
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਹੁਣ ਸਰਕਾਰੀ ਗਾਰੰਟੀ ’ਤੇ ਚੁੱਕੇਗਾ 5500 ਕਰੋੜ ਰੁਪਏ ਦਾ ਕਰਜ਼ਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਨੇ ਹੁਣ ਬਾਂਡ ਜ਼ਰੀਏ 10 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਜੁਟਾਉਣ ਵਾਲੀ ਯੋਜਨਾ ਰੱਦ ਕਰ ਦਿੱਤੀ ਹੈ। ਪਾਵਰਕੌਮ ਹੁਣ ਪੰਜਾਬ ਸਰਕਾਰ ਦੀ ਗਾਰੰਟੀ ’ਤੇ 5500 ਕਰੋੜ ਰੁਪਏ ਦਾ ਕਰਜ਼ਾ ਬੈਂਕਾਂ ਤੋਂ ਲਵੇਗਾ। ਜਦੋਂ ਪਾਵਰਕੌਮ ਨੇ 10 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਜੁਟਾਉਣ ਲਈ ਕਰੀਬ 150 ਕਰੋੜ ਰੁਪਏ ਦੀ ਵਿਚੋਲਗੀ ਫੀਸ ਦੇਣ ਵੱਲ ਕਦਮ ਵਧਾਏ ਸਨ ਤਾਂ ਉਸਦਾ ਵੱਡਾ ਵਿਰੋਧ ਹੋਇਆ ਸੀ। ਵਿਰੋਧੀ ਧਿਰਾਂ ਵਲੋਂ ਬੇਲੋੜੀ ਵਿਚੋਲਗੀ ਫੀਸ ਨੂੰ ਲੈ ਕੇ ਸੱਤਾਧਾਰੀ ਧਿਰ ਦੀ ਆਲੋਚਨਾ ਕੀਤੀ ਗਈ ਸੀ। ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਹਿਲਾਂ ਹੀ ਗਮਾਡਾ ਵਲੋਂ ਚੁੱਕੇ ਜਾਣ ਵਾਲੇ ਕਰਜ਼ੇ ਅਤੇ ਦਿੱਤੀ ਜਾਣ ਵਾਲੀ ਵਿਚੋਲਗੀ ਫੀਸ ’ਤੇ ਸਵਾਲ ਉਠੇ ਹੋਏ ਹਨ। ਦੱਸਣਯੋਗ ਹੈ ਕਿ ਪਾਵਰਕੌਮ ਵਲੋਂ 150 ਕਰੋੜ ਦੀ ਵਿਚੋਲਗੀ ਫੀਸ ਦੇਣ ਦੀ ਗੱਲ ਕਿਸੇ ਤੋਂ ਹਜ਼ਮ ਨਹੀਂ ਹੋ ਰਹੀ ਸੀ। ਬੇਸ਼ੱਕ 10 ਹਜ਼ਾਰ ਕਰੋੜ ਰੁਪਏ ਬਾਂਡ ਰਾਹੀਂ ਲੈਣ ਦਾ ਫੈਸਲਾ ਰੱਦ ਕਰ ਦਿੱਤਾ ਗਿਆ ਹੈ, ਪਰੰਤੂ ਪਾਵਰਕੌਮ ਵਲੋਂ 5500 ਕਰੋੜ ਰੁਪਏ ਦਾ ਕਰਜ਼ਾ ਜ਼ਰੂਰ ਚੁੱਕਿਆ ਜਾਣਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਵੱਲ ਬਿਜਲੀ ਸਬਸਿਡੀ ਦਾ ਬਕਾਇਆ ਵੀ ਲਗਾਤਾਰ ਵਧ ਰਿਹਾ ਹੈ।

