ਪ੍ਰਭਜੋਤ ਸਿੰਘ (Local Journalism Initiative Reporter)
ਬਰੈਂਪਟਨ : ਗੁਰਪ੍ਰੀਤ ਸਿੰਘ ਢਿੱਲੋਂ ਦੀ ਚੋਣ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਗੁਰਪ੍ਰੀਤ ਸਿੰਘ ਢਿੱਲੋਂ ਇਸ ਵਾਰ ਵਾਰਡ 9 ਅਤੇ 10 ਤੋਂ ਕੌਂਸਲਰ ਦੀ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਇੱਕ ਵਾਰ ਕੌਂਸਲਰ ਅਤੇ ਇੱਕ ਵਾਰ ਰੀਜਨਲ ਕੌਂਸਲ ਦੀ ਚੋਣ ਜਿੱਤ ਚੁੱਕੇ ਹਨ। ਵਿਸ਼ੇਸ਼ ਗੱਲਬਾਤ ਦੌਰਾਨ ਇਹਨਾਂ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਹੀ ਮੇਰਾ ਸ਼ੌਂਕ ਹੈ। ਅੱਗੇ ਗੱਲ ਕਰਦਿਆਂ ਇਹਨਾਂ ਨੇ ਕਿਹਾ ਕਿ ਅਸੀਂ ਆਪਣੇ ਕੀਤੇ ਹੋਏ ਕੰਮਾਂ ਦੇ ਮੁੱਦੇ ਨੂੰ ਲੈ ਕੇ ਵੋਟ ਮੰਗ ਰਹੇ ਹਾਂ। ਇਹਨਾਂ ਨੇ ਕਿਹਾ ਕਿ ਅਸੀਂ ਆਪਣੇ ਪਹਿਲੇ ਕਾਰਜਕਾਲ ਦੌਰਾਨ 2018 ਤੋਂ 2022 ਤੱਕ ਸਿਟੀ ਦਾ ਪ੍ਰਾਪਰਟੀ ਟੈਕਸ ਫਰੀਜ ਕੀਤਾ, ਕੈਸਲ ਮੋਰ ਅਤੇ ਗੋਰ ਤੇ ਸੈਟਲਾਈਟ ਪੁਲਿਸ ਸਟੇਸ਼ਨ ਲਿਆਂਦਾ, ਬਜ਼ੁਰਗਾਂ ਵਾਸਤੇ ਫਰੀ ਬੱਸ ਸੇਵਾ ਲਿਆਂਦੀ, ਟੀਐਮਯੂ ਵਾਸਤੇ ਫੰਡਿੰਗ ਲਿਆਂਦਾ, ਬਰੈਂਪਟਨ ਦੀ ਹਿਸਟਰੀ ਵਿੱਚ 25,000 ਜੌਬਾਂ ਦਾ ਪਲੈਨ ਤਿਆਰ ਕੀਤਾ, ਗੁਰੂ ਨਾਨਕ ਸਟਰੀਟ ਲਿਆਂਦੀ, ਪਾਰਕਾਂ ਵਿੱਚ ਗਜ਼ੀਬੋ ਸੈੱਟ ਬਣਵਾਏ, ਪੋਰਟੇਬਲ ਵਾਸ਼ਰੂਮ ਲਿਆਂਦੇ, ਕਾਮਾਗਾਟਾ ਮਾਰੂ ਪਾਰਕ ਬਣਵਾਇਆ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਦਫ਼ਤਰ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ ਤੇ ਜੋਤੀ ਸਿੰਘ ਮਾਨ ਵੱਲੋਂ ਉੱਘੇ ਲੇਖਕ ਤੇ ਸਾਹਿਤਕਾਰ ਮੰਗਲ ਹਠੂਰ ਨੂੰ ਵੀ ਲੋਕਾਂ ਦੇ ਰੂਬਰੂ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਵੋਟਰਾਂ ਨੇ ਗੁਰਪ੍ਰੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਭੁਗਤਣ ਦਾ ਵਾਅਦਾ ਤੇ ਦਾਅਵਾ ਕੀਤਾ। ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਲਈ ਖੇਡਾਂ ਦੇ ਮੈਦਾਨ ਬਣਾਵਾਂਗੇ ਅਤੇ ਸ਼ਹਿਰ ਨੂੰ ਹੋਰ ਸੁੰਦਰ ਬਣਾਉਣ ਲਈ ਨਵੇਂ ਪ੍ਰਾਜੈਕਟ ਸ਼ੁਰੂ ਕਰਾਂਗੇ। ਲੋਕਾਂ ਨੇ ਇਹਨਾਂ ਦੇ ਕੰਮਾਂ ਤੋਂ ਖੁਸ਼ ਹੋ ਕੇ ਇਹਨਾਂ ਨੂੰ ਭਰਵੀਂ ਹਮਾਇਤ ਦੇਣ ਦਾ ਐਲਾਨ ਕੀਤਾ ਹੈ।

