
ਆਪਣੇ ਤਜ਼ੁਰਬੇ ਦਾ ਲਾਹਾ ਲੈਂਦੇ ਹੋਏ ਦੋਵੇਂ ਮਿਲਕੇ ਕਰਨਗੇ ਨਸ਼ੇ ਨੂੰ ਜੜ੍ਹੋਂ ਖ਼ਤਮ
ਖ਼ੁਦ ਸਰਕਾਰ ਅਤੇ ਪਾਰਟੀ ਆਗੂ ਹੀ ਵਿਕਵਾਉਂਦੇ ਨੇ ਨਸ਼ਾ- ਨਿਰੰਜਨ ਸਿੰਘ
ਅਮਰਜੀਤ ਸਿੰਘ
ਚੰਡੀਗੜ੍ਹ, 23 ਸਿਤੰਬਰ 2026
ਜਿਵੇਂ ਕਿ ਕਿਆਸਅਰਾਈਆਂ ਚੱਲ ਰਹੀਆਂ ਸਨ, ਈਡੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਅਤੇ ਪੰਜਾਬ ਪੁਲਿਸ ਦੇ ਸਾਬਕਾ ਡੀਐੱਸਪੀ ਬਲਵਿੰਦਰ ਸੇਖੋਂ ਨੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜੱਥੇਬੰਦੀ ਦਾ ਪੱਲਾ ਫੜ ਲਿਆ ਹੈ। ਇਨ੍ਹਾਂ ਦੋਵਾਂ ਦਾ ਦਾਅਵਾ ਹੈ ਕਿ ਜੋ ਸਮੇਂ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਹ ਇਹ ਕਰ ਸਕਦੇ ਹਨ। ਇਨ੍ਹਾਂ ਨੇ ਪੰਜਾਬ ਵਿੱਚੋਂ ਨਸ਼ੇ ਦੀ ਨਾਮੁਰਾਦ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਦਾ ਵਾਅਦਾ ਕਰਦੇ ਹੋਏ ਭਾਈ ਅਮ੍ਰਿਤਪਾਲ ਸਿੰਘ ਦੀ ਜੱਥੇਬੰਦੀ ਵਿੱਚ ਸ਼ਮੂਲੀਅਤ ਦਰਜ ਕੀਤੀ ਹੈ।
ਪਿੱਛਲੇ ਕੱਲ੍ਹ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕਰਵਾਏ ਇੱਕ ਪ੍ਰੋਗਰਾਮ ਦੌਰਾਨ, ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਅਤੇ ਪੰਜਾਬ ਪੁਲੀਸ ਦੇ ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਦੇ ਦਾ ਪੱਲਾ ਫੜਿਆ। ਵਾਰਿਸ ਪੰਜਾਬ ਦੇ, ਦੇ ਸੀਨੀਅਰ ਆਗੂ ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਦੋਹਾਂ ਸਾਬਕਾ ਅਧਿਕਾਰੀਆਂ ਨੂੰ ਪਾਰਟੀ ਵਿੱਚ ਜੀ ਆਇਆਂ ਨੂੰ ਕਿਹਾ। ਪਾਰਟੀ ਵੱਲੋਂ ਦੋਵਾਂ ਆਗੂਆਂ ਨੂੰ ਸਿਰੋਪਾਓ ਭੇਟ ਕੀਤੇ ਗਏ।
ਬਲਵਿੰਦਰ ਸਿੰਘ ਸੇਖੋਂ ਦੀਆਂ ਵੀਡਿਓਜ਼ ਨੇ ਪਿੱਛਲੇ ਸਾਲਾਂ ਵਿੱਚ ਡਰੱਗਸ ਨੂੰ ਲੈਕੇ ਤਹਿਲਕਾ ਮਚਾਇਆ ਹੋਇਆ ਸੀ। ਉਹ ਬਿਨਾ ਕਿਸੇ ਡਰ ਤੋਂ ਜੱਜਾਂ ਤੱਕ ਦੇ ਨਾਂਅ ਲੈਂਦੇ ਰਹੇ ਹਨ ਕਿ ਕਿਹੜਾ ਜੱਜ ਕਿੰਨਾ ਕੁ ਭ੍ਰਿਸ਼ਟ ਹੈ। ਉਨ੍ਹਾਂ ਨੇ ਬਹੁਤ ਸਾਰੇ ਪੁਲਿਸ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਦਾ ਨਾਂਅ ਵੀ ਉਜਾਗਰ ਕੀਤਾ ਸੀ ਜੋ ਨਾ ਸਿਰਫ ਨਸ਼ੇ ਦੇ ਵਪਾਰ ਬਲਕਿ ਭ੍ਰਿਸ਼ਟਾਚਾਰ ਦੇ ਹੋਰ ਮਾਮਲਿਆਂ ਵਿੱਚ ਗਲਤਾਨ ਸਨ। ਉਸੇ ਸਮੇਂ ਤੋਂ ਇਹ ਕਿਆਸਅਰਾਈਆਂ ਸਨ ਕਿ ਸੇਖੋਂ ਇੱਕ ਨਾ ਇੱਕ ਦਿਨ ਸਿਆਸਤ ਵਿੱਚ ਜ਼ਰੂਰ ਆਉਣਗੇ। ਇਸੇ ਤਰ੍ਹਾਂ ਨਿਰੰਜਨ ਸਿੰਘ ਵੀ ਨਸ਼ੇ ਦੇ ਖ਼ਿਲਾਫ਼ ਬਹੁਤ ਵੱਡੀ ਲੜਾਈ ਲੜ ਚੁਕੇ ਹਨ ਤੇ ਉਹਨਾਂ ਨੂੰ ਨਸ਼ੇ ਦੇ ਵਪਾਰ ਦੇ ਤੌਰ ਤਰੀਕਿਆਂ ਦੀ ਜਾਣਕਾਰੀ ਵੀ ਹੈ ਜਿਸਤੇ ਵਾਰ ਕੀਤਾ ਜਾ ਸਕਦੈ।
“ਵਾਰਿਸ ਪੰਜਾਬ ਦੇ” ਵਿੱਚ ਸ਼ਾਮਿਲ ਹੋਕੇ ਨਿਰੰਜਨ ਸਿੰਘ ਨੇ ਪਹਿਲਾ ਬਿਆਨ ਇਹੋ ਦਿੱਤਾ ਹੈ ਕਿ ਸਰਕਾਰ ਅਤੇ ਪਾਰਟੀ ਦੇ ਆਗੂਆਂ ਦੀ ਸਰਪ੍ਰਸਤੀ ਹੇਠ ਚੱਲ ਰਿਹੈ ਡਰੱਗ ਮਾਫ਼ੀਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਤਾਂ ਖ਼ਰਾਬ ਹੈ ਹੀ ਉੱਤੋਂ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਕਾਰਨ ਹਾਲਾਤ ਬਹੁਤ ਹੀ ਚਿੰਤਾਜਨਕ ਬਣੇ ਹੋਏ ਹਨ। ਉਨ੍ਹਾਂ ਇੱਕ ਵੱਡਾ ਦੋਸ਼ ਲਾਉਂਦੇ ਹੋਏ ਕਿਹਾ ਕਿ ਸੂਬੇ ਵਿੱਚ ਡਰੱਗ ਮਾਫ਼ੀਆ ਪੁਲੀਸ ਅਤੇ ਰਾਜਸੀ ਆਗੂਆਂ ਦੀ ਛਤਰ-ਛਾਇਆ ਹੇਠ ਹੀ ਫ਼ਲ ਫੁੱਲ ਰਿਹਾ ਹੈ।
ਨਿਰੰਜਨ ਸਿੰਘ ਨੇ ਕਿਹਾ ਕਿ ਨਸ਼ੇ ਦੇ ਨਾਲ ਨਾਲ ਨਸ਼ੇ ਨੂੰ ਪਾਲਣ ਪੋਸਣ ਵਾਲਿਆਂ ਖ਼ਿਲਾਫ਼ ਪੂਰੇ ਜ਼ੋਰ ਨਾਲ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਸਿਆਸੀ ਆਗੂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਚੋਣਾਂ ਸਮੇਂ ਲੋਕਾਂ ਦੇ ਸੇਵਕ ਬਣ ਕੇ ਆਉਂਦੇ ਹਨ, ਓਹੀ ਚੋਣਾਂ ਜਿੱਤਣ ਤੋਂ ਬਾਅਦ ਸੇਵਕ ਦੀ ਬਜਾਏ ਖ਼ੁਦ ਨੂੰ ਮਾਲਕ ਅਖਵਾਉਣ ਲੱਗ ਜਾਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਜਸੀ ਆਗੂਆਂ ਦਾ ਅਜਿਹਾ ਰਵੱਈਆ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਨਿਰੰਜਨ ਸਿੰਘ ਨੇ ਤਸਲੀਮ ਕੀਤਾ ਕਿ ਆਪਣੀ ਨੌਕਰੀ ਦੌਰਾਨ ਵੀ ਉਹ ਨਸ਼ਿਆਂ ਖ਼ਿਲਾਫ਼ ਲੰਮੀ ਲੜਾਈ ਲੜਦੇ ਰਹੇ ਹਨ, ਅਤੇ ਹੁਣ ਜਦੋਂਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵੀ ਨਸ਼ਿਆਂ ਵਿਰੁੱਧ ਲਗਾਤਾਰ ਆਵਾਜ਼ ਚੁੱਕ ਰਹੀ ਹੈ ਤਾਂ ਉਹ ਵੀ ਇਨ੍ਹਾਂ ਨਾਲ ਮਿਲਕੇ ਆਪਣਾ ਹਿੱਸਾ ਪਾਉਣਗੇ। ਉਨ੍ਹਾਂ ਨੇ ਹੁਣ ਇਸ ਜਥੇਬੰਦੀ ਨਾਲ ਮਿਲ ਕੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਦਾ ਫ਼ੈਸਲਾ ਕੀਤਾ ਹੈ।
ਇਸ ਦੌਰਾਨ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਦਾਅਵਾ ਕੀਤਾ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਪਹਿਲੇ ਦਿਨ ਤੋਂ ਹੀ ਨਸ਼ਾ ਮੁਕਤੀ ਲਈ ਯਤਨਸ਼ੀਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਲੜਾਈ ਸੂਬੇ ਵਿੱਚੋਂ ਨਸ਼ੇ ਦਾ ਮੁਕੰਮਲ ਖ਼ਾਤਮਾ ਹੋਣ ਤੱਕ ਜਾਰੀ ਰਹੇਗੀ। ਇਆਲੀ ਨੇ ਕਿਹਾ ਕਿ ਸੂਬਾ ਸਰਕਾਰਾਂ ਅੰਮ੍ਰਿਤਪਾਲ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤੋਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਸਨ, ਜਿਸ ਕਾਰਨ ਉਸ ਉੱਪਰ ਐੱਨਐੱਸਏ ਵਰਗਾ ਸੰਗੀਨ ਕ਼ਾਨੂਨ ਲਗਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਹੈਰਾਨੀ ਜ਼ਾਹਿਰ ਕੀਤੀ ਕਿ ਹੁਣ ਐੱਨਐੱਸਏ ਹਟਣ ਦੇ ਬਾਵਜੂਦ ਭਾਈ ਅਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ।
ਇਸ ਮੌਕੇ ਤੇ “ਵਾਰਿਸ ਪੰਜਾਬ ਦੇ” ਜੱਥੇਬੰਦੀ ਦੇ ਆਗੂ ਤਰਸੇਮ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ‘ਆਮ ਆਦਮੀ ਪਾਰਟੀ’ ਨੇ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੂਬੇ ਵਿੱਚੋਂ ਨਸ਼ਾ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਵੱਡੇ ਵੱਡੇ ਵਾਅਦੇ ਕਰਦੇ ਹੋਏ ਗਾਰੰਟੀਆਂ ਦਿੱਤੀਆਂ ਸਨ, ਪਰ ਕਿੱਥੇ ਗਏ ਉਹ ਵਾਅਦੇ ਤੇ ਕਿੱਥੇ ਗਈ ਉਹ ਗਰੰਟੀ, ਅੱਜ ਇਹ ਦੋਵੇਂ ਸਮੱਸਿਆਵਾਂ ਸਗੋਂ ਹੋਰ ਵਧ ਚੁੱਕੀਆਂ ਹਨ। ਤਰਸੇਮ ਸਿੰਘ ਨੇ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਨਸ਼ਾ ਤਸਕਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

