ਚੰਡੀਗੜ੍ਹ/ਸ੍ਰੀ ਅੰਮ੍ਰਿਤਸਰ ਸਾਹਿਬ, 27 ਅਗਸਤ, 2026 ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲੇ ਦੇ ਬਾਬਾ ਬਕਾਲਾ ਵਿਖੇ ਸ਼ੁੱਕਰਵਾਰ ਨੂੰ ਰੱਖੜ ਪੁੰਨਿਆ ਮੌਕੇ ਧਾਰਮਿਕ ਆਸਥਾ ਦੇ ਨਾਲ ਨਾਲ ਸਿਆਸਤ ਦਾ ਭਾਰੀ ਸੰਗਮ ਵੇਖਣ ਨੂੰ ਮਿਲਿਆ। ਜਿੱਥੇ ਅੱਜ ਦੇ ਦਿਨ ਆਮ ਨਾਗਰਿਕ ਸ਼੍ਰੀ ਗੁਗੂ ਤੇਗ਼ ਬਹਾਦਰ ਸਾਹਿਬ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕਰਨ ਆਉਂਦੇ ਹਨ ਉੱਥੇ ਹੀ ਸਿਆਸੀ ਲੋਕ ਅੱਜ ਦੇ ਦਿਨ ਵੀ ਐਥੇ ਆਈ ਸੰਗਤ ਵਿੱਚ ਵੋਟਾਂ ਤਲਾਸ਼ਦੇ ਵੇਖੇ ਜਾਂਦੇ ਹਨ। ਸਿਆਸੀ ਤਕਰੀਰਾਂ ਕਰਕੇ ਐਥੇ ਵੋਟਾਂ ਮੰਗਣ ਦਾ ਕੰਮ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ, ਜਦੋਂ ਕਿ ਉਸ ਸ਼ਰਧਾ ਭਾਵਨਾ ਨੂੰ ਹਾਸ਼ੀਏ ਤੇ ਰੱਖ ਦਿੱਤਾ ਜਾਂਦਾ ਹੈ ਜਿਸ ਕਾਰਨ ਇਹ ਇਤਿਹਾਸਿਕ ਮੇਲਾ ਸਦੀਆਂ ਤੋਂ ਲਗਦਾ ਆ ਰਿਹਾ ਹੈ।
ਇਹ ਮੇਲਾ ਕਿਉਂ ਲਗਦਾ ਹੈ, ਇਸਦਾ ਇੱਕ ਧਾਰਮਿਕ ਅਤੇ ਇਤਿਹਾਸਿਕ ਪਿਛੋਕੜ ਹੈ। ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸਿੱਖਾਂ ਦੇ ਨੌਵੇਂ ਗੁਰੂ ਦੇ ਰੂਪ ਵਿੱਚ ਪਛਾਣ ਐਥੇ ਹੀ ਹੋਈ ਸੀ। ਉਸ ਦਿਨ ਸਾਉਣ ਦੇ ਮਹੀਨੇ ਦੀ ਪੂਰਨਮਾਸ਼ੀ ਸੀ, ਸਨ 1664 ਤੋਂ ਲੈਕੇ ਅੱਜ ਤਕ ਸਿੱਖ ਸਮਾਜ ਅਤੇ ਪੰਜਾਬੀ ਭਾਈਚਾਰਾ ਇਸ ਦਿਹਾੜੇ ਨੂੰ ਬਹੁਤ ਹੀ ਸਰਧਾ ਦੇ ਨਾਲ ਮਨਾਉਂਦਾ ਚਲਿਆ ਆ ਰਿਹਾ ਹੈ। ਭੈਣਾਂ ਦਾ ਭਾਈਆਂ ਦੇ ਗੁੱਟ ਤੇ ਰੱਖੜੀ ਬੰਨ੍ਹਣ ਦਾ ਦਿਹਾੜਾ ਵੀ ਅੱਜ ਹੀ ਹੈ ਇਸ ਕਾਰਨ ਬਾਬਾ ਬਕਾਲਾ ਦੇ ਗੁਰੂਦਵਾਰਾ ਸਾਹਿਬ ਵਿੱਚ ਬਹੁਤ ਰੌਣਕ ਰਹਿੰਦੀ ਹੈ।
ਮੇਲੇ ਦੇ ਸਿਆਸੀ ਮਾਹੌਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅੱਜ ਜਿੱਥੇ ਮੁੱਖਮੰਤਰੀ ਪੰਜਾਬ ਭਗਵੰਤ ਮਾਨ ਨੇ ਹਾਜ਼ਿਰੀ ਲਵਾਈ ਉੱਥੇ ਹੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ, ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਹਰਿਆਣਾ ਦੇ ਮੁੱਖਮੰਤਰੀ ਨਾਇਬ ਸਿੰਘ ਸੈਣੀ ਵੀ ਆਪਣੇ ਸਾਥੀ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਮੇਲੇ ਵਿੱਚ ਹਾਜ਼ਿਰ ਸਨ। ਭਗਵੰਤ ਮਾਨ ਦੇ ਕੁੱਝ ਮੰਤਰੀ ਅਤੇ ਆਲਾ ਅਧਿਕਾਰੀ ਵੀ ਉਹਨਾਂ ਦੇ ਨਾਲ ਆਏ ਸਨ। ਬਕਾਲਾ ਸਾਹਿਬ ਤੋਂ ਥੋੜੀ ਦੂਰ ਰਈਆ ਵਿੱਚ ਹੋਏ ਸਿਆਸੀ ਜਲਸਿਆਂ ਵਿੱਚ ਸ਼ਿਰੋਮਣੀ ਅਕਾਲੀ ਦਲ ਦਾ ਵੱਖਰਾ ਹੀ ਨਜ਼ਾਰਾ ਸੀ। ਹਾਲਾਂਕਿ ਅਕਾਲੀ ਦਲ ਦੇ ਟੁਕੜੇ ਅਤੇ ਕਾਂਗਰਸ ਦੀ ਫੁੱਟ ਐਥੇ ਵੀ ਸਾਫ ਨਜ਼ਰ ਆਈ। ਸਾਬਕਾ ਮੁੱਖਮੰਤਰੀ ਕਾਂਗਰਸੀ ਨੇਤਾ ਚਰਨਜੀਤ ਸਿੰਘ ਚੰਨੀ, ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਬਹੁਤ ਸਾਰੇ ਸਿਆਸੀ ਲੋਕ ਮੇਲੇ ਵਿੱਚ ਆਪਣੀ ਹਾਜ਼ਿਰੀ ਲਵਾ ਰਹੇ ਸਨ।
ਤਿੰਨ ਦਿਨਾਂ ਤੱਕ ਚੱਲਣ ਵਾਲੇ ਮੇਲੇ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਮੁੱਖਮੰਤਰੀ ਭਗਵੰਤ ਮਾਨ ਨੇ ਹਾਜ਼ਿਰੀ ਭਰੀ। ਇਸ ਮੌਕੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਵਿਰੋਧੀ ਧਿਰਾਂ ਤੇ ਰੱਜ ਕੇ ਤਨਜ ਕਸੇ। ਉਹਨਾਂ ਕਿਹਾ ਕਿ ਪੰਜਾਬ ਦੀ ਗੱਡੀ ਹੁਣ ਪਟਰੀ ਤੇ ਆ ਚੁਕੀ ਹੈ ਤੇ ਸਰਕਾਰ, ਸਿੱਖਿਆ, ਰੋਜ਼ਗਾਰ, ਸਿਹਤ ਸੇਵਾਵਾਂ ਅਤੇ ਬਿਜਲੀ ਸਮੇਤ ਕਈ ਖੇਤਰਾਂ ਵਿੱਚ ਬਹੁਤ ਤੇਜੀ ਨਾਲ ਕੰਮ ਕਰ ਰਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 2027 ਵਿੱਚ ਫੇਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ। ਉਹਨਾਂ ਰੱਖੜੀਆਂ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਭਰਾ ਤੇ ਭੈਣਾਂ ਦੇ ਪ੍ਰੇਮ, ਵਿਸ਼ਵਾਸ ਅਤੇ ਜਿੱਮੇਦਾਰੀ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਔਰਤਾਂ ਦੇ ਲਈ ਸਰਕਾਰ ਦੀ ਨਵੀਂ ਯੋਜਨਾ ਤਹਿਤ 181 ਕਰੋੜ 50 ਲੱਖ ਰੁਪਏ ਦਿੱਤੇ ਜਾਣਗੇ ਜਿਸਦੇ ਨਾਲ 70 ਲੱਖ 92 ਹਜ਼ਾਰ 303 ਮਹਿਲਾਵਾਂ ਨੂੰ ਲਾਭ ਹੋਵੇਗਾ।
ਸ਼ਿਰੋਮਣੀ ਅਕਾਲੀ ਦਲ ਦੀ ਸਟੇਜ ਗੁਰੂ ਤੇਗ਼ ਬਹਾਦਰ ਹਾਕੀ ਸਟੇਡੀਅਮ ਵਿੱਚ ਲੱਗੀ ਜਿੱਥੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਹੋਈ ਕਾਨਫਰੰਸ ਵਿੱਚ ਸ਼ਿਓਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਸਮੇਤ ਹੋਰ ਅਕਾਲੀ ਸਿਆਸਤਦਾਨ ਵੀ ਮੌਜੂਦ ਸਨ।
ਰੱਖੜ ਪੁੰਨਿਆ ਦੇ ਇਤਿਹਾਸਕ ਮੇਲੇ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲੀ ਵਾਰ ਆਪਣਾ ਮੰਚ ਖੜਾ ਕੀਤਾ, ਇਸਤੋਂ ਪਹਿਲਾਂ ਉਹ ਹਮੇਸ਼ਾ ਸ਼ਿਰੋਮਣੀ ਅਕਾਲੀ ਦਲ ਦੀ ਸਟੇਜ ਤੋਂ ਹੀ ਆਪਣਾ ਏਜੇਂਡਾ ਲੋਕਾਂ ਸਾਹਮਣੇ ਰੱਖਦੇ ਆਏ ਹਨ। ਇਸ ਮੌਕੇ ਸ਼ਿਵਰਾਜ ਸਿੰਘ ਚੌਹਾਨ ਨੇ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਦੀ ਇਤਿਹਾਸਕ ਧਰਤੀ ਤੋਂ ਭਾਜਪਾ ਨੇ ਅੱਜ ਇੱਕ ਨਵਾਂ ਸੰਕਲਪ ਲਿਆ ਹੈ। ਇਹ ਸਿਰਫ਼ ਸਿਆਸੀ ਸਭਾ ਨਹੀਂ, ਸਗੋਂ ਵਿਕਸਤ ਪੰਜਾਬ ਦੇ ਨਿਰਮਾਣ ਲਈ ਭਾਜਪਾ ਦੀ ਸਰਕਾਰ ਬਣਾਉਣ ਦਾ ਸੰਕਲਪ ਹੈ। ਚੌਹਾਨ ਨੇ ਕਿਹਾ, “ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਪੱਸਿਆ ਅਤੇ ਮਹਾਨ ਕੁਰਬਾਨੀ ਅੱਜ ਵੀ ਸਮਾਜ ਨੂੰ ਸੇਧ ਦਿੰਦੀ ਹੈ। ਗੁਰੂ ਘਰ ਵਿੱਚ ਹਰ ਵਿਅਕਤੀ ਬਰਾਬਰ ਹੈ। ਇੱਥੇ ਨਾ ਕੋਈ ਛੋਟਾ ਹੈ, ਨਾ ਵੱਡਾ ਅਤੇ ਨਾ ਹੀ ਕੋਈ ਉੱਚਾ ਜਾਂ ਨੀਵਾਂ। ਮੈਂ ਪੰਜਾਬ ਦੀ ਖੁਸ਼ਹਾਲੀ, ਸ਼ਾਂਤੀ ਅਤੇ ਤਰੱਕੀ ਲਈ ਅਰਦਾਸ ਕਰਦਾ ਹਾਂ।”
ਉਹਨਾਂ ਨੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ‘ਕੇਂਦਰ ਸਰਕਾਰ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰੇਗੀ।
ਸ਼ਿਰੋਮਣੀ ਅਕਾਲੀ ਦਲ ਨਾਲ ਗੱਠਜੋੜ ‘ਤੇ ਬੋਲਦਿਆਂ ਸਿਵਰਾਜ ਚੌਹਾਨ ਨੇ ਕਿਹਾ ਕਿ “ਸਾਰੇ ਪਹਿਲੂਆਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਫਿਲਹਾਲ ਭਾਜਪਾ ਵੱਲੋਂ 117 ਸੀਟਾਂ ਉੱਤੇ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ। ਸ਼ਿਵਰਾਜ ਚੌਹਾਨ ਨੇ ਪੰਜਾਬ ਦੀ ਜਨਤਾ ਨੂੰ ਭਾਜਪਾ ਨੂੰ ਇੱਕ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ, “ਸੂਬੇ ਨੂੰ ਨਸ਼ਿਆਂ ਅਤੇ ਅਸੁਰੱਖਿਆ ਦੀ ਸਥਿਤੀ ਤੋਂ ਮੁਕਤ ਕਰਨ ਲਈ ਭਾਜਪਾ ਦੀ ਸਰਕਾਰ ਜ਼ਰੂਰੀ ਹੈ।”
ਇਸ ਮੌਕੇ ਲੋਕ ਸਭਾ ਮੈਂਬਰ ਖਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਉਹਨਾਂ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਉਹ ਸਭ ਪੜ੍ਹ ਕੇ ਸੁਣਾਇਆ ਜੋ ਅਮ੍ਰਿਤਪਾਲ ਨੇ ਪੰਜਾਬ ਪ੍ਰਤੀ ਅਹਿਦ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਦੇ ਹੱਥ ਫ਼ੈਸਲੇ ਦੀ ਤਾਕਤ ਆਉਣ ’ਤੇ 1997 ਤੋਂ 2027 ਤੱਕ ਦੀਆਂ ਸਰਕਾਰਾਂ ਦੌਰਾਨ ਨਸ਼ਿਆਂ ਦੇ ਪਸਾਰ, ਮੌਤਾਂ, ਸਪਲਾਈ ਚੇਨ, ਸਿਆਸੀ ਸ਼ਮੂਲੀਅਤ ਅਤੇ ਪੁਲੀਸ ਤੇ ਸੁਰੱਖਿਆ ਤੰਤਰ ਦੀ ਕਥਿਤ ਮਿਲੀਭੁਗਤ ਸਬੰਧੀ ਵਾਈਟ ਪੇਪਰ ਜਾਰੀ ਕਰਨ ਕਰਨ ਦੀ ਲੋੜ ਹੈ। ਉਹਨਾਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਨਸ਼ਿਆਂ ਵਿੱਚ ਫਸੇ ਨੌਜਵਾਨਾਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਦਾ ਸੰਕਲਪ ਲਿਆ ਗਿਆ।

