
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਜਲੋਨ ਐਨਰਜੀ ਦੇ ਸ਼ੇਅਰ ਅੱਜ ਵੀਰਵਾਰ ਨੂੰ ਨਿਵੇਸ਼ਕਾਂ ਦੇ ਖਾਸ ਧਿਆਨ ਵਿਚ ਰਹੇ। ਇਸਦਾ ਮੁੱਖ ਕਾਰਨ ਕੰਪਨੀ ਨੂੰ ਮਿਲਿਆ ਇੱਕ ਵੱਡਾ ਆਰਡਰ ਹੈ। ਕੰਪਨੀ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਹੈ ਕਿ ਉਸ ਨੂੰ ‘ਟਾਟਾ ਪਾਵਰ ਰੇਨੇਵੇਬਲ ਐਨਰਜੀ ਵੱਲੋਂ 400 ਮੈਗਾਵਾਟ ਦੇ ਪਵਨ ਊਰਜਾ ਪ੍ਰੋਜੈਕਟ ਲਈ ‘ਨਵਾਂ ਇੰਜੀਨੀਅਰਿੰਗ, ਪ੍ਰੋਕਿਊਰਮੈਂਟ ਅਤੇ ਕਨਸਟਰਕਸ਼ਨ’ ਕੰਟਰੈਕਟ ਪ੍ਰਾਪਤ ਹੋਇਆ ਹੈ। ਇਸ ਵੱਡੇ ਆਰਡਰ ਦੀ ਖਬਰ ਤੋਂ ਬਾਅਦ ਸੁਜਲੋਨ ਐਨਰਜੀ ਦੇ ਸ਼ੇਅਰਾਂ ਵਿੱਚ ਚੰਗੀ ਹਲਚਲ ਦੇਖਣ ਨੂੰ ਮਿਲੀ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਵਿੱਚ ਉਤਾਰ-ਚੜ੍ਹਾਅ ਵੀ ਜਾਰੀ ਰਿਹਾ। ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਇਹ ਆਰਡਰ ਕੰਪਨੀ ਦੇ ਨਵੀਨੀਕਰਨਯੋਗ ਊਰਜਾ ਖੇਤਰ ਵਿੱਚ ਵਧਦੇ ਦਬਦਬੇ ਨੂੰ ਦਰਸਾਉਂਦਾ ਹੈ। ਇਸਦੇ ਨਾਲ ਹੀ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਵੱਲੋਂ ਵੀ ਸੁਜਲੋਨ ਐਨਰਜੀ ਦੇ ਸ਼ੇਅਰਾਂ ਵਿੱਚ ਜ਼ੋਰਦਾਰ ਖਰੀਦਦਾਰੀ ਕੀਤੀ ਗਈ ਹੈ, ਜਿਸ ਨਾਲ ਨਿਵੇਸ਼ਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਨਵਾਂ ਪ੍ਰੋਜੈਕਟ ਕੰਪਨੀ ਦੀ ਭਵਿੱਖੀ ਆਮਦਨ ਅਤੇ ਕਾਰੋਬਾਰੀ ਵਿਕਾਸ ਲਈ ਮਹੱਤਵਪੂਰਨ ਸਾਬਤ ਹੋ ਸਕਦਾ ਹੈ।

