
ਅਮਿਤ ਸ਼ਾਹ ਅਤੇ ਨਿਤਿਨ ਨਬੀਨ ਹੋਣਗੇ ਮੁੱਖ ਆਕਰਸ਼ਣ
ਸੂਬੇ ਦੇ ਚਾਰ ਥਾਵਾਂ ਤੋਂ ਇੱਕੋ ਸਮੇਂ ਚੱਲ ਕੇ ਜਲੰਧਰ ਵਿੱਚ ਹੋਵੇਗਾ ਯਾਤਰਾ ਸਮਾਪਨ
ਅਮਰਜੀਤ ਸਿੰਘ
ਚੰਡੀਗੜ੍ਹ, 9 ਸਿਤੰਬਰ, 2026
ਇੱਕ ਪਾਸੇ ਜਿੱਥੇ ਪੰਜਾਬ ਕਾਂਗਰਸ ਪਾਰਟੀ ਦਾ ਘਾਣ ਕਰਨ ’ਚ ਲੱਗੇ ਆਪਣੇ ਹੀ ਪਾਰਟੀ ਦੇ ਕਾਰਕਾਰਤਾਵਾਂ ਨੂੰ ਇੱਕ ਕਰਨ ਲਈ ਜੱਦੋ ਜਹਿਦ ਕਰ ਰਹੀ ਹੈ ਉੱਥੇ ਹੀ ਭਾਰਤੀ ਜਨਤਾ ਪਾਰਟੀ ਪੂਰੇ ਜੋਸ਼ ਨਾਲ ਪੰਜਾਬ ਵਿੱਚ ਵੱਡੇ ਪੱਧਰ ਤੇ ਇੱਕ ਯਾਤਰਾ ਕੱਢਣ ਦੀ ਤਿਆਰੀ ਕਰ ਚੁੱਕੀ ਹੈ। 12 ਰੋਜ਼ਾ ਯਾਤਰਾ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਨਾ ਸਿਰਫ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਲਕਿ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੀ ਆਪਣੇ ਸਮਰਥਕਾਂ ਨਾਲ ਸ਼ਾਮਲ ਹੋਣਗੇ। ਪੰਜਾਬ ਦੇ ਚਾਰ ਮਹੱਤਵਪੂਰਨ ਥਾਵਾਂ ਤੋਂ ਆਰੰਭ ਹੋਣ ਵਾਲੀ ਇਹ ਯਾਤਰਾ 18 ਤੋਂ 30 ਸਿਤੰਬਰ ਤੱਕ ਚੱਲੇਗੀ।
ਇਸ ਯਾਤਰਾ ਦਾ ਮੂਲ ਕਾਰਨ ਇਹ ਹੈ ਕਿ ਭਾਜਪਾ ਆਉਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਲਈ ਪੰਜਾਬ ਦੇ ਵੋਟਰ ਦਾ ਮਨ ਟੋਹ ਲੈਣਾ ਚਾਹੁੰਦੀ ਹੈ। ਪਾਰਟੀ ਇਹ ਵੇਖਣਾ ਚਾਹੁੰਦੀ ਹੈ ਕਿ ਜੇਕਰ ਉਹ 117 ਸੀਟਾਂ ਤੇ ਇਕੱਲਿਆਂ ਹੀ ਚੋਣਾਂ ਲੜਦੀ ਹੈ ਤਾਂ ਉਸਦੇ ਪੱਲੇ ਕੀ ਪੈ ਸਕਦਾ ਹੈ। ਹਾਲਾਂਕਿ ਇਸ ਯਾਤਰਾ ਦਾ ਫਿਲਹਾਲ ਨਾਮਕਰਨ ਨਹੀਂ ਕੀਤਾ ਗਿਆ ਹੈ ਪ੍ਰੰਤੂ ਪਾਰਟੀ ਨੇਤਾਵਾਂ ਵਿੱਚ ਇਸਨੂੰ ਲੈਕੇ ਜੋਸ਼ ਬਹੁਤ ਹੈ। ਜ਼ਾਹਿਰ ਹੈ ਭਾਜਪਾ 2027 ਦੀਆਂ ਚੋਣਾਂ ਲਈ ਨਾ ਸਿਰਫ਼ ਰਾਜਨੀਤਿਕ ਦਬਾਅ ਬਣਾ ਰਹੀ ਹੈ ਬਲਕਿ ਲੋਕਾਂ ਵਿੱਚ ਇਹ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕਰ ਰਹੀ ਹੈ ਕਿ ਜਿੱਥੇ ਦੂਜੀਆਂ ਪਾਰਟੀਆਂ ਆਪਸੀ ਖ਼ਾਨਾਜੰਗੀ ਵਿੱਚ ਉਲਝੀਆਂ ਹੋਈਆਂ ਹਨ ਉੱਥੇ ਹੀ ਭਾਜਪਾ ਆਮ ਜਨਤਾ ਪ੍ਰਤੀ ਕਿੰਨੀ ਸੰਜੀਦਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਯਾਤਰਾ 18 ਸਤੰਬਰ ਨੂੰ ਚਾਰ ਥਾਵਾਂ ਤੋਂ ਇੱਕੋ ਸਮੇਂ ਰਵਾਨਾ ਹੋਵੇਗੀ ਅਤੇ 30 ਸਿਤੰਬਰ ਨੂੰ ਜਲੰਧਰ ਵਿੱਚ ਸਮਾਪਤ ਹੋਵੇਗੀ। ਇਹ ਸਿਰਫ਼ ਮੁਢਲੀ ਜਾਣਕਾਰੀ ਹੈ ਇਸਤੇ ਪੱਕੀ ਮੋਹਰ ਬਾਅਦ ਵਿੱਚ ਲੱਗੇਗੀ। ਜਿਥੋਂ ਯਾਤਰਾ ਆਰੰਭ ਹੋਣੀ ਹੈ ਉਹ ਚਾਰੇ ਥਾਂ ਬਹੁਤ ਮਹੱਤਵਪੂਰਨ ਦੱਸੇ ਜਾ ਰਹੇ ਹਨ। ਯਾਤਰਾ ਦਾ ਇੱਕ ਪੜਾਅ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗਾ। ਇਹ ਥਾਂ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ, ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਦੂਜਾ ਪੜਾਅ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਰੰਭ ਹੋਵੇਗਾ। ਇਹ ਪਵਿੱਤਰ ਥਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਹੈ।
ਤੀਜਾ ਪੜਾਅ ਫਾਜ਼ਿਲਕਾ ਦੇ ਵੀਰ ਭੂਮੀ ਸਮਾਰਕ ਤੋਂ ਸ਼ੁਰੂ ਹੋਵੇਗਾ। ਇਹ ਥਾਂ 1971 ਦੀ ਜੰਗ ਦੌਰਾਨ ਭਾਰਤੀ ਅਤੇ ਪਾਕਿਸਤਾਨੀ ਫੌਜਾਂ ਵਿਚਕਾਰ ਹੋਈ ਭਿਆਨਕ ਹੱਥੋ-ਹੱਥ ਲੜਾਈ ਲਈ ਜਾਣਿਆ ਜਾਂਦਾ ਹੈ। ਚੌਥਾ ਤੇ ਆਖ਼ਿਰੀ ਪੜਾਅ ਜੰਮੂ-ਕਸ਼ਮੀਰ ਸਰਹੱਦ ’ਤੇ ਪਠਾਨਕੋਟ ਦੇ ਨੇੜੇ ਲਖਨਪੁਰ ’ਚ ਬਣਿਆ ਸ਼ਿਆਮਾ ਪ੍ਰਸਾਦ ਮੁਖਰਜੀ ਸਮਾਰਕ ਹੈ। ਕਿਹਾ ਜਾਂਦਾ ਹੈ ਕਿ ਭਾਰਤੀ ਜਨ ਸੰਘ ਦੇ ਸੰਸਥਾਪਕ ਮੁਖਰਜੀ ਨੂੰ 1953 ਵਿੱਚ ਬਿਨਾਂ ਪਰਮਿਟ ਤੋਂ ਜੰਮੂ-ਕਸ਼ਮੀਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਉੱਥੇ ਗਿ੍ਰਫਤਾਰ ਕੀਤਾ ਗਿਆ ਸੀ। ਭਾਜਪਾ ਲਈ ਇਹ ਸਥਾਨ ਵੀ ਖ਼ਾਸ ਹੈ। ਯਾਤਰਾ ਦਾ ਨਾਮਕਰਨ 13 ਸਤੰਬਰ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ।
ਇਸ ਯਾਤਰਾ ਤੋਂ ਇੱਕ ਗੱਲ ਤਾਂ ਤੈਅ ਹੋ ਹੀ ਜਾਵੇਗੀ ਕਿ ਕੀ ਭਾਜਪਾ ਅਤੇ ਸ਼ਿਰੋਮਣੀ ਅਕਾਲੀ ਦਲ ਵਿੱਚ ਕੋਈ ਸਮਝੌਤਾ ਹੋਵੇਗਾ ਕਿ ਨਹੀਂ। ਉਂਝ ਸੂਬਾ ਇਕਾਈ ਦੇ ਆਗੂਆਂ ਨੇ ਇਕ ਵਾਰ ਫੇਰ ਕਿਹਾ ਹੈ ਕਿ 2027 ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਨਾਲ ਕੋਈ ਗੱਠਜੋੜ ਨਹੀਂ ਹੋਵੇਗਾ ਤੇ ਭਾਜਪਾ 117 ਸੀਟਾਂ ਤੋਂ ਚੋਣ ਲੜੇਗੀ।
ਸੂਤਰਾਂ ਮੁਤਾਬਕ ਯਾਤਰਾ ਨੂੰ ਅੰਤਿਮ ਛੋਹ ਦੇਣ ਦੀ ਤਿਆਰੀ ਚੱਲ ਰਹੀ ਹੈ। ਭਾਜਪਾ ਜ਼ਿਲ੍ਹਾ ਇਕਾਈਆਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੰਗਠਨ ਸਕੱਤਰ ਸ਼੍ਰੀਨਿਵਾਸੂਲੂ ਨਾਲ ਯਾਤਰਾ ਦੇ ਰੂਟ, ਸਥਾਨਕ ਪ੍ਰਬੰਧਾਂ ਅਤੇ ਵੱਖ-ਵੱਖ ਠਹਿਰਾਵਾਂ ’ਤੇ ਨੇਤਾਵਾਂ ਦੇ ਸ਼ਡਿਊਲ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਵਿੱਚ ਰੁੱਝੀਆਂ ਹੋਈਆਂ ਹਨ।

