20.3 C
Toronto
Friday, September 4, 2026
spot_img
Homeਭਾਰਤਯੂਪੀ ਤੇ ਉਤਰਾਖੰਡ ਵਿਚ ਮੋਦੀ-ਮੋਦੀ, ਅਖਿਲੇਸ਼ ਦੀ ਸਾਈਕਲ ਪੈਂਚਰ

ਯੂਪੀ ਤੇ ਉਤਰਾਖੰਡ ਵਿਚ ਮੋਦੀ-ਮੋਦੀ, ਅਖਿਲੇਸ਼ ਦੀ ਸਾਈਕਲ ਪੈਂਚਰ

ਯੂਪੀ ਤੇ ਉਤਰਾਖੰਡ ਵਿਚ ਮੋਦੀ-ਮੋਦੀ, ਅਖਿਲੇਸ਼ ਦੀ ਸਾਈਕਲ ਪੈਂਚਰਨਵੀਂ ਦਿੱਲੀ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਭਾਜਪਾ ਸ਼ਾਨਦਾਰ ਬਹੁਮਤ ਨਾਲ ਸੱਤਾ ਵਿੱਚ ਪਰਤ ਆਈ। ਦੂਜੇ ਪਾਸੇ ਕਾਂਗਰਸ ਵੀ ਜਿੱਥੇ ਪੰਜਾਬ ਵਿਚ ਭਾਰੀ ਬਹੁਮਤ ਹਾਸਲ ਕਰਨ ‘ਚ ਸਫਲ ਰਹੀ, ਉਥੇ ਇਹ ਗੋਆ ਤੇ ਮਨੀਪੁਰ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਵਿਚ ਸਫਲ ਰਹੀ, ਜਿਥੇ ਕਿਸੇ ਇਕ ਪਾਰਟੀ ਜਾਂ ਗੱਠਜੋੜ ਨੂੰ ਬਹੁਮਤ ਨਹੀਂ ਮਿਲਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਕੀਤੀ ਸਖ਼ਤ ਮਿਹਨਤ ਅਤੇ ਯੂਪੀ ਵਿੱਚ ਡੇਰੇ ਲਾਏ ਜਾਣ ਸਦਕਾ ਪਾਰਟੀ ਨੂੰ ਉਤਰ ਪ੍ਰਦੇਸ਼ ਤੇ ਗੁਆਂਢੀ ਸੂਬੇ ਉੱਤਰਾਖੰਡ ਵਿੱਚ ਭਾਰੀ ਬਹੁਮਤ ਹਾਸਲ ਹੋਇਆ। ਉੱਤਰਾਖੰਡ ਵਿੱਚ ਤਾਂ ਭਾਜਪਾ ਤਿੰਨ-ਚੌਥਾਈ ਬਹੁਮਤ ਹਾਸਲ ਕਰਨ ਵਿੱਚ ਸਫਲ ਰਹੀ। ਉਥੇ ਕਾਂਗਰਸ ਖਿਲਾਫ਼ ਚੱਲੀ ਸੱਤਾ ਵਿਰੋਧੀ ਲਹਿਰ ਵਿੱਚ ਮੁੱਖ ਮੰਤਰੀ ਹਰੀਸ਼ ਰਾਵਤ ਤੱਕ ਉਡ ਗਏ, ਜਿਨ੍ਹਾਂ ਨੂੰ ਦੋਵੇਂ ਹਲਕਿਆਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਸਿਆਸੀ ਪੱਖੋਂ ਦੇਸ਼ ਦੇ ਸਭ ਤੋਂ ਅਹਿਮ ਸੂਬੇ ਯੂਪੀ ਵਿੱਚ ਭਾਜਪਾ ਦੀ 15 ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਹੋਈ ਹੈ। ਜਦੋਂਕਿ ਸੂਬੇ ਦੀ ਹਾਕਮ ਸਪਾ ਤੇ ਕਾਂਗਰਸ ਦੇ ਗੱਠਜੋੜ ਅਤੇ ਮੁੱਖ ਵਿਰੋਧੀ ਬਸਪਾ ਨੂੰ ਵੋਟਰਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ। ਭਾਜਪਾ ਨੇ ਇਸ ਨੂੰ ਮੋਦੀ ਦੀ ਮਕਬੂਲੀਅਤ ਤੇ ਨੋਟਬੰਦੀ ਦੇ ਹੱਕ ਵਿੱਚ ਫ਼ਤਵਾ ਕਰਾਰ ਦਿੱਤਾ ਹੈ। ਦੂਜੇ ਪਾਸੇ ਗੋਆ ਤੇ ਮਨੀਪੁਰ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਇਨ੍ਹਾਂ ਦੋਵਾਂ ਸੂਬਿਆਂ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਤੇ ਭਾਜਪਾ ਦੂਜੇ ਸਥਾਨ ਉਤੇ ਰਹੀ। ਉਂਜ ਮਨੀਪੁਰ ਵਿੱਚ ਭਾਜਪਾ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ ਪਰ ਗੋਆ ਵਿੱਚ ਇਸ ਨੂੰ ਸੱਤਾ ਵਿਰੋਧੀ ਮਾਰ ਝੱਲਣੀ ਪਈ। ਦੂਜੇ ਪਾਸੇ ਗੋਆ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਨਾਕਾਮ ਰਹੀ।
ਨੋਟਾ ਨੂੰ ਪਈਆਂ ਵੋਟਾਂ: ਪੰਜ ਸੂਬਿਆਂ ਵਿਚਲੀਆਂ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਵਿੱਚ ਖੁਲਾਸਾ ਹੋਇਆ ਹੈ ਕਿ ਗੋਆ ਵਿੱਚ ਸਭ ਤੋਂ ਵਧ ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ, ਜਦੋਂ ਕਿ ਉਤਰਾਖੰਡ ਦੂਜੇ ਨੰਬਰ ‘ਤੇ ਰਿਹਾ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਗੋਆ ਵਿੱਚ 1.2 ਫੀਸਦ , ਉਤਰਾਖੰਡ ਵਿੱਚ 1 ਫੀਸਦੀ ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ।

RELATED ARTICLES
POPULAR POSTS