
ਚੰਡੀਗੜ੍ਹ/ਬਿਊਰੋ ਨਿਊਜ਼
ਬੰਗਾਲ ਦੀ ਤਿ੍ਰਣਮੂਲ ਕਾਂਗਰਸ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਵਿਚ ਵੀ ਫੁੱਟ ਦੇ ਆਸਾਰ ਹਨ। ਕਾਂਗਰਸ ਹਾਈਕਮਾਨ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰ ਕੀਤੇੇ ਗਏ ‘ਪੰਜਾਬ ਫਾਰਮੂਲੇ’ ਤੋਂ ਬਹੁਤੇ ਆਗੂ ਖੁਸ਼ ਨਹੀਂ ਹਨ। ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਅਹੁਦਾ ਬਰਕਰਾਰ ਰੱਖਿਆ ਹੈ। ਜਦੋਂ ਕਿ ਚਾਰ ਨਵੀਆਂ ਕਮੇਟੀਆਂ ਦਾ ਗਠਨ ਕਰਕੇ ਸਭ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ। ਪੰਜਾਬ ਕਾਂਗਰਸ ਵਿਚ ਹਾਈਕਮਾਨ ਦੀ ਨਵੀਂ ਸੂਚੀ ਜਾਰੀ ਹੋਣ ਤੋਂ ਬਾਅਦ ਖਾਮੋਸ਼ੀ ਬਣੀ ਹੋਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ ਹੈ, ਪਰ ਉਹ ਪ੍ਰਧਾਨਗੀ ਦੇ ਦਾਅਵੇਦਾਰ ਸਨ। ਇਸ ਦੇ ਚੱਲਦਿਆਂ ਚੰਨੀ ਨੇ ਅੱਜ ਆਪਣੀ ਮੋਰਿੰਡਾ ਸਥਿਤ ਰਿਹਾਇਸ਼ ’ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰ ਲਈ ਹੈ। ਪੰਜਾਬ ਦੇ ਬਹੁਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਸਨ, ਪਰ ਹਾਈਕਮਾਨ ਨੇ ਅਜਿਹਾ ਨਹੀਂ ਕੀਤਾ। ਇਸੇ ਦੌਰਾਨ ਚੰਨੀ ਗਰੁੱਪ ਦਾ ਕਹਿਣਾ ਹੈ ਕਿ ਸਾਨੂੰ ਰਾਜਾ ਵੜਿੰਗ ਦੀ ਪ੍ਰਧਾਨਗੀ ਮਨਜੂਰ ਨਹੀਂ ਹੈ ਅਤੇ ਹਾਈਕਮਾਨ ਇਸ ਬਾਰੇ ਦੁਬਾਰਾ ਸੋਚ ਵਿਚਾਰ ਕਰੇ। ਇਸਦੇ ਚੱਲਦਿਆਂ ਆਉਂਦੇ ਦਿਨਾਂ ਵਿਚ ਪੰਜਾਬ ਕਾਂਗਰਸ ਵਿਚ ਕਿੰਨੀ ਕੁ ਭੰਨਤੋੜ ਹੁੰਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ।

