ਰਿਪਬਲਿਕਨ ਪਾਰਟੀ ਵਿੱਚ ਰਾਸ਼ਟਰਪਤੀ ਉਮੀਦਵਾਰੀ ਹਾਸਲ ਕਰਨ ਲਈ ਜ਼ੋਰਦਾਰ ਮੁਕਾਬਲਾ, ਹਿਲੇਰੀ ਦਾ ਜੇਤੂ ਸਫ਼ਰ ਜਾਰੀ
ਵਾਸ਼ਿਗੰਟਨ : ਰਿਪਬਲਿਕਨ ਪਾਰਟੀ ਵਿੱਚ ਰਾਸ਼ਟਰਪਤੀ ਅਹੁਦੇ ਲਈ ਮੋਹਰੀ ਉਮੀਦਵਾਰ ਡੋਨਲਡ ਟਰੰਪ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਉਹ ਆਪਣੇ ਵਿਰੋਧੀ ਟੈਡ ਕਰੂਜ਼ ਅਤੇ ਮਾਰਕੋ ਰੂਬਿਓ ਤੋਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਤੇ ਵਯੋਮਿੰਗ ਵਿੱਚ ਬੁਰੀ ਤਰ੍ਹਾਂ ਹਾਰ ਗਏ। ਇਹ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰ ਬਣਨ ਲਈ ਸੰਘਰਸ਼ ਜ਼ੋਰਦਾਰ ਹੋ ਗਿਆ ਹੈ। ਦੂਜੇ ਪਾਸੇ ਡੈਮੋਕਰੈਟਿਕ ਪਾਰਟੀ ਲਈ ਉਮੀਦਵਾਰ ਬਣਨ ਦੀ ਇਛੁੱਕ ਹਿਲੇਰੀ ਕਲਿੰਟਨ ਨੇ ਉਤਰੀ ਮੇਰੀਆਨਾ ਵਿੱਚ ਜਿੱਤ ਹਾਸਲ ਕਰ ਲਈ ਹੈ। ਵ੍ਹਾਈਟ ਹਾਊਸ ਲਈ ਟਰੰਪ ਦੀ ਦੌੜ ‘ਤੇ ਰੋਕ ਲਾਉਂਦੇ ਹੋਏ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਦਾਅਵੇਦਾਰ ਸੈਨੇਟਰ ਕਰੂਜ਼ ਤੇ ਰੂਬੀਓ ਨੇ ਵਯੋਮਿੰਗ ਤੇ ਡਿਸਟ੍ਰਿਕ ਆਫ ਕੋਲੰਬੀਆ ਵਿੱਚ ਕ੍ਰਮਵਾਰ ਜਿੱਤ ਦਰਜ ਕੀਤੀ। ਇਸ ਪ੍ਰਕਿਰਿਆ ਵਿੱਚ ਕਰੂਜ਼ ਨੂੰ ਨੌਂ ਪ੍ਰਤੀਨਿਧੀਆਂ ਦਾ ਸਮਰਥਨ ਮਿਲਿਆ ਅਤੇ ਰੂਬੀਓ ਨੂੰ ਦਸ ਪ੍ਰਤੀਨਿਧੀਆਂ ਨੇ ਸਮਰਥਨ ਦਿੱਤਾ। ਹੁਣ ਉਨ੍ਹਾਂ ਦੀ ਨਜ਼ਰ ਫਲੋਰੀਡਾ, ਓਹਾਈਓ, ਇਲਿਨੋਇਸ, ਮਿਸੌਰੀ ਤੇ ਉੱਤਰੀ ਕੈਰੋਲਿਨਾ ਵਿੱਚ 15 ਮਾਰਚ ਨੂੰ ਹੋਣ ਵਾਲੀਆਂ ਵੋਟਾਂ ‘ਤੇ ਹਨ। ਰਿਆਲ ਅਸਟੇਟ ਕਾਰੋਬਾਰੀ 69 ਸਾਲਾ ਟਰੰਪ ਨੂੰ ਇਸ ਸਮੇਂ ਉਮੀਦਵਾਰੀ ਦੀ ਦੌੜ ਵਿੱਚ ਸਭ ਤੋਂ ਮੋਹਰੀ ਮੰਨਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਕੋਲ ਸਭ ਤੋਂ ਵੱਧ 460 ਪ੍ਰਤੀਨਿਧੀ ਹਨ, ਜਦ ਕਿ ਕਰੂਜ਼ ਨੂੰ 367, ਰੂਬੀਓ ਨੂੰ 153 ਅਤੇ ਓਹਾਈਓ ਦੇ ਗਵਰਨਰ ਜੌਹਨ ਕਾਸਿਚ ਨੂੰ 63 ਪ੍ਰਤੀਨਿਧੀਆਂ ਦਾ ਸਮਰਥਨ ਹਾਸਲ ਹੈ। ਰਿਪਬਲਿਕਨ ਉਮੀਦਵਾਰੀ ਹਾਸਲ ਕਰਨ ਲਈ ਕੁੱਲ 2472 ਪ੍ਰਤੀਨਿਧੀਆਂ ਵਿੱਚੋਂ 1237 ਪ੍ਰਤੀਨਿਧੀਆਂ ਦੇ ਸਮਰਥਨ ਦੀ ਲੋੜ ਹੈ। ਵਾਸ਼ਿੰਗਟਨ ਡੀਸੀ ਵਿੱਚ ਰੂਬੀਓ ਨੇ 37.3 ਫੀਸਦ ਵੋਟਾਂ ਹਾਸਲ ਕਰਕੇ ਓਹਾਈਓ ਦੇ ਗਵਰਨਰ ਜੌਹਨ ਕਾਸਿਚ ਨੂੰ ਮਾਤ ਦਿੱਤੀ। ਜੌਹਨ ਨੂੰ 35.5 ਫੀਸਦੀ ਵੋਟਾਂ ਹਾਸਲ ਹੋਈਆਂ ਜਦ ਕਿ ਟਰੰਪ ਤੀਜੇ ਸਥਾਨ ‘ਤੇ ਰਹੇ ਤੇ ਉਨ੍ਹਾਂ ਨੂੰ 13.8 ਫੀਸਦ ਵੋਟਾਂ ਮਿਲੀਆਂ। ਯੋਮਿੰਗ ‘ਚ ਕਰੂਜ਼ ਨੇ ਦੋ ਤਿਹਾਈ ਵੋਟਾਂ ਨਾਲ ਜਿੱਤ ਹਾਸਲ ਕੀਤੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …