
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਸੱਤਿਆ ਨਿਕੇਤਨ ਬਿਲਡਿੰਗ ਹਾਦਸੇ ਤੋਂ ਬਾਅਦ ਨਗਰ ਨਿਗਮ ਨੇ ਪੂਰੀ ਦਿੱਲੀ ’ਚ ਇਮਾਰਤਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਦਿੱਲੀ ਨਗਰ ਨਿਗਮ ਨੇ ਸਾਰੇ ਜ਼ੋਨਾਂ ਦੇ ਐਗਜੀਕਿਊਟਿਵ ਇੰਜੀਨੀਅਰਾਂ ਤੋਂ ਆਪਣੇ ਖੇਤਰ ਦੀਆਂ ਇਮਾਰਤਾਂ ਦੀ ਜਾਂਚ ਕਰਕੇ 10 ਸਤੰਬਰ ਤੱਕ ਰਿਪੋਰਟ ਦੇਣ ਨੂੰ ਕਿਹਾ ਹੈ। ਸੱਤਿਆ ਨਿਕੇਤਨ ਵਿਚ ਲੰਘੇ ਐਤਵਾਰ ਨੂੰ ਇਕ ਬਿਲਡਿੰਗ ਡਿੱਗਣ ਨਾਲ 7 ਵਿਅਕਤੀਆਂ ਦੀ ਜਾਨ ਚਲੇ ਗਈ ਅਤੇ 6 ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਹੀ ਨਗਰ ਨਿਗਮ ਨੇ ਇਹ ਨਿਰਦੇਸ਼ ਦਿੱਤੇ ਹਨ। ਜਾਂਚ ਦੇ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਦਿੱਲੀ ਹਾਈਕੋਰਟ ਵਿਚ 10 ਦਿਨਾਂ ਦੇ ਅੰਦਰ-ਅੰਦਰ ਦਾਖਲ ਕੀਤੇ ਜਾਣ ਵਾਲੇ ਹਲਫਨਾਮੇ ਵਿਚ ਸ਼ਾਮਲ ਕੀਤਾ ਜਾਵੇਗਾ। ਹੁਣ ਇਸ ਮਾਮਲੇ ’ਤੇ ਅਗਲੀ ਸੁਣਵਾਈ ਆਉਂਦੀ 25 ਸਤੰਬਰ ਨੂੰ ਹੋਵੇਗੀ। ਦਿੱਲੀ ਨਗਰ ਨਿਗਮ ਦੇ ਮੁਤਾਬਕ ਇਸ ਸਾਲ ਦੀ ਸ਼ੁਰੂਆਤ ਵਿਚ ਹੋਏ ਇਕ ਸਰਵੇ ਵਿਚ 27 ਲੱਖ, 84 ਹਜ਼ਾਰ, 286 ਇਮਾਰਤਾਂ ਦਾ ਸਰਵੇ ਕੀਤਾ ਗਿਆ ਸੀ, ਜਿਸ ਵਿਚ ਸਿਰਫ 19 ਬਿਲਡਿੰਗਾਂ ਦੀ ਹਾਲਤ ਨਾਜ਼ੁਕ ਦੱਸੀ ਗਈ ਸੀ।

