬੀਆਈ ਨੇ ਦੋ ਸਾਲ ਬਾਅਦ ਜਾਰੀ ਕੀਤੀ ਰਿਪੋਰਟ

ਆਰੀਬੀਆਈ ਨੇ ਦੋ ਸਾਲ ਬਾਅਦ ਜਾਰੀ ਕੀਤੀ ਰਿਪੋਰਟ

ਪੰਜ ਸੌ ਤੇ ਹਜ਼ਾਰ ਤੇ 99.3 ਫੀਸਦੀ ਕਰੰਸੀ ਨੋਟ ਵਾਪਸ ਆਏ
ਮੁੰਬਈ : ਆਰਬੀਆਈ ਨੇ ਮੰਨਿਆ ਹੈ ਕਿ ਨਵੰਬਰ 2016 ਵਿੱਚ ਗ਼ੈਰਕਾਨੂੰਨੀ ਐਲਾਨੇ ਗਏ 500 ਤੇ 1000 ਰੁਪਏ ਦੀ ਕੁੱਲ 15.41 ਲੱਖ ਕਰੋੜ ਰੁਪਏ ਦੀ ਕਰੰਸੀ ਵਿੱਚੋਂ 99.30 ਫ਼ੀਸਦ ਜਾਂ 15.31 ਲੱਖ ਕਰੋੜ ਰੁਪਏ ਉਸ ਕੋਲ ਵਾਪਸ ਆ ਗਏ ਹਨ। ਇਸ ਦਾ ਮਤਲਬ ਹੈ ਕਿ ਕੇਵਲ 10720 ਕਰੋੜ ਰੁਪਏ ਦੇ ਪੁਰਾਣੇ ਨੋਟ ਬੈਂਕਿੰਗ ਸਿਸਟਮ ਵਿੱਚ ਵਾਪਸ ਨਹੀਂ ਆਏ ਜਦਕਿ ਪਹਿਲਾਂ ਸਰਕਾਰ ਦਾ ਅਨੁਮਾਨ ਸੀ ਕਿ ਕਰੀਬ 3 ਲੱਖ ਕਰੋੜ ਰੁਪਏ ਸਿਸਟਮ ਵਿੱਚ ਵਾਪਸ ਨਹੀਂ ਆਉਣਗੇ ਜੋ ਕਾਲੇ ਧਨ ਦੇ ਰੂਪ ਵਿੱਚ ਛੁਪਾਏ ਹੋਏ ਹਨ।ਨਵੰਬਰ 2016 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਯਕਦਮ ਨੋਟਬੰਦੀ ਦਾ ਐਲਾਨ ਕਰ ਕੇ ਦੇਸ਼ ਵਾਸੀਆਂ ਨੂੰ ਪੁਰਾਣੇ ਕਰੰਸੀ ਨੋਟ ਬੈਂਕਾਂ ਵਿੱਚ ਜਮ੍ਹਾਂ ਕਰਵਾਉਣ ਤੇ ਬਦਲਵਾਉਣ ਲਈ ਕੁਝ ਮੁਕੱਰਰ ਵਕਤ ਦਿੱਤਾ ਸੀ।
ਇਸ ਤੋਂ ਇਲਾਵਾ ਤੇਲ ਪਵਾਉਣ ਤੇ ਹਸਪਤਾਲਾਂ ਤੇ ਬਿਜਲੀ ਦੇ ਬਿੱਲ ਆਦਿ ਭਰਨ ਲਈ ਪੁਰਾਣੇ ਨੋਟਾਂ ਦੀ ਵਰਤੋਂ ਦੀ ਛੋਟ ਦਿੱਤੀ ਸੀ। ਆਰਬੀਆਈ ਦੀ ਸਾਲਾਨਾ ਰਿਪੋਰਟ 2017-18 ਅਨੁਸਾਰ ਨੋਟਬੰਦੀ ਤੋਂ ਬਾਅਦ ਸਰਕਾਰ ਨੂੰ ਜੁਲਾਈ 2016 ਤੋਂ ਜੂਨ 2017 ਤੱਕ 500 ਤੇ 2000 ਰੁਪਏ ਦੇ ਨਵੇਂ ਨੋਟ ਛਪਵਾਉਣ ‘ਤੇ 7965 ਕਰੋੜ ਰੁਪਏ ਅਤੇ 2017-18 ਦੌਰਾਨ ਹੋਰ 4912 ਕਰੋੜ ਰੁਪਏ ਖਰਚ ਕਰਨੇ ਪਏ ਸਨ। ਇਸ ਖਰਚੇ ਕਾਰਨ ਆਰਬੀਆਈ ਦਾ ਮੁਨਾਫ਼ਾ ਵੀ ਜਾਂਦਾ ਰਿਹਾ ਤੇ ਇਸ ਨੂੰ ਆਪਣੇ ਸਾਲਾਨਾ ਲਾਭਾਂਸ਼ ਵਿੱਚ ਵੀ ਕਟੌਤੀ ਕਰਨੀ ਪਈ। ਇਸ ਨੇ ਜੂਨ 2018 ਵਿੱਚ ਸਰਕਾਰੀ ਖ਼ਜ਼ਾਨੇ ਵਿੱਚ 50 ਹਜ਼ਾਰ ਕਰੋੜ ਰੁਪਏ ਤਬਦੀਲ ਕੀਤੇ ਸਨ ਜਦਕਿ ਇਸ ਤੋਂ ਪਿਛਲੇ ਸਾਲ ਸਿਰਫ 30659 ਕਰੋੜ ਰੁਪਏ ਜਮ੍ਹਾਂ ਕਰਵਾਏ ਸਨ। ਆਰਬੀਆਈ ਜਿਸ ਦਾ ਲੇਖਾ ਸਾਲ ਜੁਲਾਈ ਤੋਂ ਜੂਨ ਤੱਕ ਚਲਦਾ ਹੈ, ਨੇ 2015-16 ਦੌਰਾਨ ਨਵੇਂ ਕਰੰਸੀ ਨੋਟਾਂ ਦੀ ਛਪਾਈ ‘ਤੇ 3421 ਕਰੋੜ ਰੁਪਏ ਖਰਚੇ ਸਨ।
ਦੇਸ਼ ਨੇ ਚੁਕਾਈ ਭਾਰੀ ਕੀਮਤ: ਚਿਦੰਬਰਮ : ਸਾਬਕਾ ਵਿੱਤ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਇਨ੍ਹਾਂ ਅੰਕੜਿਆਂ ਦੇ ਹਵਾਲੇ ਨਾਲ ਸਰਕਾਰ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਕਿਹਾ ਕਿ ਛੋਟੀ ਜਿਹੀ ਰਕਮ ਨੂੰ ਛੱਡ ਕੇ ਆਰਬੀਆਈ ਦਾ ਇਕ ਇਕ ਨੋਟ ਵਾਪਸ ਆ ਗਿਆ ਹੈ। ਯਾਦ ਕਰੋ ਕਿਸ ਨੇ ਕਿਹਾ ਸੀ ਕਿ 3 ਲੱਖ ਕਰੋੜ ਰੁਪਏ ਦੇ ਨੋਟ ਵਾਪਸ ਨਹੀਂ ਆਉਣਗੇ ਤੇ ਉਹ ਸਰਕਾਰ ਦਾ ਸ਼ੁੱਧ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ੱਕ ਹੈ ਕਿ ਵਾਪਸ ਨਾ ਆਉਣ ਵਾਲੇ ਨੋਟਾਂ ਵਿੱਚੋਂ ਵੀ ਬਹੁਤੇ ਨੋਟ ਨੇਪਾਲ ਜਾਂ ਭੂਟਾਨ ਵਿੱਚ ਪਏ ਹੋਣਗੇ ਜਿਥੇ ਭਾਰਤੀ ਕਰੰਸੀ ਪ੍ਰਵਾਨਤ ਹੈ। ਚਿਦੰਬਰਮ ਨੇ ਕਿਹਾ ਕਿ ਨੋਟਬੰਦੀ ਕਾਰਨ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ।
ਨੋਟਬੰਦੀ ਦੇ ਮੰਤਵ ਕਾਫ਼ੀ ਹੱਦ ਤੱਕ ਹਾਸਲ ਹੋਏ: ਸਰਕਾਰ
ਨਵੀਂ ਦਿੱਲੀ: ਸਰਕਾਰ ਦੇ ਆਰਥਿਕ ਮਾਮਲਿਆਂ ਬਾਰੇ ਸਕੱਤਰ ਐਸ ਸੀ ਗਰਗ ਨੇ ਕਿਹਾ ਕਿ ਕਾਲੇ ਧਨ, ਦਹਿਸ਼ਤਗਰਦੀ ਲਈ ਫੰਡਾਂ ‘ਤੇ ਰੋਕਥਾਮ, ਡਿਜੀਟਲ ਲੈਣ ਦੇਣ ਨੂੰ ਹੱਲਾਸ਼ੇਰੀ ਅਤੇ ਨਕਲੀ ਕਰੰਸੀ ਨੋਟਾਂ ਨੂੰ ਜੜ੍ਹੋਂ ਪੁੱਟਣ ਜਿਹੇ ਨੋਟਬੰਦੀ ਦੇ ਸਾਡੇ ਮਨੋਰਥ ਹਾਸਲ ਹੋ ਗਏ ਹਨ।

Check Also

500 ਤੋਂ ਜ਼ਿਆਦਾ ਵਕੀਲਾਂ ਨੇ ਭਾਰਤ ਦੇ ਚੀਫ ਜਸਟਿਸ ਨੂੰ ਲਿਖੀ ਚਿੱਠੀ – ਕਿਹਾ : ਨਿਆਂ ਪਾਲਿਕਾ ਖਤਰੇ ’ਚ 

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਸਾਬਕਾ ਸੌਲੀਸਿਟਰ ਜਨਰਲ ਹਰੀਸ਼ ਸਾਲਵੇ ਸਣੇ 500 ਤੋਂ ਜ਼ਿਆਦਾ ਸੀਨੀਅਰ …