25 C
Toronto
Friday, July 3, 2026
spot_img
HomeਕੈਨੇਡਾFrontਪੀਐਮ ਨਰਿੰਦਰ ਮੋਦੀ ਭਲਕੇ 4 ਜੁਲਾਈ ਨੂੰ ਰਾਜਸਥਾਨ ’ਚ ਕਰਨਗੇ ਰਿਫਾਈਨਰੀ ਦਾ...

ਪੀਐਮ ਨਰਿੰਦਰ ਮੋਦੀ ਭਲਕੇ 4 ਜੁਲਾਈ ਨੂੰ ਰਾਜਸਥਾਨ ’ਚ ਕਰਨਗੇ ਰਿਫਾਈਨਰੀ ਦਾ ਉਦਘਾਟਨ


ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜਸਥਾਨ ਦੇ ਬਾਲੋਤਰਾ ਜ਼ਿਲ੍ਹੇ ਦੇ ਪਚਪਦਰਾ ਵਿੱਚ ਬਣੀ ਦੇਸ਼ ਦੀ ਪਹਿਲੀ ਬੀਐਸ-6 ਮਾਪਦੰਡਾਂ ਵਾਲੀ ਹਾਈਟੈਕ ਐਚ.ਪੀ.ਸੀ.ਐਲ.-ਮਿੱਤਲ ਰਾਜਸਥਾਨ ਰਿਫ਼ਾਈਨਰੀ ਦਾ ਉਦਘਾਟਨ ਭਲਕੇ 4 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨ ਜਾ ਰਹੇ ਹਨ। ਕਰੀਬ 15 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਹ ਮੈਗਾ ਪ੍ਰੋਜੈਕਟ ਹੁਣ ਪੂਰੀ ਤਰ੍ਹਾਂ ਤਿਆਰ ਹੈ। ਇਹ ਰਿਫਾਈਨਰੀ ਹਰ ਸਾਲ 9 ਮਿਲੀਅਨ ਮੀਟਰਿਕ ਟਨ ਕੱਚੇ ਤੇਲ ਨੂੰ ਪ੍ਰੋਸੈਸ ਕਰਨ ਦੀ ਸਮਰੱਥਾ ਰੱਖਦੀ ਹੈ ਅਤੇ ਇਸ ਨੂੰ ਭਾਰਤ ਦੇ ਪੈਟਰੋ-ਕੈਮੀਕਲ ਸੈਕਟਰ ਲਈ ਇੱਕ ਵੱਡਾ ਮੀਲ ਪੱਥਰ ਮੰਨਿਆ ਜਾ ਰਿਹਾ ਹੈ।
ਇਸ ਪ੍ਰੋਜੈਕਟ ਦਾ ਸਫਰ ਆਸਾਨ ਨਹੀਂ ਰਿਹਾ। ਸਾਲ 2012 ਤੋਂ ਸ਼ੁਰੂ ਹੋਏ ਇਸ ਪ੍ਰੋਜੈਕਟ ਦਾ ਦੋ ਵਾਰ ਨੀਂਹ ਪੱਥਰ ਰੱਖਿਆ ਗਿਆ। ਉਦਘਾਟਨ ਦੀਆਂ ਮਿਤੀਆਂ ਵੀ ਦੋ ਵਾਰ ਤੈਅ ਹੋਈਆਂ, ਪਰ ਕਈ ਕਾਰਨਾਂ ਕਰਕੇ ਉਨ੍ਹਾਂ ਨੂੰ ਟਾਲਣਾ ਪਿਆ। ਜ਼ਮੀਨ ਵਿਵਾਦ ਅਤੇ ਸਿਆਸੀ ਖਿੱਚਤਾਣ ਵੀ ਇਸ ਪ੍ਰੋਜੈਕਟ ਦਾ ਹਿੱਸਾ ਰਹੇ। ਐਚ.ਪੀ.ਸੀ.ਐਲ.-ਮਿੱਤਲ ਅਤੇ ਰਾਜਸਥਾਨ ਸਰਕਾਰ ਦੇ ਸਾਂਝੇ ਉੱਦਮ ਨਾਲ ਬਣੀ ਇਸ ਰਿਫਾਈਨਰੀ ਦੀ ਲਾਗਤ ਸਮੇਂ ਦੇ ਨਾਲ ਲਗਾਤਾਰ ਵਧਦੀ ਗਈ।  2013 ਵਿੱਚ ਜਿੱਥੇ ਇਸਦੀ ਅਨੁਮਾਨਿਤ ਲਾਗਤ 37 ਹਜ਼ਾਰ ਕਰੋੜ ਰੁਪਏ ਸੀ, ਉੱਥੇ ਹੁਣ ਇਹ ਵਧ ਕੇ ਕਰੀਬ 79 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਤਕਨੀਕੀ ਪੱਖੋਂ ਵੀ ਇਹ ਰਿਫਾਈਨਰੀ ਕਾਫੀ ਆਧੁਨਿਕ ਹੈ। ਇਹ ਘੱਟ ਗੁਣਵੱਤਾ ਵਾਲੇ ਕੱਚੇ ਤੇਲ ਨੂੰ ਵੀ ਉੱਚ ਗੁਣਵੱਤਾ ਵਾਲੇ ਪੈਟਰੋਲ, ਡੀਜ਼ਲ ਅਤੇ ਪੈਟਰੋ-ਕੈਮੀਕਲ ਉਤਪਾਦਾਂ ਵਿੱਚ ਬਦਲ ਸਕਦੀ ਹੈ। ਇਸਦੇ ਨਾਲ ਹੀ ਮੁੰਦਰਾ ਤੋਂ ਪਚਪਦਰਾ ਤੱਕ ਖ਼ਾਸ ਹਾਈਟੈਕ ਪਾਈਪ ਲਾਈਨ ਵੀ ਵਿਛਾਈ ਗਈ ਹੈ, ਤਾਂ ਜੋ ਕੱਚੇ ਤੇਲ ਦੀ ਸਪਲਾਈ ਬਿਨਾਂ ਰੁਕਾਵਟ ਜਾਰੀ ਰਹੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਰਿਫਾਈਨਰੀ ਨਾਲ ਨਾ ਸਿਰਫ ਰਾਜਸਥਾਨ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ, ਸਗੋਂ ਪਲਾਸਟਿਕ, ਕੈਮੀਕਲ ਅਤੇ ਹੋਰ ਪੈਟਰੋ-ਕੈਮੀਕਲ ਉਦਯੋਗਾਂ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਨਾਲ ਹੀ ਇਲਾਕੇ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।

RELATED ARTICLES
POPULAR POSTS