18 C
Toronto
Monday, September 15, 2025
spot_img
Homeਭਾਰਤਕਿਸਾਨਾਂ ਨੂੰ ਮਿਲਣ ਲਈ ਸਿੰਘੂ ਸਰਹੱਦ 'ਤੇ ਪਹੁੰਚੇ ਕੇਜਰੀਵਾਲ

ਕਿਸਾਨਾਂ ਨੂੰ ਮਿਲਣ ਲਈ ਸਿੰਘੂ ਸਰਹੱਦ ‘ਤੇ ਪਹੁੰਚੇ ਕੇਜਰੀਵਾਲ

Image Courtesy :jagbani(punjabkesari)

ਕਿਹਾ – ਕਿਸਾਨਾਂ ਦਾ ਸੇਵਾਦਾਰ ਬਣ ਕੇ ਆਇਆ ਹਾਂ
ਨਵੀਂ ਦਿੱਲੀ : ਸਿੰਘੂ ਸਰਹੱਦ ‘ਤੇ ਧਰਨੇ ਵਾਲੀ ਥਾਂ ਕਿਸਾਨਾਂ ਦੀ ਸਹੂਲਤ ਲਈ ਕੀਤੇ ਪ੍ਰਬੰਧਾਂ ‘ਤੇ ਨਜ਼ਰਸਾਨੀ ਲਈ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਹੁੰਚੇ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਦੇ ਸਟੇਡੀਅਮਾਂ ਨੂੰ ਅਸਥਾਈ ਜੇਲ੍ਹਾਂ ਵਿਚ ਤਬਦੀਲ ਕਰਨ ਲਈ ਉਨ੍ਹਾਂ ‘ਤੇ ਖਾਸਾ ਦਬਾਇਆ ਪਾਇਆ ਸੀ, ਪਰ ਉਨ੍ਹਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣੀ। ਕੇਜਰੀਵਾਲ ਨੇ ਕਿਹਾ ਕਿ ਉਹ ਇੱਥੇ ਮੁੱਖ ਮੰਤਰੀ ਵਜੋਂ ਨਹੀਂ ਬਲਕਿ ਕਿਸਾਨਾਂ ਦੀ ਸੇਵਾ ਲਈ ਇੱਕ ‘ਸੇਵਾਦਾਰ’ ਵਜੋਂ ਆਏ ਹਨ। ਕੇਜਰੀਵਾਲ ਦੀ ਇਸ ਸੰਖੇਪ ਫੇਰੀ ਮੌਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਸਤੇਂਦਰ ਜੈਨ, ਰਾਜਿੰਦਰ ਪਾਲ ਗੌਤਮ ਤੇ ਇਮਰਾਨ ਹੁਸੈਨ ਵੀ ਮੌਜੂਦ ਸਨ। ਕਿਸਾਨਾਂ ਨੂੰ ਮਿਲਣ ਮਗਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨੂੰ ਕਿਹਾ, ‘ਸਾਡੀ ਸਰਕਾਰ, ਸਾਡੇ ਮੰਤਰੀ, ਸਾਡੇ ਵਿਧਾਇਕ, ਮੇਰੀ ਪਾਰਟੀ ਦੇ ਸਾਰੇ ਵਰਕਰ ਅਤੇ ਮੈਂ ‘ਸੇਵਾਦਾਰਾਂ’ ਵਾਂਗ ਕਿਸਾਨੀ ਦੀ ਸੇਵਾ ਕਰਨ ਵਿੱਚ ਲੱਗੇ ਹੋਏ ਹਾਂ।
ਕੇਜਰੀਵਾਲ ਦੀ ਕਿਸਾਨਾਂ ਨਾਲ ਮੁਲਾਕਾਤ ਨਵਾਂ ਢਕਵੰਜ : ਅਮਰਿੰਦਰ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਆਲ ਕੀਤਾ ਹੈ ਕਿ ਕੀ ਉਨ੍ਹਾਂ (ਕੇਜਰੀਵਾਲ) ਨੂੰ ਕਣਕ ਤੇ ਝੋਨੇ ਵਿਚਲਾ ਫਰਕ ਪਤਾ ਹੈ। ਉਨ੍ਹਾਂ ਕੇਜਰੀਵਾਲ ਵੱਲੋਂ ਖੁਦ ਨੂੰ ਕਿਸਾਨਾਂ ਦਾ ਸੇਵਾਦਾਰ ਕਹੇ ਜਾਣ ਨੂੰ ਹਾਸੋ-ਹੀਣਾ ਕਰਾਰ ਦਿੱਤਾ ਹੈ। ਕੈਪਟਨ ਨੇ ਦਿੱਲੀ ਮੋਰਚੇ ਵਿਚ ਬੈਠੇ ਕਿਸਾਨਾਂ ਨਾਲ ਕੇਜਰੀਵਾਲ ਦੀ ਮੁਲਾਕਾਤ ਨੂੰ ਨਵਾਂ ਢਕਵੰਜ ਦੱਸਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਵਰਗਾ ਵਿਅਕਤੀ, ਜਿਸ ਨੇ ਬਿਨਾ ਦੇਰੀ ਕੀਤਿਆਂ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਵਿੱਚੋਂ ਇੱਕ ਨੂੰ ਨੋਟੀਫਾਈ ਕਰ ਦਿੱਤਾ ਹੋਵੇ ਅਤੇ ਜਨਤਕ ਤੌਰ ਉਤੇ ਖ਼ੁਦ ਨੂੰ ਇਸ ਮਾਮਲੇ ਵਿੱਚ ਮਜਬੂਰ ਕਰਾਰ ਦਿੱਤਾ ਹੋਵੇ, ਵੱਲੋਂ ਕਿਸਾਨਾਂ ਦੇ ਸੇਵਾਦਾਰ ਹੋਣ ਦਾ ਦਾਅਵਾ ਕੀਤਾ ਜਾਣਾ ਬੇਹੱਦ ਹਾਸੋਹੀਣਾ ਲਗਦਾ ਹੈ।
ਕਿਸਾਨੀ ਅੰਦੋਲਨ ਦੌਰਾਨ ਦੋ ਹਫ਼ਤਿਆਂ ਵਿਚ 15 ਕਿਸਾਨਾਂ ਦੀ ਗਈ ਜਾਨ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਕਈ ਦਿਨਾਂ ਤੋਂ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ। ਇਸ ਦੌਰਾਨ ਕਈ ਵਾਰ ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਾਲੇ ਗੱਲਬਾਤ ਹੋਈ ਪਰ ਬੇਨਤੀਜਾ ਰਹੀ। ਹੁਣ ਤੱਕ ਕੁੱਲ 15 ਕਿਸਾਨ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਦੌਰਾਨ ਆਪਣੀ ਜਾਨ ਗਵਾ ਚੁੱਕੇ ਹਨ। ਇਨ੍ਹਾਂ ‘ਚੋਂ ਚਾਰ ਕਿਸਾਨਾਂ ਦੀ ਮੌਤ ਹਾਦਸਿਆਂ ਕਾਰਨ ਹੋਈ, 10 ਦੀ ਦਿਲ ਦਾ ਦੌਰਾ ਪੈਣ ਕਾਰਨ ਤੇ ਇਕ ਨੂੰ ਠੰਡ ਨੇ ਲਪੇਟ ਲੈ ਲਿਆ।
ਉੱਤਰੀ ਭਾਰਤ ਦੇ ਸਾਰੇ ਕਿਸਾਨਾਂ ਨੂੰ 14 ਦਸੰਬਰ ਨੂੰ ਦਿੱਲੀ ਪੁੱਜਣ ਦਾ ਸੱਦਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਪੇਸ਼ ਤਜਵੀਜ਼ਾਂ ਕਿਸਾਨਾਂ ਵੱਲੋਂ ਰੱਦ ਕਰਨ ਤੋਂ ਬਾਅਦ ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦੀ ਰਣਨੀਤੀ ਤਿਆਰ ਕਰ ਲਈ ਹੈ। ਮਹਿਲਾ ਕਿਸਾਨ ਅਧਿਕਾਰ ਮੰਚ ਦੀ ਕਵਿਤਾ ਕੁਰੂਗੰਤੀ ਅਨੁਸਾਰ 14 ਦਸੰਬਰ ਨੂੰ ਉੱਤਰੀ ਭਾਰਤ ਦੇ ਸਾਰੇ ਕਿਸਾਨਾਂ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਗਿਆ ਹੈ। ਇਹ ਉਹ 40 ਜਥੇਬੰਦੀਆਂ ਵਿੱਚੋਂ ਇਕ ਹੈ ਜਿਨ੍ਹਾਂ ਨੇ ਕੇਂਦਰੀ ਮੰਤਰੀਆਂ ਨਰਿੰਦਰ ਸਿੰਘ ਤੋਮਰ, ਪੀਯੂਸ਼ ਗੋਇਲ ਅਤੇ ਸੋਮ ਪ੍ਰਕਾਸ਼ ਨਾਲ ਗੱਲਬਾਤ ਕੀਤੀ ਹੈ।

RELATED ARTICLES
POPULAR POSTS