ਚੰਡੀਗੜ੍ਹ, 27 ਅਗਸਤ 2026, ਅਮਰਜੀਤ ਸਿੰਘ । ਕਾਂਗਰਸ ਦੀ ਨੇਤਾ ਸ਼੍ਰੀਮਤੀ ਸੋਨੀਆ ਗਾਂਧੀ ਦੀ ਜ਼ਿੰਦਗੀ ਤੇ ਅਧਾਰਤ ਯਾਦਾਂ ਤੇ ਛਪਣ ਜਾ ਰਹੀ ਇੱਕ ਕਿਤਾਬ “ਬਿਲਾਂਗਿੰਗ: ਅ ਜਰਨੀ ਆਫ਼ ਲਵ” ਤੇ ਇੱਕ ਅਜੀਬ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਇੱਕ ਪਾਸੇ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕਿ ਪ੍ਰਸਿੱਧ ਪ੍ਰਕਾਸ਼ਕ ਪੈਂਗੂਇਨ ਨੇ ਇਹ ਪੁਸਤਕ ਛਾਪਣ ਤੋਂ ਇਸ ਲਈ ਨਾਂਹ ਕਰ ਦਿੱਤੀ ਕਿਉਂਕਿ ਸੋਨੀਆ ਗਾਂਧੀ ਨੇ ਪ੍ਰਕਾਸ਼ਕ ਦੇ ਕਹਿਣ ਤੇ ਕੁੱਝ ਸਫ਼ਿਆਂ ਤੇ ਲੋੜੀਂਦੀਆਂ ਤਬਦੀਲੀਆਂ ਨਹੀਂ ਕੀਤੀਆਂ। ਦੂਜੇ ਪਾਸੇ ਪੈਂਗੂਇਨ ਨੇ ਅੱਜ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹਨਾਂ ਨੇ ਕਦੇ ਵੀ ਪੁਸਤਕ ਛਾਪਣ ਤੋਂ ਨਾਂਹ ਨਹੀਂ ਕੀਤੀ। ਪ੍ਰਕਾਸ਼ਕ ਨੇ ਕਿਹਾ ਹੈ ਕਿ ਉਹ ਤਾਂ ਸੋਨੀਆ ਦੀ ਪੁਸਤਕ ਛਾਪਣ ਲਈ ਬਹੁਤ ਉਤਸੁਕ ਸਨ।
ਮੀਡਿਆ ਵਿੱਚ ਚੱਲ ਰਹੀ ਖ਼ਬਰ ਮੁਤਾਬਕ ਭਾਜਪਾ ਨੇਤਾ ਅਮਿਤ ਮਾਲਵੀਆ ਦਾ ਬਿਆਨ ਹੈ, “ਇਹ ਕਾਫ਼ੀ ਮਜ਼ੇਦਾਰ ਹੈ ਕਿ ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਸੋਨੀਆ ਗਾਂਧੀ ਦੀਆਂ ਯਾਦਾਂ ਦੀ ਤੱਥ-ਜਾਂਚ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ, ਇਹ ਕਿਤਾਬ ਸੋਨੀਆ ਗਾਂਧੀ ਦੁਆਰਾ ਖੁਦ ਲਿਖੀ ਗਈ ਹੈ”।
ਮਾਲਵੀਆ ਨੇ ਪੈਂਗੁਇਨ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ, “ਪ੍ਰਕਾਸ਼ਕ ਕਹਿੰਦਾ ਹੈ ਕਿ ਤੱਥਾਂ ਦੀ ਜਾਂਚ ਪ੍ਰਕਾਸ਼ਨ ਪ੍ਰਕਿਰਿਆ ਦਾ ਇੱਕ ਅਹਿਮ ਹਿੱਸਾ ਹੈ ਅਤੇ ਉਹ ਕਿਤਾਬ ਪ੍ਰਕਾਸ਼ਤ ਕਰਨ ਲਈ “ਇੱਛੁਕ ਅਤੇ ਉਤਸੁਕ” ਸਨ। ਇਹ ਠੀਕ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਪ੍ਰਕਾਸ਼ਕ ਨੂੰ ਆਪਣੇ ਲੇਖਕ ਦੁਆਰਾ ਲਿਖੀ ਗਈ ਇੱਕ ਯਾਦ-ਪੱਤਰ (ਸੰਸਮਰਣ) ਦੇ ਤੱਥਾਂ ਦੀ ਜਾਂਚ ਕਰਨੀ ਪੈਂਦੀ ਹੈ, ਤਾਂ ਸ਼ਾਇਦ ਸਪੱਸ਼ਟ ਸਵਾਲ ਇਹ ਹੈ ਕਿ ਆਖਿਰ ਤੱਥਾਂ ਦੀ ਜਾਂਚ ਦੀ ਕੀ ਲੋੜ ਸੀ? ਕੀ ਲੇਖਕ ਦੀਆਂ ਯਾਦਾਂ (ਸੰਸਮਰਣ) ਜਾਂ ਤੱਥ ਅਤੇ ਕਲਪਨਾ ਵਿਚਕਾਰ ਕੋਈ ਧੁੰਦਲੀ ਰੇਖਾ ਹੈ ?”
ਇਸ ਦਾ ਜਵਾਬ ਦਿੰਦਿਆਂ ਕਾਂਗਰਸ ਨੇ ਕਿਹਾ ਹੈ ਕਿ ਯਾਦ-ਪੱਤਰਾਂ ਦੇ ਵਿਵਾਦਿਤ ਹਿੱਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਰਐਸਐਸ ਅਤੇ ਮੋਦੀ ਦੀ ਅਗਵਾਈ ਵਿੱਚ ਚੀਨ ਦੁਆਰਾ ਭਾਰਤੀ ਖੇਤਰ ‘ਤੇ ਕਬਜ਼ੇ ਦੇ ਹਵਾਲਿਆਂ ਨਾਲ ਸਬੰਧਤ ਹਨ।
ਇਸ ਦੌਰਾਨ ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਤੌਰ ‘ਤੇ ਇਨਕਾਰ ਕੀਤਾ ਕਿ ਉਸਨੇ ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਦੀ ਆਉਣ ਵਾਲੀ ਯਾਦ ਪੁਸਤਕ (ਸੰਸਮਰਣ) “ਬਿਲਾਂਗਿੰਗ: ਅ ਜਰਨੀ ਆਫ਼ ਲਵ” ਨੂੰ ਪ੍ਰਕਾਸ਼ਿਤ ਨਾ ਕਰਨ ਦਾ ਫੈਸਲਾ ਕੀਤਾ, ਜਦੋਂ ਲੇਖਕ ਨੇ ਸੰਪਾਦਕੀ ਤਬਦੀਲੀਆਂ ਦੀ ਮੰਗ ਨੂੰ ਰੱਦ ਕਰ ਦਿੱਤਾ। ਕੰਪਨੀ ਨੇ ਕਿਹਾ ਕਿ ਉਹ ਚਰਚਾ ਦੌਰਾਨ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਲਈ “ਇੱਛੁਕ ਅਤੇ ਉਤਸੁਕ” ਰਹੇ ਹਨ।
ਭਾਰਤ ਵਿੱਚ ਪੁਰਾਣੀਆਂ ਯਾਦਾਂ (ਸੰਸਮਰਣਾਂ) ਨੂੰ ਕਿਉਂ ਪ੍ਰਕਾਸ਼ਿਤ ਨਹੀਂ ਕੀਤਾ ਜਾ ਰਿਹਾ ਹੈ, ਇਸ ਬਾਰੇ ਰਿਪੋਰਟਾਂ ਦੇ ਵਿੱਚਕਾਰ ਆਪਣੀ ਚੁੱਪੀ ਤੋੜਦੇ ਹੋਏ, ਪ੍ਰਕਾਸ਼ਨ ਹਾਊਸ ਨੇ ਹਾਲਾਂਕਿ ਸਵੀਕਾਰ ਕੀਤਾ ਕਿ ਤੱਥਾਂ ਦੀ ਜਾਂਚ ਅਤੇ ਲੇਖਕਾਂ ਨੂੰ ਕੀਤੀਆਂ ਜਾਣ ਵਾਲੀਆਂ ਸਿਫ਼ਾਰਸ਼ਾਂ (ਗਾਈਡਲਾਈਨਜ਼), ਪ੍ਰਕਾਸ਼ਨ ਪ੍ਰਕਿਰਿਆ ਦਾ ਹਿੱਸਾ ਹੁੰਦੀਆਂ ਹਨ।
“ਪੈਂਗੁਇਨ ਰੈਂਡਮ ਹਾਊਸ ਇੰਡੀਆ, ਭਾਰਤ ਵਿੱਚ “ਬਿਲਾਂਗਿੰਗ: ਅ ਜਰਨੀ ਆਫ਼ ਲਵ” ਦਾ ਪ੍ਰਕਾਸ਼ਕ ਨਹੀਂ ਹੈ। ਕੰਪਨੀ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, ਇਹ ਕਹਿ ਦੇਣਾ ਕਿ ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਲੇਖਕ ਵੱਲੋਂ ਸੰਪਾਦਕੀ ਤਬਦੀਲੀਆਂ ਤੋਂ ਇਨਕਾਰ ਕਰਨ ਕਾਰਨ “ਬਿਲਾਂਗਿੰਗ” ਪ੍ਰਕਾਸ਼ਿਤ ਨਾ ਕਰਨ ਦਾ ਫੈਸਲਾ ਕੀਤਾ ਹੈ, ਅਸਲੀਅਤ ਨੂੰ ਸਹੀ ਢੰਗ ਨਾਲ ਨਹੀਂ ਪੇਸ਼ ਕਰਦਾ”
ਪ੍ਰਕਾਸ਼ਕ ਅਤੇ ਲੇਖਕ ਵਿਚਕਾਰ ਕੀ ਹੋਇਆ, ਇਸਦਾ ਖੁਲਾਸਾ ਕੀਤੇ ਬਿਨਾਂ, ਪੈਂਗੁਇਨ ਨੇ ਆਪਣੀ ਸੰਪਾਦਕੀ ਪ੍ਰਕਿਰਿਆ ਦਾ ਬਚਾਅ ਕੀਤਾ, ਇਹ ਕਾਇਮ ਰੱਖਦੇ ਹੋਏ ਕਿ ਤੱਥਾਂ ਦੀ ਜਾਂਚ ਕਰਨਾ ਅਤੇ ਸਿਫ਼ਾਰਸ਼ਾਂ ਕਰਨਾ ਉਸਦਾ ਅਧਿਕਾਰ ਅਤੇ ਜ਼ਿੰਮੇਵਾਰੀ ਦੋਵੇਂ ਸਨ।
“ਇੱਕ ਪ੍ਰਕਾਸ਼ਕ ਹੋਣ ਦੇ ਨਾਤੇ, ਇਹ ਸਾਡਾ ਵਿਸ਼ੇਸ਼ ਅਧਿਕਾਰ ਅਤੇ ਸਾਡੀ ਜ਼ਿੰਮੇਵਾਰੀ ਦੋਵੇਂ ਹੈ ਕਿ ਅਸੀਂ ਤੱਥਾਂ ਦੀ ਜਾਂਚ ਕਰੀਏ ਅਤੇ ਲੇਖਕਾਂ ਨੂੰ ਉਨ੍ਹਾਂ ਦੀਆਂ ਕਿਤਾਬਾਂ ਦੇ ਹਿੱਤ ਵਿੱਚ ਸਿਫ਼ਾਰਸ਼ਾਂ ਪ੍ਰਦਾਨ ਕਰੀਏ। ਇਹ ਪ੍ਰਕਾਸ਼ਨ ਪ੍ਰਕਿਰਿਆ ਦਾ ਇੱਕ ਆਮ ਹਿੱਸਾ ਹੈ,” ਉਹਨਾਂ ਕਿਹਾ। ਮਹੱਤਵਪੂਰਨ ਗੱਲ ਇਹ ਹੈ ਕਿ ਪੈਂਗੁਇਨ ਨੇ ਕਿਹਾ ਕਿ ਚਰਚਾਵਾਂ ਦੇ ਬਾਵਜੂਦ, ਇਸਦੀ ਸਥਿਤੀ ਇਹ ਸੀ ਕਿ ਇਹ ਯਾਦਾਂ ਯਾਨੀ ਸੰਸਮਰਣਾਂ ਨੂੰ ਪ੍ਰਕਾਸ਼ਿਤ ਕਰਨਾ ਚਾਹੁੰਦਾ ਸੀ।
ਇਹ ਪੁਰਾਣੀਆਂ ਯਾਦਾਂ (ਸੰਸਮਰਣ) ਸੋਨੀਆ ਗਾਂਧੀ ਦੇ ਇਟਲੀ ਵਿੱਚ ਬਚਪਨ ਤੋਂ ਲੈ ਕੇ ਭਾਰਤੀ ਰਾਜਨੀਤੀ ਦੇ ਕੇਂਦਰ ਅਤੇ ਨਹਿਰੂ-ਗਾਂਧੀ ਪਰਿਵਾਰ ਤੱਕ ਦੇ ਸਫ਼ਰ ਦਾ ਇੱਕ ਦੁਰਲੱਭ, ਫਰਸਟ ਪਰਸਨ ਦਾ ਬਿਰਤਾਂਤ ਪੇਸ਼ ਕਰਦੀ ਹੈ। “ਮੇਰੇ ਪਰਿਵਾਰ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ, ਪਰ ਕੁੱਝ ਹੀ ਬਿਰਤਾਂਤ ਉਨ੍ਹਾਂ ਦੀਆਂ ਪ੍ਰੇਰਣਾਵਾਂ, ਉਨ੍ਹਾਂ ਦੇ ਕੰਮਾਂ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀਆਂ ਮਨੁੱਖੀ ਅਸਫਲਤਾਵਾਂ ਦੀ ਸੱਚਾਈ ਤੱਕ ਪਹੁੰਚਣ ਦੇ ਯੋਗ ਸਨ,” ਸੋਨੀਆ ਗਾਂਧੀ ਨੇ ਨੌਫ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ। ਇਹ ਕਿਤਾਬ ਉਨ੍ਹਾਂ ਦੋ ਕਤਲਾਂ ਨੂੰ ਵੀ ਦੁਬਾਰਾ ਦਰਸਾਏਗੀ ਜਿਨ੍ਹਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ – 1984 ਵਿੱਚ ਉਨ੍ਹਾਂ ਦੀ ਸੱਸ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ 1991 ਵਿੱਚ ਉਨ੍ਹਾਂ ਦੇ ਪਤੀ ਰਾਜੀਵ ਗਾਂਧੀ।

