
ਟਰੰਪ ਨੇ ਕਿਹਾ : ਮੱਧਕਾਲੀ ਚੋਣਾਂ ਤੋਂ ਬਾਅਦ ਇਰਾਨ ’ਤੇ ਫਿਰ ਹਮਲਾ ਸੰਭਵ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਮਿਡਲ ਈਸਟ ਵਿਚ ਆਪਣੀ ਫੌਜੀ ਮੌਜੂਦਗੀ ਹੋਰ ਵਧਾ ਰਿਹਾ ਹੈ। ਕਰੀਬ 9 ਹਜ਼ਾਰ ਫੌਜੀਆਂ ਦੇ ਨਾਲ ਅਮਰੀਕਾ ਨੇ ਆਪਣਾ ਜੰਗੀ ਜਹਾਜ਼ ‘ਥੀਓਡੋਰ ਰੁਜ਼ਵੈਲਟ’ ਵੀ ਇਸ ਖੇਤਰ ਵਿਚ ਭੇਜਿਆ ਹੈ। ਫਿਲਹਾਲ ਯੂ.ਐਸ.ਐਸ. ਜਾਰਜ ਵਾਸ਼ਿੰਗਟਨ ਪਹਿਲਾਂ ਤੋਂ ਹੀ ਉਥੇ ਮੌਜੂਦ ਹੈ। ਰੂਜਵੈਲਟ ਦੀ ਤੈਨਾਤੀ ਦੇ ਬਾਅਦ ਤੋਂ ਅਕਤੂਬਰ ਦੇ ਅਖੀਰ ਤੱਕ ਮਿਡਲ ਈਸਟ ’ਚ ਤਿੰਨ ਅਮਰੀਕੀ ਏਅਰ ਕਰਾਫਟ ਕਰੀਅਰ ਹੋ ਜਾਣਗੇ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਇਰਾਨ ’ਤੇ ਨਵੇਂ ਹਮਲਿਆਂ ਦੀ ਚਿਤਾਵਨੀ ਦੇ ਚੁੱਕੇ ਹਨ। ਉਨ੍ਹਾਂ ਨੇ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਬਾਅਦ ਇਰਾਨ ’ਤੇ ਹਮਲੇ ਦੀ ਗੱਲ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਰਾਨ ਦੇ ਜੰਗਬੰਦੀ ਦੇ ਪਲਾਨ ਨੂੰ ਵੀ ਠੁਕਰਾ ਦਿੱਤਾ ਸੀ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅਗਾਮੀ ਨਵੰਬਰ ਮਹੀਨੇ ਦੇ ਆਖਰ ਤੱਕ ਇਰਾਨ ਦੇ ਨੇੜੇ-ਤੇੜੇ ਅਮਰੀਕਾ ਦੇ ਤਿੰਨ ਜੰਗੀ ਜਹਾਜ਼ ਅਤੇ ਦੋ ਮਰੀਨ ਯੂਨਿਟ ਵੀ ਤੈਨਾਤ ਹੋ ਸਕਦੀਆਂ ਹਨ। ਇਸੇ ਦੌਰਾਨ ਅਮਰੀਕਾ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਜੇਕਰ ਡੋਨਾਲਡ ਟਰੰਪ ਇਰਾਨ ਦੇ ਖਿਲਾਫ ਫੌਜੀ ਕਾਰਵਾਈ ਦਾ ਨਿਰਦੇਸ਼ ਦਿੰਦੇ ਹਨ ਤਾਂ ਅਮਰੀਕੀ ਫੌਜ ਇਸਦੇ ਲਈ ਤਿਆਰ ਹੈ।

