
ਪੰਜਾਬ ਅਤੇ ਚੰਡੀਗੜ੍ਹ ਦੇ ਸਰਕਾਰੀ ਦਫਤਰਾਂ ’ਚ ਅੱਜ ਰਹੀ ਕਲਮਛੋੜ ਹੜਤਾਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਅਤੇ ਸਰਕਾਰੀ ਕਰਮਚਾਰੀਆਂ ਵਿਚਾਲੇ ਮੰਗਾਂ ਨੂੰ ਲੈ ਕੇ ਟਕਰਾਅ ਵਧ ਗਿਆ ਹੈ। ਪੰਜਾਬ ਸਾਂਝਾ ਮੁਲਾਜ਼ਮ ਮੰਚ ਦੇ ਬੈਨਰ ਹੇਠ ਕਲੈਰੀਕਲ ਸਟਾਫ ਨੇ ਅੱਜ ਮੰਗਲਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਸਰਕਾਰੀ ਦਫਤਰਾਂ ਵਿਚ ਕਲਮਛੋੜ ਹੜਤਾਲ ਕੀਤੀ। ਇਸ ਦੌਰਾਨ ਲੁਧਿਆਣਾ, ਪਠਾਨਕੋਟ, ਮੋਹਾਲੀ ਅਤੇ ਗੁਰਦਾਸਪੁਰ ਸਣੇ ਕਈ ਜ਼ਿਲ੍ਹਿਆਂ ਵਿਚ ਸਰਕਾਰੀ ਕੰਮਕਾਜ ਠੱਪ ਰਿਹਾ, ਜਦੋਂ ਕਿ ਜਲੰਧਰ ਵਿਚ ਸਰਕਾਰੀ ਕਰਮਚਾਰੀ ਕੰਮ ਕਰਦੇ ਰਹੇ। ਜ਼ਿਕਰਯੋਗ ਹੈ ਕਿ ਸਰਕਾਰੀ ਕਰਮਚਾਰੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਅਤੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਸਣੇ ਆਪਣੀਆਂ 14 ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਹੜਤਾਲ ਤੋਂ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਰਕਾਰੀ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਹੜਤਾਲ ਦੇ ਕਾਰਨ, ਆਮ ਜਨਤਾ ਨੂੰ ਪਰੇਸ਼ਨੀ ਹੋਈ ਤਾਂ ਸਰਕਾਰ ਕਾਨੂੰਨ ਦੇ ਮੁਤਾਬਕ ਕਾਰਵਾਈ ਕਰੇਗੀ। ਉਨ੍ਹਾਂ ਨੇ ਕਰਮਚਾਰੀਆਂ ਨੂੰ ਹੜਤਾਲ ਦਾ ਰਾਹ ਛੱਡ ਕੇ ਗੱਲਬਾਤ ਨਾਲ ਇਹ ਮੁੱਦਾ ਸੁਲਝਾਉਣ ਦੀ ਅਪੀਲ ਕੀਤੀ ਹੈ। ਅਮਨ ਅਰੋੜਾ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਦੇ ਬਕਾਏ ਤੋਂ ਸਰਕਾਰ ਨੇ ਇਨਕਾਰ ਨਹੀਂ ਕੀਤਾ ਹੈ ਅਤੇ ਭੁਗਤਾਨ ਦੇ ਲਈ ਯੋਜਨਾਬੱਧ ਢਾਂਚਾ ਤਿਆਰ ਕੀਤਾ ਗਿਆ ਹੈ।

