23 C
Toronto
Thursday, September 10, 2026
spot_img
HomeਕੈਨੇਡਾFrontਤਬਦੀਲੀਆਂ: ਭਗਵੰਤ ਮਾਨ ਪੀਏਸੀ ਦੇ ਸਥਾਈ ਮੈਂਬਰ ਬਣੇ, ਚੀਮਾ ਵੀ ਸ਼ਾਮਿਲ

ਤਬਦੀਲੀਆਂ: ਭਗਵੰਤ ਮਾਨ ਪੀਏਸੀ ਦੇ ਸਥਾਈ ਮੈਂਬਰ ਬਣੇ, ਚੀਮਾ ਵੀ ਸ਼ਾਮਿਲ

ਤਬਦੀਲੀਆਂ: ਭਗਵੰਤ ਮਾਨ ਪੀਏਸੀ ਦੇ ਸਥਾਈ ਮੈਂਬਰ ਬਣੇ, ਚੀਮਾ ਵੀ ਸ਼ਾਮਿਲ
ਰਾਸ਼ਟਰੀ ਕਾਰਜਕਾਰਨੀ ’ਚੋਂ ਅਮਨ ਅਰੋੜਾ ਬਾਹਰ, ਘੁੰਮਣ ਨੂੰ ਕੀਤਾ ਸ਼ਾਮਿਲ

ਸਰਵਜੀਤ ਕੌਰ ਮਾਣੂੰਕੇ, ਬਲਜਿੰਦਰ ਕੌਰ, ਰਾਸ਼ਟਰੀ ਕਾਰਜਕਾਰਨੀ ਤੋਂ ਬਾਹਰ

ਅਮਰਜੀਤ ਸਿੰਘ
ਚੰਡੀਗੜ੍ਹ, 10 ਸਿਤੰਬਰ, 2026
ਆਮ ਆਦਮੀ ਪਾਰਟੀ ਲਗਦੈ ਪੂਰੇ ਚੁਣਾਵੀ ਰੌਂ ਵਿੱਚ ਆ ਚੁੱਕੀ ਹੈ। ਇਸੇ ਲਈ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਸਿਖ਼ਰਲੇ  ਪੈਨਲਾਂ ਦਾ ਮੁੜ ਤੋਂ ਗਠਨ ਆਰੰਭ ਕਰ ਦਿੱਤਾ ਹੈ। ਵਿਵਾਦਾਂ ਵਿੱਚ ਚੱਲ  ਰਹੇ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਬੀਰ ਘੁੰਮਣ ਨੂੰ ਪਾਰਟੀ ਦੀ ਕਾਰਜਕਾਰਨੀ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ ਜਦੋਂ ਕਿ ਆਪ ਪੰਜਾਬ ਦੇ ਇੰਚਾਰਜ  ਅਮਨ ਅਰੋੜਾ ਨੂੰ ਬਾਹਰ ਕੱਢ ਦਿੱਤਾ ਗਿਆ ਹੈ।

ਸਭ ਤੋਂ ਵੱਡਾ ਫੇਰਬਦਲ ਇਹ ਹੋਇਆ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਆਪਣੀ 10 ਮੈਂਬਰੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ, (ਪੀਏਸੀ) ਵਿੱਚ ਸ਼ਾਮਲ ਕਰ ਲਿਆ ਹੈ। ਇਹ ਕਮੇਟੀ ਪਾਰਟੀ ਦੀ ਸਭ ਤੋਂ ਉੱਚੀ ਕਮੇਟੀ ਮੰਨੀ ਜਾਂਦੀ ਹੈ ਜੋ ਵੱਡੇ ਤੋਂ ਵੱਡੇ ਫੈਸਲੇ ਲੈਣ ਦੇ ਕਾਬਿਲ ਹੁੰਦੀ ਹੈ।

ਦਿਲਚਸਪ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਅਤੇ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਹੁਣ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਨਹੀਂ ਰਹੇ। ਉਨ੍ਹਾਂ ਦੀ ਥਾਂ ’ਤੇ, ਪੰਜਾਬ ਵਿੱਚ ਪ੍ਰਸ਼ਾਸਕੀ ਕੰਮ ਵਿੱਚ ਲੱਗੇ ਹੋਏ ਦੋ ਪਾਰਟੀ ਕਾਰਕੁੰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਅਤੇ ਬਿਭਵ ਕੁਮਾਰ ਨੂੰ, 23 ਮੈਂਬਰੀ ਰਾਸ਼ਟਰੀ ਕਾਰਜਕਾਰਨੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਹ ਜਾਨਣਾ ਵੀ ਜ਼ਰੂਰੀ ਹੈ ਕਿ ਘੁੰਮਣ ਦਾ ਨਾਮ ਹਾਲ ਹੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਥਿਤ ‘‘ਕੈਸ਼ ਫਾਰ ਟ੍ਰਾਂਸਫਰਸ ਐਂਡ ਲੈਂਡ ਫਰਾਡ” ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਹੋਇਆ ਹੈ। ਇਸ ਘਟਨਾ ਨੇ ਸੂਬੇ ਦੀ ਰਾਜਨੀਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ, ਦਿੱਲੀ ਦੇ ਸਾਬਕਾ ਮੰਤਰੀ ਅਤੇ ਪੰਜਾਬ ਵਿੱਚ ਪਾਰਟੀ ਮਾਮਲਿਆਂ ਦੇ ਸਹਿ-ਇੰਚਾਰਜ, ਸਤੇਂਦਰ ਜੈਨ ਨੂੰ ਵੀ ਪੀਏਸੀ ਦੇ ਮੈਂਬਰ ਵਜੋਂ ਕਮੇਟੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਮਾਨ, ਜੋ ਪਹਿਲਾਂ ਮੁੱਖ ਮੰਤਰੀ ਹੋਣ ਦੇ ਕਾਰਨ ਕਮੇਟੀ ਦੇ ਖ਼ਾਸ ਤੌਰ ਤੇ ਸੱਦੇ ਗਏ ਮੈਂਬਰ (ਸਪੈਸ਼ਲ ਇਨਵਾਈਟੀ) ਸਨ, ਹੁਣ ਉਹ ਵੀ ਇਸ ਕਮੇਟੀ ਦੇ ਪੱਕੇ ਤੇ ਸਥਾਈ ਮੈਂਬਰ ਬਣ ਗਏ ਹਨ।

ਰਾਜਬੀਰ ਸਿੰਘ ਘੁੰਮਣ ਅੱਜ ਕੱਲ੍ਹ ਇਸ ਲਈ ਵੀ ਚਰਚਾ ਵਿੱਚ ਹੈ ਕਿ ਉਸ ਉੱਤੇ ਵੱਡੀਆਂ ਸਰਕਾਰੀ ਨੌਕਰੀਆਂ ਤੇ ਬੈਠੇ ਅਫਸਰਾਂ ਦੇ ਤਬਾਦਲਿਆਂ ਲਈ, ਉਹਨਾਂ ਉੱਤੇ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਵੀ ਅਦਾਲਤ ਵਿੱਚ ਮਾਮਲੇ ਚੱਲ ਰਹੇ ਹਨ। ਇਸਤੋਂ ਅਲਾਵਾ ਹੋਰ  ਵੀ ਕਈ ਗੱਲਾਂ ਨੂੰ ਲੈਕੇ ਉਹ ਈਡੀ ਦੇ ਰਾਡਾਰ ’ਤੇ ਹਨ। ਆਏ ਦਿਨ ਇਸ ਗੱਲ ਦੀ ਚਰਚਾ ਅਖ਼ਬਾਰਾਂ ਵਿੱਚ ਅਤੇ ਸੋਸ਼ਲ ਮੀਡਿਆ ਤੇ ਹੁੰਦੀ ਰਹਿੰਦੀ ਹੈ।

ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਤਾਜ਼ਾ  ਨਿਯੁਕਤੀਆਂ ਪੰਜਾਬ ਦੀ ਲੀਡਰਸ਼ਿਪ ਨੂੰ ਸੰਗਠਨਾਤਮਕ ਰਣਨੀਤੀ, ਉਮੀਦਵਾਰਾਂ ਦੀ ਚੋਣ ਅਤੇ ਯੋਜਨਾਬੰਦੀ ਦੀ ਮੁਹਿੰਮ ਬਾਰੇ ਫੈਸਲਾ ਲੈਣ ਵਿੱਚ ਮੁਫ਼ੀਦ ਹੋ ਸਕਦੀਆਂ ਹਨ। ਕਿਹਾ ਜਾ ਰਿਹਾ ਹੈ ਕਿ ਹਰਪਾਲ ਚੀਮਾ ਦੀ ਪੀਏਸੀ ਵਿੱਚ ਸ਼ਮੂਲੀਅਤ ਪਾਰਟੀ ਦੀ ਸਿਖ਼ਰਲੀ ਫੈਸਲਾ ਲੈਣ ਵਾਲੀ ਸੰਸਥਾ ਵਿੱਚ ਇੱਕ ਹੋਰ ਸੀਨੀਅਰ ਆਵਾਜ਼ ਜੋੜਨ ਦੇ ਤੁਲ ਹੈ ਜਿਸਦਾ ਲਾਭ ਪਾਰਟੀ ਨੂੰ ਆਉਂਦੀਆਂ ਚੋਣਾਂ ਵਿੱਚ ਮਿਲੇਗਾ।

ਹੁਣ, ਕਿਉਂਕਿ ਆਮ ਆਦਮੀ ਪਾਰਟੀ ਦਿੱਲੀ ਦੀਆਂ ਚੋਣਾਂ ਹਾਰਨ ਤੋਂ ਬਾਅਦ, ਉਹਨਾਂ ਦੇ ਲੀਡਰ ਅਤੇ ਕਾਰਜਕਰਤਾ  ਉੱਥੇ ਖਾਲੀ  ਬੈਹਤੇ ਹਨ, ਪਾਰਟੀ ਦਾ ਸਾਰਾ ਜ਼ੋਰ ਹੁਣ ਪੰਜਾਬ ਦੀ ਸੱਤਾ ਨੂੰ ਬਰਕਰਾਰ ਰੱਖਣ ਤੇ ਲੱਗਿਆ ਹੋਇਆ ਹੈ, ਇਸੇ ਸੋਚ ਨੂੰ ਸਾਹਮਣੇ ਰੱਖ ਕੇ ਪਾਰਟੀ ਨੇ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਪਾਰਟੀ 2022 ਦੇ ਪ੍ਰਦਰਸ਼ਨ ਨੂੰ ਦੋਬਾਰਾ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੁੰਦੀ ਹੈ ਜਦੋਂ ਉਹਨਾਂ ਨੂੰ  117 ’ਚੋਂ 92 ਸੀਟਾਂ ਮਿਲੀਆਂ ਸਨ। ਪਾਰਟੀ ਨੂੰ ਇਹ ਵੀ ਲਗਦੈ ਕਿ ਜੈਨ ਦੇ ਪੀਏਸੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਦੇ ਪੰਜਾਬ ਸੰਗਠਨ ਅਤੇ ਇਸਦੀ ਕੇਂਦਰੀ ਲੀਡਰਸ਼ਿਪ ਦਰਮਿਆਨ ਤਾਲਮੇਲ ਨੂੰ ਮਜ਼ਬੂਤੀ ਮਿਲੇਗੀ।

RELATED ARTICLES
POPULAR POSTS