
ਮੰਤਰੀ ਨੇ ਦਲੇਰ ਮਹਿੰਦੀ ਦੀ ਪੇਸ਼ਕਾਰੀ ’ਤੇ ਪ੍ਰਗਟਾਈ ਨਰਾਜ਼ਗੀ
ਦੇਹਰਾਦੂਨ/ਬਿਊਰੋ ਨਿਊਜ਼
ਉਤਰਾਖੰਡ ਦੇ ਟੀਹਰੀ ਜ਼ਿਲ੍ਹੇ ਵਿਚ ਇਕ ਸਭਿਆਚਾਰਕ ਸ਼ਾਮ ਵਿਚ ਉਘੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਪੇਸ਼ਕਾਰੀ ਦੌਰਾਨ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਸੂਬੇ ਦੇ ਕੈਬਨਿਟ ਮੰਤਰੀ ਸੁਬੋਧ ਉਠਿਆਲ ਨੇ ਮੰਚ ’ਤੇ ਪਹੁੰਚ ਕੇ ਨਰਾਜ਼ਗੀ ਪ੍ਰਗਟਾਈ। ਮੰਤਰੀ ਨੇ ਗਾਇਕ ਦਲੇਰ ਮਹਿੰਦੀ ਨੂੰ ਕਿਹਾ ਕਿ ਇੰਨੇ ਪੈਸੇ ਦੇ ਕੇ ਉਨ੍ਹਾਂ ਨੂੰ ਮਨੋਰੰਜਨ ਲਈ ਬੁਲਾਇਆ ਗਿਆ ਹੈ ਅਤੇ ਲੋਕ ਉਨ੍ਹਾਂ ਨੂੰ ਸੁਣਨ ਆਏ ਹਨ, ਇਸ ਲਈ ਪੇਸ਼ਕਾਰੀ ਦੌਰਾਨ ਬਣਦੀ ਗੁਣਵੱਤਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਮੰਤਰੀ ਸੁਬੋਧ ਉਠਿਆਲ ਨੇ ਦਲੇਰ ਮਹਿੰਦੀ ਨੂੰ ਕਿਹਾ, ਤੁਹਾਡੇ ਕੋਲੋਂ ਬੋਲਿਆ ਤਾਂ ਜਾ ਨਹੀਂ ਰਿਹਾ, ਤੁਸੀਂ ਗਾਣਾ ਕੀ ਗਾਉਗੇ। ਇਸ ਮੌਕੇ ’ਤੇ ਕੁਝ ਦੇਰ ਲਈ ਅਸਹਿਜ ਸਥਿਤੀ ਬਣ ਗਈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ, ਜਿਸ ਤੋਂ ਬਾਅਦ ਇਸ ’ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਗਾਇਕ ਦੇ ਸ਼ਰਾਬ ਦੇ ਨਸ਼ੇ ਵਿਚ ਹੋਣ ਸਬੰਧੀ ਲੱਗ ਰਹੇ ਦੋਸ਼ਾਂ ਦੀ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਹੋਈ ਹੈ। ਇਸ ਦੇ ਚੱਲਦਿਆਂ ਦਲੇਰ ਮਹਿੰਦੀ ਦੇ ਛੋਟੇ ਭਰਾ ਮੀਕਾ ਸਿੰਘ ਨੇ ਕਿਹਾ ਕਿ, ਮੇਰੇ ਭਰਾ ਨੇ ਕਦੀ ਸ਼ਰਾਬ ਨਹੀਂ ਪੀਤੀ। ਮੀਕਾ ਸਿੰਘ ਨੇ ਵੀਡੀਓ ਜਾਰੀ ਕਰਕੇ ਦਲੇਰ ਮਹਿੰਦੀ ’ਤੇ ਸ਼ਰਾਬ ਪੀ ਕੇ ਗਾਉਣ ਦੇ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ।

