Home / ਪੰਜਾਬ / ਨਸ਼ੇੜੀ ਮਹਿੰਗੇ ਨਸ਼ਿਆਂ ਦੀ ਥਾਂ ਮੈਡੀਸਨ ਦੀ ਕਰਨ ਲੱਗੇ ਵਰਤੋਂ

ਨਸ਼ੇੜੀ ਮਹਿੰਗੇ ਨਸ਼ਿਆਂ ਦੀ ਥਾਂ ਮੈਡੀਸਨ ਦੀ ਕਰਨ ਲੱਗੇ ਵਰਤੋਂ

ਪੁਲਿਸ ਦੀ ਸਖਤੀ ਮਗਰੋਂ ਨਸ਼ੇੜੀ ਲੱਭਣ ਲੱਗੇ ਨਵੇਂ ਰਾਹ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕੀਤੀ ਸਖ਼ਤੀ ਮਗਰੋਂ ਪੰਜਾਬ ਨੂੰ ਹੁਣ ਨਵੇਂ ਦੁਖਾਂਤ ਵਿੱਚੋਂ ਵਿਚਰਨਾ ਪੈ ਰਿਹਾ ਹੈ, ਕਿਉਂਕਿ ਨਸ਼ੇੜੀਆਂ ਵੱਲੋਂ ਮਹਿੰਗੇ ਨਸ਼ਿਆਂ ਦੇ ਤੋੜ ਵਜੋਂ ਵੱਡੇ ਪੱਧਰ ‘ਤੇ ਫਾਰਮਾਸੂਟੀਕਲ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਜੈਤੋ (ਫ਼ਰੀਦਕੋਟ) ਦੇ ਸਮਾਜ ਸੇਵੀ ਡਾਲ ਚੰਦ ਪਵਾਰ ਵੱਲੋਂ ਪੰਜਾਬ ਸਟੇਟ ਨਾਰਕੋਟਿਕਸ ਕੰਟਰੋਲ ਬਿਓਰੋ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਨਸ਼ੇੜੀਆਂ ਵੱਲੋਂ 16 ਮਾਰਚ ਤੋਂ 30 ਸਤੰਬਰ 2017 ਦੌਰਾਨ ਸਿਰਫ਼ ਸਾਢੇ ਪੰਜ ਮਹੀਨਿਆਂ ਵਿੱਚ ਹੀ ਕਰੋੜਾਂ ਦੀ ਗਿਣਤੀ ਵਿੱਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਨਸ਼ਿਆਂ ਵਾਲੇ ਟੀਕਿਆਂ ਤੇ ਪੀਣ ਵਾਲੀਆਂ ਦਵਾਈਆਂ ਸਮੇਤ ਨਸ਼ੀਲੇ ਪਾਊਡਰ ਦੀ ਵਰਤੋਂ ਵੀ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ। ਅੰਕੜਿਆਂ ਅਨੁਸਾਰ ਇਨ੍ਹਾਂ ਮਹੀਨਿਆਂ ਦੌਰਾਨ ਸਟੇਟ ਨਾਰਕੋਟਿਕਸ ਕੰਟਰੋਲ ਬਿਓਰੋ ਵੱਲੋਂ 26,10,539 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 19,015 ਨਸ਼ੀਲੇ ਟੀਕੇ, ਪੀਣ ਵਾਲੀ ਦਵਾਈ ਦੀਆਂ 5337 ਸ਼ੀਸ਼ੀਆਂ ਤੇ 143 ਕਿਲੋ ਨਸ਼ੀਲੇ ਪਾਊਡਰ ਸਮੇਤ ਏਜੰਸੀ ਵੱਲੋਂ 20 ਲੀਟਰ ਨਸ਼ੀਲਾ ਤਰਲ ਪਦਾਰਥ ਬਰਾਮਦ ਕਰਨ ਦਾ ਖ਼ੁਲਾਸਾ ਹੋਇਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਦੇ ਮਾਹਿਰਾਂ ਤੇ ਕੌਮਾਂਤਰੀ ਪੱਧਰ ‘ਤੇ ਇਸ ਸਬੰਧੀ ਹੋਈਆਂ ਖੋਜਾਂ ਤੋਂ ਸਾਹਮਣੇ ਆਇਆ ਹੈ ਕਿ ਪੁਲਿਸ ਏਜੰਸੀਆਂ ਵੱਲੋਂ ਕੁੱਲ ਖ਼ਪਤ ਹੁੰਦੇ ਨਸ਼ੇ ਦਾ ਸਿਰਫ਼ 10-15 ਫ਼ੀਸਦ ਹੀ ਬਰਾਮਦ ਕੀਤਾ ਜਾਂਦਾ ਹੈ। ਅੰਕੜਿਆਂ ਅਨੁਸਾਰ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਦੀ ਵਰਤੋਂ ਕਰਨ ਵਿੱਚ ਮਾਨਸਾ ਜ਼ਿਲ੍ਹਾ ਨੰਬਰ ਇਕ ‘ਤੇ ਹੈ, ਜਿਥੋਂ 5,39,054 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਹੋਏ ਹਨ। ਦੂਸਰੇ ਨੰਬਰ ‘ਤੇ ਜ਼ਿਲ੍ਹਾ ਮੋਗਾ ਤੋਂ 4,93,706, ਤਰਨਤਾਰਨ ਤੋਂ 2,46,951, ਬਠਿੰਡਾ ਤੋਂ 2,11,116, ਜਲੰਧਰ (ਦਿਹਾਤੀ) ਤੋਂ 1,41,668 ਤੇ ਪਟਿਆਲਾ ਤੋਂ ઠ1,39,744 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ।
ਨਸ਼ੀਲੇ ਟੀਕਿਆਂ ਦੀ ਵਰਤੋਂ ਕਰਨ ਵਿੱਚ ਜ਼ਿਲ੍ਹਾ ਜਲੰਧਰ ਤੋਂ ਸਭ ਤੋਂ ਅੱਗੇ ਹੈ, ਜਿੱਥੋਂ 5503 ਟੀਕੇ, ਦੂਜੇ ਨੰਬਰ ‘ਤੇ ਮੋਗਾ ਤੋਂ 2736, ਐੱਸੀਬੀਐੱਸ ਨਗਰ ਤੋਂ 2162, ਪਟਿਆਲਾ ਤੋਂ 1389 ਤੇ ਮੁਹਾਲੀ ਜ਼ਿਲ੍ਹੇ ਵਿੱਚੋਂ 1031 ਨਸ਼ੀਲੇ ਟੀਕੇ ਬਰਾਮਦ ਹੋਏ ਹਨ। ਇਸੇ ਤਰ੍ਹਾਂ ਪੀਣ ਵਾਲੀਆਂ ਨਸ਼ੀਲੀਆਂ ਦਵਾਈਆਂ ਦੇ ਮਾਮਲੇ ਵਿੱਚ ਜ਼ਿਲ੍ਹਾ ਸੰਗਰੂਰ ਮੋਹਰੀ ਹੈ। ਇਥੋਂ 2193, ਪਟਿਆਲੇ ਤੋਂ 980 ਤੇ ਬਰਨਾਲਾ ਤੋਂ 358 ਸ਼ੀਸ਼ੀਆਂ ਫੜੀਆਂ ਗਈਆਂ। ਨਾਰਕੋਟਿਕਸ ਕੰਟਰੋਲ ਬਿਓਰੋ ਵੱਲੋਂ ਜ਼ਿਲ੍ਹਾ ਜਲੰਧਰ (ਦਿਹਾਤੀ) ਵਿੱਚੋਂ ਸਭ ਤੋਂ ਵੱਧ 48 ਕਿਲੋ ਨਸ਼ੀਲਾ ਪਾਊਡਰ, ਲੁਧਿਆਣਾ (ਦਿਹਾਤੀ) ਤੋਂ 25 ਕਿਲੋ, ਹੁਸ਼ਿਆਰਪੁਰ ਤੋਂ 16 ਕਿਲੋ ਤੇ ਖੰਨਾ ਤੋਂ 10 ਕਿਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ।

Check Also

ਲਵਪ੍ਰੀਤ ਖੁਦਕੁਸ਼ੀ ਮਾਮਲੇ ’ਚ ਕੈਨੇਡਾ ਰਹਿ ਰਹੀ ਬੇਅੰਤ ਕੌਰ ਖਿਲਾਫ ਮਾਮਲਾ ਦਰਜ

2019 ’ਚ ਹੋਇਆ ਸੀ ਲਵਪ੍ਰੀਤ ਦਾ ਬੇਅੰਤ ਕੌਰ ਨਾਲ ਵਿਆਹ ਬਰਨਾਲਾ/ਬਿਊਰੋ ਨਿਊਜ਼ ਬਰਨਾਲਾ ਜ਼ਿਲ੍ਹੇ ਦੇ …