14 C
Toronto
Saturday, August 29, 2026
spot_img
Homeਦੁਨੀਆਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮਹੀਨਾਵਾਰੀ ਸਮਾਗਮ 'ਚ ਉੱਘੇ ਕਵੀ ਡਾ....

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮਹੀਨਾਵਾਰੀ ਸਮਾਗਮ ‘ਚ ਉੱਘੇ ਕਵੀ ਡਾ. ਸੁਖਪਾਲ ਨਾਲ ਹੋਇਆ ਰੂਬਰੂ

ਸੁਰਿੰਦਰਜੀਤ ਕੌਰ ਦੀ ਪੁਸਤਕ ‘ਅੱਖੀਂ ਡਿੱਠਾ ਭਾਰਤੀ ਕਿਸਾਨ ਅੰਦੋਲਨ 2020-2021’ ਲੋਕ-ਅਰਪਿਤ ਕੀਤੀ ਗਈ ਤੇ ਕਵੀ-ਦਰਬਾਰ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ 16 ਅਗਸਤ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ (ਰਜਿ.) ਵੱਲੋਂ ਪੰਜਾਬੀ ਦੇ ਉੱਘੇ ਕਵੀ ਡਾ. ਸੁਖਪਾਲ ਨਾਲ ਉਨ੍ਹਾਂ ਦੀ ਜੀਵਨ ਘਾਲਣਾ ਅਤੇ ਸਾਹਿਤਕ ਸਫ਼ਰ ਬਾਰੇ ਸੰਵਾਦ ਰਚਾਇਆ ਗਿਆ। ਇਸ ਦੌਰਾਨ ਪ੍ਰਧਾਨਗੀ-ਮੰਡਲ ਵਿੱਚ ਉਨ੍ਹਾਂ ਦੇ ਨਾਲ ਪ੍ਰਿੰਸੀਪਲ ਜਗਦੀਸ਼ ਕੌਰ, ਜੰਮੂ ਤੋਂ ਪਧਾਰੇ ਕਵੀ ਬਲਜੀਤ ਰੈਣਾ, ਕ੍ਰਿਪਾਲ ਸਿੰਘ ਪੰਨੂੰ ਅਤੇ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਬਿਰਾਜਮਾਨ ਸਨ।
ਸਮਾਗਮ ਦੇ ਆਰੰਭ ਵਿੱਚ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਸਮਾਗ਼ਮ ਦੇ ਮੁੱਖ-ਬੁਲਾਰੇ ਡਾ. ਸੁਖਪਾਲ ਅਤੇ ਸਮੂਹ ਮੈਂਬਰਾਂ ਤੇ ਮਹਿਮਾਨਾਂ ਨੂੰ ਨਿੱਘੀ ‘ਜੀ-ਆਇਆਂ’ ਕਹਿਣ ਉਪਰੰਤ ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਡਾ. ਸੁਖਪਾਲ ਹੁਰਾਂ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਪਰਿਵਾਰ ਵਿੱਚ ਸਾਹਿਤਕ ਮਾਹੌਲ ਹੋਣ ਕਰਕੇ ਉਹ ਸ਼ੁਰੂ ਤੋਂ ਹੀ ‘ਪ੍ਰੀਤਲੜੀ’ ਅਤੇ ‘ਨਾਗਮਣੀ’ ਵਰਗੇ ਪ੍ਰਸਿੱਧ ਸਾਹਿਤਕ ਰਿਸਾਲਿਆਂ ਦੇ ਪਾਠਕ ਬਣ ਗਏ। ਉਨ੍ਹਾਂ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਅਤੇ ਉਨ੍ਹਾਂ ਦੀ ਸਮੁੱਚੀ ਸਾਹਿਤਕ ਦੇਣ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਕਵਿਤਾ ਲਿਖਣੀ ਕੀਤੀ।
ਉਨ੍ਹਾਂ ਦੱਸਿਆ ਕਿ ਕੈਨੇਡਾ ਆ ਕੇ 1992-93 ਤੋਂ ਇੱਥੋਂ ਦੀਆਂ ਦੀਆਂ ਸਾਹਿਤਕ ਸਭਾਵਾਂ ਨਾਲ ਉਨ੍ਹਾਂ ਦੀ ਸਾਂਝ ਪੈ ਗਈ ਜੋ ਸਮੇਂ ਨਾਲ ਗੂੜ੍ਹੀ ਹੁੰਦੀ ਗਈ ਅਤੇ ਇਸ ਦੌਰਾਨ ਕਵਿਤਾ ਲਿਖਣ ਦਾ ਅਭਿਆਸ ਬਾਕਾਇਦਾ ਜਾਰੀ ਰਿਹਾ। ਕਵਿਤਾ ਦੀ ਆਪਣੀ ਪਹਿਲੀ ਕਿਤਾਬ ਛਪਵਾਉਣ ਤੋਂ ਪਹਿਲਾਂ ਉਨ੍ਹਾਂ ਨੇ ਡਾ. ਸਵਰਾਜਬੀਰ ਤੋਂ ਇਸ ਦੀ ਪ੍ਰਵਾਨਗੀ ਲਈ। ਆਪਣੀ ਕਵਿਤਾ ਦੀਆਂ ਕਈ ਵੰਨਗੀਆਂ ਸਰੋਤਿਆਂ ਨਾਲ ਸਾਂਝੀਆਂ ਕਰਦਿਆਂ ਹੋਇਆਂ ਉਨ੍ਹਾਂ ਵੱਲੋਂ ਖ਼ੂਬਸੂਰਤ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਗਏ, ਜਿਨ੍ਹਾਂ ਦੀ ਸਰੋਤਿਆਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸਮੁੱਚਾ ਸਾਹਿਤ ਇਕ-ਮਿੱਕ ਹੈ ਅਤੇ ਕਹਾਣੀ ਵਿੱਚੋਂ ਹੀ ਕਾਵਿ-ਰਚਨਾ ਦਾ ਜਨਮ ਹੁੰਦਾ ਹੈ। ਸੰਖੇਪਤਾ ਦੀ ਸਮਰੱਥਾ ਨੂੰ ਬਰਕਰਾਰ ਰੱਖਦਿਆਂ ਉਨ੍ਹਾਂ ਵੱਲੋਂ ਸਰੋਤਿਆਂ ਵੱਲੋਂ ਪੁੱਛੇ ਗਏ ਕਈ ਸਵਾਲਾਂ ਦੇ ਜੁਆਬ ਤਸੱਲੀਪੂਰਵਕ ਦਿੱਤੇ ਗਏ।
ਇਸ ਸੈਸ਼ਨ ਦੇ ਅਗਲੇ ਪੜਾਅ ‘ਚ ਸਭਾ ਦੀ ਸਰਗਰਮ ਕਾਰਜਕਾਰਨੀ ਮੈਂਬਰ ਮੈਡਮ ਸੁਰਿੰਦਰਜੀਤ ਕੌਰ ਦੀ ਪੁਸਤਕ ‘ਅੱਖੀਂ ਡਿੱਠਾ ਭਾਰਤੀ ਕਿਸਾਨ ਅੰਦੋਲਨ 2020-2021’ ਲੋਕ ਅਰਪਣ ਕੀਤੀ ਗਈ। ਪੁਸਤਕ ਬਾਰੇ ਮੁੱਢਲੀ ਜਾਣਕਾਰੀ ਸਭਾ ਦੇ ਸਰਗਰਮ ਮੈਂਬਰ ਡਾ. ਜਗਮੋਹਨ ਸੰਘਾ ਅਤੇ ‘ਕਲਮਾਂ ਦਾ ਕਾਫ਼ਲਾ’ ਦੇ ਕੋਆਰਡੀਨੇਟਰ ਭੁਪਿੰਦਰ ਦੁਲੇ ਵੱਲੋਂ ਦਿੱਤੀ ਗਈ। ਆਪਣੇ ਸੰਬੋਧਨਾਂ ਵਿੱਚ ਉਨ੍ਹਾਂ ਦੱਸਿਆ ਕਿ ਇਹ ਪੁਸਤਕ ਸਮੇਂ ਦੇ ਇਤਿਹਾਸਕ ਸੰਘਰਸ਼ ਬਾਰੇ ਪਹਿਲਾ ਅਜਿਹਾ ਕੀਮਤੀ ਦਸਤਾਵੇਜ਼ ਹੈ ਜੋ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਲਈ ਕਿਸਾਨੀ ਸੰਘਰਸ਼ਾਂ ਬਾਰੇ ਖੋਜ ਵਿੱਚ ਬਹੁਤ ਕੰਮ ਆਉਣ ਵਾਲਾ ਹੈ। ਇਸ ਸੈਸ਼ਨ ਨੂੰ ਕਿਰਪਾਲ ਸਿੰਘ ਪੰਨੂੰ ਵੱਲੋਂ ਬੜੇ ਸੁਚੱਜੇ ਅਤੇ ਭਾਵਪੂਰਤ ਸ਼ਬਦਾਂ ਨਾਲ ਸਮੇਟਿਆ ਗਿਆ। ਇਸ ਦੌਰਾਨ ਸਮਾਗਮ ਦੇ ਮੁੱਖ-ਬੁਲਾਰੇ ਡਾ. ਸੁਖਪਾਲ ਨੂੰ ਸਭਾ ਵੱਲੋਂ ਸਰਟੀਫ਼ੀਕੇਟ ਅਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਇਸ ਪਹਿਲੇ ਸੈਸ਼ਨ ਦੀ ਕਾਰਵਾਈ ਪ੍ਰੋ. ਤਲਵਿੰਦਰ ਮੰਡ ਵੱਲੋਂ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ। ਦੂਸਰੇ ਸੈਸ਼ਨ ਵਿੱਚ ਕਵੀ ਦਰਬਾਰ ਵਿੱਚ ਹਾਜ਼ਰ ਕਵੀਆਂ ਵੱਲੋਂ ਆਪਣੀਆਂ ਕਵਿਤਾਵਾਂ ਸੁਣਾਈਆਂ ਗਈਆਂ। ਇਸ ਸੈਸ਼ਨ ਦੀ ਕਾਰਵਾਈ ਪਰਮਜੀਤ ਢਿੱਲੋਂ ਵੱਲੋਂ ਸ਼ਾਇਰਾਨਾ ਢੰਗ ਨਾਲ ਨਿਭਾਈ ਗਈ। ਆਪਣੇ ਕਾਵਿ-ਟੋਟਕਿਆਂ ਨਾਲ ਉਨ੍ਹਾਂ ਵੱਲੋਂ ਵਾਰੀ-ਵਾਰੀ ਇਕਬਾਲ ਬਰਾੜ, ਤਲਵਿੰਦਰ ਮੰਡ, ਡਾ. ਜਗਮੋਹਨ ਸੰਘਾ, ਰਾਜਕੁਮਾਰ ਓਸ਼ੋਰਾਜ, ਡਾ. ਪਰਗਟ ਸਿੰਘ ਬੱਗਾ, ਪ੍ਰੋ. ਆਸ਼ਿਕ ਰਹੀਲ, ਸ਼ਾਇਰ ਮਲਵਿੰਦਰ, ਹਰਜਿੰਦਰ ਸਿੰਘ ਭਸੀਨ, ਕਰਨ ਅਜਾਇਬ ਸਿੰਘ ਸੰਘਾ, ਸੁਖਚਰਨਜੀਤ ਗਿੱਲ, ਸੁਰਿੰਦਰਜੀਤ ਕੌਰ, ਸੁਰਿੰਦਰ ਨੀਰ, ਹਰਭਜਨ ਕੌਰ, ਭੁਪਿੰਦਰ ਦੁਲੇ, ਇੰਜ. ਈਸ਼ਰ ਸਿੰਘ, ਹਰਦਿਆਲ ਝੀਤਾ, ਗੁਰਦਾਸ ਥੱਬਲ, ਤਨਵੀਰ ਸਿੰਘ, ਡਾ. ਗਿਆਨ ਸਿੰਘ ਘਈ, ਰੂਬੀ ਕਰਤਾਰਪੁਰੀ ਅਤੇ ਕਈ ਹੋਰਨਾਂ ਨੂੰ ਮੰਚ ‘ਤੇ ਬੁਲਾਇਆ ਗਿਆ, ਜਿਨ੍ਹਾਂ ਵੱਲੋਂ ਆਪਣੀ ਰਚਨਾਵਾਂ ਬਾਖ਼ੂਬੀ ਪੇਸ਼ ਕੀਤੀਆਂ ਗਈਆਂ। ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿੱਚ ਡਾ. ਸੁਖਪਾਲ, ਭੁਪਿੰਦਰ ਦੁਲੇ, ਸੁਰਿੰਦਰ ਨੀਰ ਅਤੇ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਸ਼ਾਮਲ ਹੋਏ। ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਸਮਾਗਮ ਦੇ ਸਮੂਹ ਬੁਲਾਰਿਆਂ, ਮੈਂਬਰਾਂ ਤੇ ਮਹਿਮਾਨਾਂ ਦਾ ਭਾਵਪੂਰਤ ਸ਼ਬਦਾਂ ਵਿੱਚ ਧੰਨਵਾਦ ਕੀਤਾ ਗਿਆ। ਇਸ ਦੌਰਾਨ ਸੁਹਿਰਦ ਸਰੋਤਿਆਂ ਵਿੱਚ ਕਰਨੈਲ ਸਿੰਘ ਮਰਵਾਹਾ, ਪ੍ਰੋ. ਸਿਕੰਦਰ ਸਿੰਘ, ਸ਼ਲਿੰਦਰ ਚੌਧਰੀ, ਸੁਰਜੀਤ ਕੌਰ, ਦਰਸ਼ਨ ਸਿੰਘ ਸਿੱਧੂ, ਗਿਆਨ ਸਿੰਘ ਦਰਦੀ ਤੇ ਕਈ ਹੋਰ ਸ਼ਾਮਲ ਸਨ।

RELATED ARTICLES
POPULAR POSTS