
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਨੂੰ ਜਪਾਨ ਵਿਚ ਹੋ ਰਹੀਆਂ ਏਸ਼ੀਅਨ ਖੇਡਾਂ ਵਿਚ 28 ਸਾਲਾਂ ਬਾਅਦ ਵੇਟ ਲਿਫਟਿੰਗ ’ਚ ਚਾਂਦੀ ਦਾ ਮੈਡਲ ਮਿਲਿਆ ਹੈ ਅਤੇ ਇਹ ਮੈਡਲ ਮੀਰਾਬਾਈ ਚਾਨੂੰ ਨੇ ਦਿਵਾਇਆ ਹੈ। ਇਸ ਤੋਂ ਪਹਿਲਾਂ 1998 ਵਿਚ ਕਰਣਮ ਮਲੇਸ਼ਵਰੀ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਅੱਜ ਬੁੱਧਵਾਰ ਨੂੰ ਮੀਰਾਬਾਈ, ਮਹਿਲਾਵਾਂ ਦੇ 49 ਕਿਲੋਗਰਾਮ ਭਾਰ ਵਰਗ ਵਿਚ 198 ਕਿਲੋਗਰਾਮ ਭਾਰ ਚੁੱਕ ਕੇ ਦੂਜੇ ਸਥਾਨ ’ਤੇ ਰਹੀ। ਮੀਰਾਬਾਈ ਚਾਨੂੰ ਨੇ ਸਨੈਚ ਵਿਚ 87 ਅਤੇ ਕਲੀਨ ਐਂਡ ਜ਼ਰਕ ਵਿਚ 111 ਕਿਲੋਗਰਾਮ ਭਾਰ ਚੁੱਕਿਆ। ਜ਼ਿਕਰਯੋਗ ਹੈ ਕਿ ਮੀਰਾਬਾਈ ਨੇ ਏਸ਼ੀਅਨ ਖੇਡਾਂ ਵਿਚ ਪਹਿਲੀ ਵਾਰ ਮੈਡਲ ਜਿੱਤਿਆ ਹੈ। ਉਹ ਉਲੰਪਿਕ ਖੇਡਾਂ, ਕਾਮਨਵੈਲਥ ਖੇਡਾਂ ਅਤੇ ਵਰਲਡ ਚੈਂਪੀਅਨਸ਼ਿਪ ਜਿਹੀਆਂ ਵੱਡੀਆਂ ਪ੍ਰਤੀਯੋਗਤਾਵਾਂ ਵਿਚ ਮੈਡਲ ਜਿੱਤ ਚੁੱਕੀ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਵੀ ਭਾਰਤ ਦੀ ਝੋਲੀ ਸੋਨੇ ਦਾ ਮੈਡਲ ਪਾਇਆ ਸੀ।

