27.3 C
Toronto
Wednesday, July 1, 2026
spot_img
Homeਹਫ਼ਤਾਵਾਰੀ ਫੇਰੀਯੂਰਪ 'ਚ ਗਰਮੀ ਦਾ ਕਹਿਰ; ਸਕੈਂਡੇਨੇਵੀਆ ਦੇਸ਼ਾਂ ਵਿੱਚ ਤਾਪਮਾਨ ਦੇ ਰਿਕਾਰਡ ਟੁੱਟੇ

ਯੂਰਪ ‘ਚ ਗਰਮੀ ਦਾ ਕਹਿਰ; ਸਕੈਂਡੇਨੇਵੀਆ ਦੇਸ਼ਾਂ ਵਿੱਚ ਤਾਪਮਾਨ ਦੇ ਰਿਕਾਰਡ ਟੁੱਟੇ

ਕਈ ਠੰਡੇ ਇਲਾਕਿਆਂ ‘ਚ ਵੀ ਤਾਪਮਾਨ 40 ਡਿਗਰੀ ਤੋਂ ਉਪਰ ਪਹੁੰਚਿਆ
ਬਰਲਿਨ/ਮਿਲਾਨ/ਕੋਪਨਹੇਗਨ/ਬਿਊਰੋ ਨਿਊਜ਼ : ਯੂਰਪ ਵਿੱਚ ਹੀਟਵੇਵ ਪੂਰਬੀ ਦੇਸ਼ਾਂ ਵੱਲ ਵੀ ਫੈਲ ਗਈ, ਜਿਸ ਕਾਰਨ ਸਕੈਂਡੇਨੇਵੀਆ ਤੋਂ ਲੈ ਕੇ ਐਲਪਸ ਪਹਾੜੀ ਖੇਤਰ ਤੱਕ ਲੋਕ ਅਤਿ ਦੀ ਗਰਮੀ ਨਾਲ ਜੂਝਦੇ ਰਹੇ। ਕਈ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਪਹੁੰਚ ਗਿਆ ਅਤੇ ਕਈ ਦੇਸ਼ਾਂ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਤਾਪਮਾਨ ਦੇ ਰਿਕਾਰਡ ਟੁੱਟ ਗਏ। ਇਸ ਹੀਟਵੇਵ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਜਰਮਨੀ, ਡੈਨਮਾਰਕ ਅਤੇ ਚੈੱਕ ਗਣਰਾਜ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ, ਜਦਕਿ ਸਵਿਟਜ਼ਰਲੈਂਡ ਵਿੱਚ ਜੂਨ ਮਹੀਨੇ ਦਾ ਨਵਾਂ ਰਿਕਾਰਡ ਬਣਿਆ। ਇਸ ਤੋਂ ਪਹਿਲਾਂ ਹਫ਼ਤੇ ਦੌਰਾਨ ਫਰਾਂਸ ਅਤੇ ਬ੍ਰਿਟੇਨ ਵਿੱਚ ਵੀ ਤਾਪਮਾਨ ਦੇ ਰਿਕਾਰਡ ਟੁੱਟੇ ਸਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹੀਟਵੇਵ ਮਨੁੱਖੀ ਗਤੀਵਿਧੀਆਂ ਕਾਰਨ ਹੋ ਰਹੀ ਹੈ। ਜਰਮਨੀ ਦੀ ਸੰਸਦ ਮੈਂਬਰ ਅਤੇ ਗ੍ਰੀਨ ਪਾਰਟੀ ਦੀ ਸਾਬਕਾ ਆਗੂ ਕੈਟਰਿਨ ਗੋਇਰਿੰਗ-ਏਕਾਰਟ ਨੇ ਕਿਹਾ ਕਿ ਇਹ ਆਮ ਗਰਮੀਆਂ ਦਾ ਮੌਸਮ ਨਹੀਂ, ਸਗੋਂ ਇੱਕ ਸਿਹਤ ਸੰਕਟ ਹੈ। ਬਰਲਿਨ ਵਿੱਚ ਤਾਪਮਾਨ 39 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਗਰਮੀ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਪੁਲਿਸ ਨੇ ਸ਼ਹਿਰ ਵਿੱਚ ਵਾਟਰ ਕੈਨਨ ਤਾਇਨਾਤ ਕੀਤੇ, ਜਿਨ੍ਹਾਂ ਰਾਹੀਂ ਲੋਕਾਂ ‘ਤੇ ਪਾਣੀ ਦੀ ਫੁਹਾਰ ਮਾਰੀ ਗਈ।
ਡੈਨਮਾਰਕ ਦੇ ਮੌਸਮ ਵਿਭਾਗ ਨੇ ਆਰਹੂਸ ਸ਼ਹਿਰ ਦੇ ਉੱਤਰ ਵਿੱਚ 37 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ, ਜੋ 1874 ਤੋਂ ਰਿਕਾਰਡ ਰੱਖੇ ਜਾਣ ਤੋਂ ਬਾਅਦ ਸਭ ਤੋਂ ਵੱਧ ਹੈ। ਚੈੱਕ ਗਣਰਾਜ ਵਿੱਚ ਵੀ ਪਰਾਗ ਦੇ ਉੱਤਰ ਵਿੱਚ 40.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦਕਿ ਸਲੋਵਾਕੀਆ ਦੀ ਰਾਜਧਾਨੀ ਬ੍ਰਾਤਿਸਲਾਵਾ ਵਿੱਚ ਰਾਤ ਸਮੇਂ ਵੀ ਤਾਪਮਾਨ ਵੱਧ ਰਿਹਾ।
ਫਰਾਂਸ ਵਿੱਚ ਇਸ ਹੀਟਵੇਵ ਕਾਰਨ ਨੌਜਵਾਨਾਂ ਅਤੇ ਬਜ਼ੁਰਗਾਂ ਸਮੇਤ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। 40 ਡਿਗਰੀ ਤੋਂ ਵੱਧ ਤਾਪਮਾਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ, ਬਿਜਲੀ ਉਤਪਾਦਨ ਵਿੱਚ ਰੁਕਾਵਟ ਆਈ ਹੈ, ਕਈ ਥਾਵਾਂ ‘ਤੇ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ, ਸਕੂਲਾਂ ਦੀਆਂ ਕਲਾਸਾਂ ਰੱਦ ਕੀਤੀਆਂ ਗਈਆਂ ਹਨ ਅਤੇ ਬਾਹਰੀ ਸਮਾਗਮ ਮੁਲਤਵੀ ਕਰਨੇ ਪਏ ਹਨ।
ਯੂਰਪ ਵਿੱਚ ਹੀਟਵੇਵ ਕਾਰਨ ਕਿਉਂ ਪਿਘਲੀਆਂ ਸੜਕਾਂ? : ਯੂਰਪ ਨੂੰ ਆਮ ਤੌਰ ‘ਤੇ ਠੰਢੇ ਮੌਸਮ ਲਈ ਜਾਣਿਆ ਜਾਂਦਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਮਹਾਂਦੀਪ ਲਗਾਤਾਰ ਭਿਆਨਕ ਹੀਟਵੇਵ ਦਾ ਸਾਹਮਣਾ ਕਰ ਰਿਹਾ ਹੈ। ਇਸ ਸਾਲ ਵੀ ਜਰਮਨੀ, ਸਪੇਨ, ਫਰਾਂਸ, ਇਟਲੀ, ਪੁਰਤਗਾਲ ਅਤੇ ਗਰੀਸ ਸਮੇਤ ਕਈ ਦੇਸ਼ਾਂ ਵਿੱਚ ਤਾਪਮਾਨ 40 ਤੋਂ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਕਈ ਥਾਵਾਂ ‘ਤੇ ਸੜਕਾਂ ਪਿਘਲਣ ਲੱਗੀਆਂ ਹਨ, ਜੰਗਲਾਂ ਵਿੱਚ ਅੱਗ ਲੱਗ ਰਹੀ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਉਣਾ ਪਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਆਮ ਗਰਮੀ ਨਹੀਂ, ਸਗੋਂ ਵਾਤਾਵਰਨ ਤਬਦੀਲੀ ਦਾ ਸਿੱਧਾ ਅਸਰ ਹੈ। ਯੂਰਪ ਵਿੱਚ ਗਰਮੀ ਵੱਧ ਖ਼ਤਰਨਾਕ ਇਸ ਲਈ ਸਾਬਤ ਹੁੰਦੀ ਹੈ ਕਿਉਂਕਿ ਉੱਥੇ ਦੇ ਲੋਕ ਅਤੇ ਬੁਨਿਆਦੀ ਢਾਂਚਾ ਇੰਨੇ ਉੱਚੇ ਤਾਪਮਾਨ ਲਈ ਤਿਆਰ ਨਹੀਂ ਹਨ। ਕਈ ਖੇਤਰਾਂ ਵਿੱਚ ਤਾਪਮਾਨ 40 ਤੋਂ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸੜਕ ਦੀ ਕਾਲੀ ਸਤਹਿ ਸੂਰਜ ਦੀ ਗਰਮੀ ਸੋਖ ਲੈਂਦੀ ਹੈ, ਜਿਸ ਨਾਲ ਉਸ ਦਾ ਤਾਪਮਾਨ ਹਵਾ ਨਾਲੋਂ 15 ਤੋਂ 20 ਡਿਗਰੀ ਵੱਧ ਹੋ ਸਕਦਾ ਹੈ। ਇਸ ਤਰ੍ਹਾਂ ਸੜਕ ਦੀ ਸਤਹਿ 60 ਤੋਂ 70 ਡਿਗਰੀ ਸੈਲਸੀਅਸ ਤੱਕ ਗਰਮ ਹੋ ਜਾਂਦੀ ਹੈ। ਜ਼ਿਆਦਾਤਰ ਸੜਕਾਂ ਡਾਮਰ ਨਾਲ ਬਣੀਆਂ ਹੁੰਦੀਆਂ ਹਨ। ਬਹੁਤ ਜ਼ਿਆਦਾ ਗਰਮੀ ਵਿੱਚ ਡਾਮਰ ਆਪਣੀ ਮਜ਼ਬੂਤੀ ਗੁਆ ਕੇ ਨਰਮ ਹੋ ਜਾਂਦਾ ਹੈ। ਇਸ ਉੱਤੇ ਲੰਘਣ ਵਾਲੇ ਭਾਰੀ ਵਾਹਨਾਂ ਦਾ ਦਬਾਅ ਸੜਕ ਨੂੰ ਉਖਾੜ ਦਿੰਦਾ ਹੈ ਜਿਸ ਨਾਲ ਸੜਕ ਪਿਘਲੀ ਹੋਈ ਦਿਖਾਈ ਦਿੰਦੀ ਹੈ।

 

RELATED ARTICLES
POPULAR POSTS