ਟੋਰਾਂਟੋ/ਪ੍ਰਭਜੋਤ ਸਿੰਘ, LJI ਰਿਪੋਰਟਰ : ਮੈਨੀਟੋਬਾ ਦੇ ਲੋਕਾਂ ਨੂੰ ਹੁਣ ਸਾਲ ਵਿੱਚ ਦੋ ਵਾਰ ਘੜੀਆਂ ਅੱਗੇ-ਪਿੱਛੇ ਕਰਨ ਦੀ ਪ੍ਰੇਸ਼ਾਨੀ ਨਹੀਂ ਝੱਲਣੀ ਪਵੇਗੀ। ਸੂਬਾ ਸਰਕਾਰ ਨੇ ਮੈਨੀਟੋਬਾ ਵਿੱਚ ਡੇਅਲਾਈਟ ਸਮਾਂ ਪ੍ਰਣਾਲੀ ਨੂੰ ਸਥਾਈ ਤੌਰ ‘ਤੇ ਲਾਗੂ ਕਰਨ ਦਾ ਐਲਾਨ ਕੀਤਾ ਹੈ। ਪ੍ਰੀਮੀਅਰ ਵੈਬ ਕਿਨਿਊ ਨੇ ਪ੍ਰੈੱਸ ਰਿਲੀਜ਼ ਰਾਹੀਂ ਇਸ ਬਦਲਾਅ ਦੀ ਜਾਣਕਾਰੀ ਦਿੱਤੀ। ਨਵੀਂ ਪ੍ਰਣਾਲੀ ਤਹਿਤ ਇਸ ਸਾਲ 1 ਨਵੰਬਰ ਨੂੰ ਘੜੀਆਂ ਇੱਕ ਘੰਟਾ ਪਿੱਛੇ ਕਰਕੇ ਮਿਆਰੀ ਸਮੇਂ ‘ਤੇ ਵਾਪਸ ਨਹੀਂ ਲਿਆਂਦੀਆਂ ਜਾਣਗੀਆਂ। ਇਸ ਨਾਲ ਬਸੰਤ ਅਤੇ ਪਤਝੜ ਦੌਰਾਨ ਘੜੀਆਂ ਦਾ ਸਮਾਂ ਬਦਲਣ ਦੀ ਸਾਲਾਨਾ ਪ੍ਰਥਾ ਖ਼ਤਮ ਹੋ ਜਾਵੇਗੀ।
ਹੁਣ ਮੈਨੀਟੋਬਾ ਵਿੱਚ ਘੜੀਆਂ ਸਾਲ ਭਰ ਇੱਕੋ ਸਮੇਂ ‘ਤੇ ਚੱਲਣਗੀਆਂ। ਸਰਕਾਰ ਵੱਲੋਂ ਇਸ ਬਦਲਾਅ ਨੂੰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਸਹੂਲਤ ਲਿਆਉਣ ਵਾਲਾ ਕਦਮ ਦੱਸਿਆ ਗਿਆ ਹੈ। ਇਸ ਨਾਲ ਲੋਕਾਂ ਨੂੰ ਹਰ ਸਾਲ ਸਮਾਂ ਬਦਲਣ ਦੀ ਤਾਰੀਖ ਯਾਦ ਰੱਖਣ ਜਾਂ ਘੜੀਆਂ ਨੂੰ ਹੱਥੀਂ ਬਦਲਣ ਦੀ ਲੋੜ ਨਹੀਂ ਰਹੇਗੀ। ਮੈਨੀਟੋਬਾ ਹੁਣ ਕੈਨੇਡਾ ਦੇ ਉਨ੍ਹਾਂ ਸੂਬਿਆਂ ਅਤੇ ਖੇਤਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਸਥਾਈ ਸਮਾਂ ਪ੍ਰਣਾਲੀ ਅਪਣਾਈ ਹੈ ਜਾਂ ਇਸ ਦਿਸ਼ਾ ਵਿੱਚ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਬ੍ਰਿਟਿਸ਼ ਕੋਲੰਬੀਆ, ਯੂਕੌਨ, ਨੌਰਥਵੈਸਟ ਟੈਰੀਟਰੀਜ਼, ਐਲਬਰਟਾ ਅਤੇ ਸਸਕੈਚਵਨ ਸ਼ਾਮਿਲ ਹਨ।

