Breaking News
Home / Uncategorized / ਆਦਮਪੁਰ ਤੋਂ ਉਡਾਣਾਂ ਹੋਈਆਂ ਸ਼ੁਰੂ, ਭੰਗੜੇ ਨਾਲ ਪਹਿਲੀ ਉਡਾਣ ਦਾ ਸਵਾਗਤ

ਆਦਮਪੁਰ ਤੋਂ ਉਡਾਣਾਂ ਹੋਈਆਂ ਸ਼ੁਰੂ, ਭੰਗੜੇ ਨਾਲ ਪਹਿਲੀ ਉਡਾਣ ਦਾ ਸਵਾਗਤ

ਮਹਿਮਾਨ ਨਿਵਾਜ਼ੀ ਤੇ ਸਵਾਗਤ ਤੋਂ ਮੁਸਾਫਰ ਬਾਗੋਬਾਗ
ਆਦਮਪੁਰ : ਸਪਾਈਸ ਜੈਟ ਕੰਪਨੀ ਦਾ 78 ਸੀਟਰ ਜਹਾਜ਼ ਮੰਗਲਵਾਰ ਨੂੰ ਆਪਣੇ ਤੈਅ ਸਮੇਂ ਤੋਂ 11 ਮਿੰਟ ਪਹਿਲਾਂ ਜਿਵੇਂ ਹੀ ਆਦਮਪੁਰ ਏਅਰਪੋਰਟ ਦੀ ਧਰਤੀ ‘ਤੇ ਉਤਰਿਆ, ਦੋਆਬੇ ਦਾ ਪੁਰਾਣਾ ਸੁਪਨਾ ਸਾਕਾਰ ਹੋ ਗਿਆ। ਪਹਿਲੀ ਉਡਾਣ ‘ਚ ਆਏ ਮੁਸਾਫਰਾਂ ਦਾ ਸਵਾਗਤ ਢੋਲ ਦੇ ਡਗੇ ‘ਤੇ ਭੰਗੜਾ ਪਾਉਂਦੇ ਗੱਭਰੂਆਂ ਤੇ ਗਿੱਧਾ ਪਾਉਂਦੀਆਂ ਮੁਟਿਆਰਾਂ ਨੇ ਕੀਤਾ। ਦਿੱਲੀ ਤੋਂ ਜਲੰਧਰ ਤੱਕ ਇਕ ਘੰਟੇ ਦੇ ਸਫਰ ਦੌਰਾਨ ਮਹਿਮਾਨ ਨਿਵਾਜੀ ਤੇ ਸਵਾਗਤ ਤੋਂ ਖੁਸ਼ ਮੁਸਾਫਰਾਂ ਨੇ ਇਕ ਸੁਰ ‘ਚ ਕਿਹਾ ਕਿ ਸਿਵਲ ਏਅਰਪੋਰਟ ਜਲੰਧਰ ‘ਚ ਇੰਡਸਟਰੀ ਦੇ ਵਿਕਾਸ ਦਾ ਨਵਾਂ ਰਾਹ ਖੋਲ੍ਹੇਗਾ।
ਪਹਿਲੀ ਉਡਾਣ ਤਹਿਤ ਸਪਾਈਸ ਜੈਟ ਦਾ 78 ਸੀਟਰ ਜਹਾਜ਼ ਦਿੱਲੀ ਏਅਰਪੋਰਟ ਤੋਂ ਆਪਣੇ ਤੈਅ ਸਮੇਂ 3.39 ਮਿੰਟ ‘ਤੇ ਉਡਿਆ ਤੇ ਆਦਮਪੁਰ ਏਅਰਪੋਰਟ ‘ਤੇ 4.45 ਮਿੰਟ ਦੇ ਤੈਅ ਸਮੇਂ ਤੋਂ 11 ਮਿੰਟ ਪਹਿਲਾਂ ਲੈਂਡ ਕਰ ਗਿਆ। ਪਹਿਲੀ ਉਡਾਣ ‘ਚ ਭਾਜਪਾ ਦੇ ਕੇਂਦਰੀ ਸਮਾਜ ਭਲਾਈ ਮੰਤਰੀ ਵਿਜੇ ਸਾਂਪਲਾ, ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਚੌਧਰੀ, ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ, ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ, ਸ਼ਹਿਰ ਦੇ ਪ੍ਰਮੁੱਖ ਸਨਅਤਕਾਰ, ਵਿੱਦਿਅਕ ਅਦਾਰਿਆਂ ਦੇ ਮਾਲਕ, ਡਾਕਟਰ ਤੇ ਹੋਰ ਮੁਸਾਫਰ ਬਣ ਕੇ ਆਏ। ਜਿਵੇਂ ਹੀ ਇਹ ਮੁਸਾਫਰ ਜਹਾਜ਼ ‘ਚੋਂ ਉਤਰੇ ਤਾਂ ਸਪਾਈਸ ਜੈਟ ਕੰਪਨੀ, ਏਅਰ ਇੰਡੀਆ ਅਥਾਰਟੀ ਦੇ ਅਧਿਕਾਰੀਆਂ ਤੋਂ ਇਲਾਵਾ ਭਾਜਪਾ ਤੇ ਕਾਂਗਰਸ ਦੇ ਸਮਰਥਕਾਂ ਨੇ ਮੁਸਾਫਰਾਂ ਤੇ ਨੇਤਾਵਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ। ਵੀਆਈਪੀ ਲਾਜ ‘ਚ ਵਿਦਿਆਰਥਣਾਂ ਨੇ ਗਿੱਧਾ ਪਾ ਕੇ ਮੁਸਾਫਰਾਂ ਦਾਸਵਾਗਤ ਕੀਤਾ ਤੇ ਉਥੇ ਹੀ ਭੰਗੜਾ ਪਾਉਂਦੇ ਗੱਭਰੂਆਂ ਵਿਚਕਾਰ ਪਹੁੰਚ ਕੇ ਜਹਾਜ਼ ਦੇ ਮੁਸਾਫਰ ਖੁਦ ਨੂੰ ਥਿਰਕਣ ਤੋਂ ਨਾ ਰੋ ਸਕੇ। ਸ਼ਾਮ ਪੰਜ ਵੱਜ ਕੇ ਪੰਜ ਮਿੰਟ ‘ਤੇ ਜਹਾਜ਼ ਵਾਪਸ ਦਿੱਲੀ ਲਈ ਰਵਾਨਾ ਹੋ ਗਿਆ। ਕੇਂਦਰੀ ਮੰਤਰੀ ਵਿਜੇ ਸਾਂਪਲਾ ਇਸੇ ਜਹਾਜ਼ ਰਾਹੀਂ ਵਾਪਸ ਦਿੱਲੀ ਪਰਤ ਗਏ। ਉਨ੍ਹਾਂ ਦੇ ਨਾਲ ਹੀ ਸ਼ਹਿਰ ਦੇ ਸਨਅਤਕਾਰ ਗੌਤਮ ਕਪੂਰ, ਕਮਲਜੀਤ ਹੇਅਰ, ਰਾਜੀਵ ਮਿੱਤਲ, ਨਰਿੰਦਰ ਸਿੰਘ ਸੱਗੂ, ਪੰਕਜ ਅਹੂਜਾ, ਮਨੋਜ ਅਰੋੜਾ ਤੇ ਮਹੇਸ਼ ਗੁਪਤਾ ਜਹਾਜ਼ ਰਾਹੀਂ ਦਿੱਲੀ ਰਵਾਨਾ ਹੋਏ।

Check Also

ਭਗਵੰਤ ਮਾਨ ਨੇ ਸੰਜੇ ਸਿੰਘ ਦਾ ਘਰ ਪਹੁੰਚਣ ‘ਤੇ ਕੀਤਾ ਸਵਾਗਤ

ਸੰਸਦ ਮੈਂਬਰ ਨੇ ਮਾਨ ਦੀ ਧੀ ਨੂੰ ਆਸ਼ੀਰਵਾਦ ਦਿੱਤਾ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ …